ਬਰਨਾਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਅਨਾਜ ਮੰਡੀ ਬਰਨਾਲਾ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਮੀਤ ਹੇਅਰ ਨੇ ਜਿੱਥੇ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਉੱਥੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਅਤੇ ਚਾਰ ਏਜੰਸੀਆਂ ਪਨਸਪ, ਵੇਅਰਹਾਊਸ, ਮਾਰਕਫੈੱਡ, ਪਨਗ੍ਰੇਨ ਵਲੋਂ ਖ਼ਰੀਦ ਕੀਤੀ ਜਾਵੇਗੀ | ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਦਾਇਗੀ ਫ਼ਸਲ ਵੇਚਣ ਦੇ 24 ਘੰਟਿਆਂ ਦੇ ਅੰਦਰ ਸਿੱਧੀ ਖਾਤਿਆਂ ਵਿਚ ਕੀਤੀ ਜਾਵੇਗੀ | ਇਸ ਮੌਕੇ ਪਨਗ੍ਰੇਨ ਏਜੰਸੀ ਵਲੋਂ ਆੜ੍ਹਤੀ ਚਰਨ ਦਾਸ ਦੀ ਦੁਕਾਨ 'ਤੇ ਕਿਸਾਨ ਬਲਵਿੰਦਰ ਸਿੰਘ ਵਾਸੀ ਈਨਾ ਬਾਜਵਾ ਦੀ ਫ਼ਸਲ ਦੀ ਖ਼ਰੀਦ ਤੋਂ ਸ਼ੁਰੂਆਤ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 104 ਮੰਡੀਆਂ ਅਤੇ 45 ਆਰਜ਼ੀ ਖ਼ਰੀਦ ਕੇਂਦਰਾਂ 'ਤੇ ਕਣਕ ਦੀ ਖ਼ਰੀਦ ਕੀਤੀ ਜਾਵੇਗੀ | ਇਸ ਵਾਰ 4,69,000 ਮੀਟਿ੍ਕ ਟਨ ਫ਼ਸਲ ਆਉਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੀਣ ਵਾਲੇ ਪਾਣੀ, ਬਿਜਲੀ, ਛਾਂ, ਪਖਾਨਿਆਂ ਸਮੇਤ ਸਾਰੇ ਪ੍ਰਬੰਧ ਪੁਖ਼ਤਾ ਹੋਣ ਦੇ ਨਿਰਦੇਸ਼ ਦਿੱਤੇ ਹੋਏ ਹਨ ਤੇ ਕੋਈ ਵੀ ਲਾਪਰਵਾਹੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਦਿਨ ਖੁੱਲ੍ਹ ਗਏ ਹਨ ਅਤੇ ਮੌਸਮ ਦਾ ਮਿਜ਼ਾਜ ਠੀਕ ਹੈ ਜਿਸ ਕਰ ਕੇ ਸੁੱਕੀ ਕਣਕ ਹੀ ਮੰਡੀਆਂ ਵਿਚ ਲਿਆਂਦੀ ਜਾਵੇ ਤਾਂ ਜੋ ਫ਼ਸਲ ਦੀ ਵਿਕਰੀ ਨਾਲੋ-ਨਾਲ ਹੋ ਸਕੇ | ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ, ਸਕੱਤਰ ਮਾਰਕੀਟ ਕਮੇਟੀ ਬਰਨਾਲਾ ਜਸਮਨਪ੍ਰੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ ਤੋਂ ਇਲਾਵਾ ਆੜ੍ਹਤੀ, ਕਿਸਾਨ ਅਤੇ ਪਤਵੰਤੇ ਮੌਜੂਦ ਸਨ |