ਤਪਾ ਮੰਡੀ, 13 ਅਪ੍ਰੈਲ (ਪ੍ਰਵੀਨ ਗਰਗ)-ਪੰਜਾਬ ਨੈਸ਼ਨਲ ਬੈਂਕ ਤਪਾ ਸ਼ਾਖਾ 'ਚ ਬੈਂਕ ਦਾ ਸਥਾਪਨਾ ਦਿਵਸ ਬੈਂਕ ਮੈਨੇਜਰ ਮੁਕੇਸ਼ ਖਟਿਕ ਦੀ ਨਿਗਰਾਨੀ ਹੇਠ ਮਨਾਇਆ ਗਿਆ | ਸਮਾਗਮ ਦੌਰਾਨ ਮੁਖੀ ਮੈਨੇਜਰ ਮੁਕੇਸ਼ ਖੱਟਿਕ ਨੇ ਆਪਣੇ ਸੰਬੋਧਨ ਵਿਚ ਬੈਂਕ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਬੈਂਕ ਹਮੇਸ਼ਾ ਗਾਹਕਾਂ ਨੂੰ ਵਧੀਆ ਅਤੇ ਭਰੋਸੇਯੋਗ ਸੇਵਾਵਾਂ ਦੇਣ ਲਈ ਵਚਨਬੱਧ ਰਿਹਾ ਹੈ | ਉਨ੍ਹਾਂ ਸਟਾਫ਼ ਨੂੰ ਅਪੀਲ ਕੀਤੀ ਕਿ ਗਾਹਕ ਸੇਵਾ ਨੂੰ ਹੋਰ ਬਿਹਤਰ ਬਣਾਉਣ ਲਈ ਮਿਲ-ਜੁਲ ਕੇ ਕੰਮ ਕੀਤਾ ਜਾਵੇ | ਇਸ ਮੌਕੇ ਇੱਕ ਗਾਹਕ ਨੇ ਆਪਣੇ ਬਿਆਨ ਵਿਚ ਕਿਹਾ ਕਿ ਬੈਂਕ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉੱਨੀ ਥੋੜ੍ਹੀ ਹੈ | ਉਨ੍ਹਾਂ ਬੈਂਕ ਪ੍ਰਬੰਧਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਲੋਕਾਂ ਵਿਚ ਵਿਸ਼ਵਾਸ ਵਧਾਉਂਦੇ ਹਨ | ਇਸ ਮੌਕੇ ਵਾਇਸ ਮੈਨੇਜਰ ਰੋਹਤਾਸ ਚੌਧਰੀ, ਧਰਮਪਾਲ, ਸੁਭਾਸ਼ ਕੁਮਾਰ, ਦੀਪ ਮਾਲਾ, ਜੋਗਿੰਦਰ ਕੌਰ ਅਤੇ ਲਵਪ੍ਰੀਤ ਕੌਰ ਸਮੇਤ ਸਾਰੇ ਕਰਮਚਾਰੀ ਹਾਜ਼ਰ ਸਨ | ਸਮਾਗਮ ਮੌਕੇ ਬੈਂਕ ਦੀ ਇਮਾਰਤ ਨੂੰ ਰੰਗ-ਬਰੰਗੇ ਗ਼ੁਬਾਰਿਆਂ, ਲੜੀਆਂ ਅਤੇ ਸਜਾਵਟੀ ਸਮਾਨ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨਾਲ ਪੂਰਾ ਮਾਹੌਲ ਤਿਉਹਾਰੀ ਰੰਗ ਵਿਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਸੀ |