ਰੂੜੇਕੇ ਕਲਾਂ, 13 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ | ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੰਸਥਾ ਦੇ ਵਿਦਿਆਰਥੀਆਂ ਦੇ ਚਾਰਟ, ਭਾਸ਼ਣ, ਕਵਿਤਾ ਤੇ ਲੇਖ ਮੁਕਾਬਲੇ ਕਰਵਾਏ ਗਏ | ਸੰਸਥਾ ਦੇ ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਪੁਸ਼ਾਕਾਂ ਪਹਿਨ ਕੇ ਚਰਖੇ ਨਾਲ ਤਿੰ੍ਰਜਣ, ਛੱਜ ਛੰਡਣਾਂ, ਕਣਕ ਦੀ ਵਾਢੀ ਸ਼ੁਰੂ ਕਰਨ ਲਈ ਪੰਜਾਬ ਦੀ ਕਿਸਾਨੀ ਸਬੰਧਿਤ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਕੋਰੋਗ੍ਰਾਫੀਆਂ ਪੇਸ਼ ਕੀਤੀਆਂ ਗਈਆਂ | ਸੰਸਥਾ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਇਸ ਤਿਉਹਾਰ ਨਾਲ ਜੁੜੇ ਪੁਰਾਤਨ ਪਹਿਰਾਵੇ ਕੁੜਤੇ ਚਾਦਰੇ ਫਰਲੇ ਵਾਲੀਆਂ ਪੱਗਾਂ, ਕੁੜਤਾ ਪਜਾਮਾ, ਪੰਜਾਬੀ ਸੂਟ, ਫੁਲਕਾਰੀਆਂ ਅਤੇ ਪੁਰਾਤਨ ਗਹਿਣੇ ਪਹਿਨ ਕੇ ਫੈਂਸੀ ਡਰੈੱਸ ਮੁਕਾਬਲਿਆਂ ਵਿਚ ਭਾਗ ਲਿਆ | ਵਿਸਾਖੀ ਦੇ ਤਿਉਹਾਰ ਨਾਲ ਸਬੰਧਿਤ ਸੰਸਥਾ ਦੇ ਵਿਦਿਆਰਥੀਆਂ ਵਲੋਂ ਕੋਰੋਗ੍ਰਾਫੀਆਂ ਗਿੱਧਾ ਭੰਗੜਾ ਪੇਸ਼ ਕੀਤਾ ਗਿਆ | ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮਿ੍ਤ ਛਕਾ ਕੇ ਸਿੱਖ ਕੌਮ ਨੂੰ ਖ਼ਾਲਸੇ ਦਾ ਰੂਪ ਦਿੱਤਾ | ਅੰਮਿ੍ਤਸਰ ਸਾਹਿਬ ਵਿਖੇ ਜਲਿਆਂ ਵਾਲੇ ਬਾਗ਼ ਵਿਚ ਸ਼ਾਂਤੀ ਪੂਰਵਕ ਪ੍ਰਦਰਸ਼ਨ ਕਰਦੇ ਬੇਕਸੂਰ ਲੋਕਾਂ ਨੂੰ ਅੰਗਰੇਜ਼ ਅਫ਼ਸਰ ਵਲੋਂ ਗੋਲੀਆਂ ਚਲਾ ਕੇ ਸ਼ਹੀਦ ਕੀਤਾ | ਇਸ ਮੌਕੇ ਸੰਸਥਾ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |