ਬਰਨਾਲਾ, 21 ਅਪ੍ਰੈਲ (ਅਸ਼ੋਕ ਭਾਰਤੀ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਬਰਨਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ਚ' ਏ.ਡੀ.ਸੀ. ਜਨਰਲ ਵਿਵੇਕ ਕੁਮਾਰ ਮੋਦੀ ਨੂੰ ਜਨਗਣਨਾ, ਗੈਰ-ਵਿੱਦਿਅਕ ਡਿਊਟੀਆਂ ਅਤੇ ਮਿਡਲ ਸਕੂਲਾਂ ਦੇ ਸਟਾਫ਼ ਨੂੰ ਡੈਪੂਟੇਸ਼ਨ 'ਤੇ ਭੇਜਣ ਸਬੰਧੀ ਕੀਤੇ ਆਰਡਰ ਰੱਦ ਕਰਵਾਉਣ ਲਈ ਮੰਗ ਪੱਤਰ ਤੇ ਸੁਝਾਅ ਦਿੱਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਵਿੱਦਿਅਕ ਸੈਸ਼ਨ ਸ਼ੁਰੂ ਹੁੰਦਿਆਂ ਹੀ ਗੈਰ-ਵਿੱਦਿਅਕ ਡਿਊਟੀਆਂ ਨੇ ਅਧਿਆਪਕਾਂ ਨੂੰ ਸਕੂਲਾਂ ਤੋਂ ਦੂਰ ਕਰ ਦਿੱਤਾ ਹੈ, ਜਿਸ ਕਾਰਨ ਜਿੱਥੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿੱਖਿਆ ਪ੍ਰਤੀ ਅਸਲ ਚਿਹਰਾ ਨੰਗਾ ਹੋਇਆ ਹੈ | ਉੱਥੇ ਹੀ ਸਕੂਲਾਂ 'ਚ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਵੀ ਪ੍ਰਭਾਵਿਤ ਹੋਏ ਹਨ, ਆਪਣਾ ਕੀਮਤੀ ਸਮਾਂ ਤੇ ਊਰਜਾ ਵਿਦਿਆਰਥੀਆਂ ਨੂੰ ਪੜਾਉਣ 'ਤੇ ਲਾਉਣ ਦੀ ਬਜਾਏ ਜ਼ਿਆਦਾਤਰ ਅਧਿਆਪਕ ਬੀ.ਐਲ.ਓ. ਡਿਊਟੀਆਂ 'ਚ ਐੱਸ.ਆਈ.ਆਰ 'ਚ ਆਪਣੀ ਸ਼ਕਤੀ ਤੇ ਸਮਾਂ ਲਾਉਣ ਲਈ ਮਜਬੂਰ ਹਨ | ਜਿਸ ਕਾਰਨ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜਾਈ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ | ਇਸ ਦੇ ਨਾਲ ਹੀ ਜਨਗਣਨਾ, ਡਰੱਗ ਸਰਵੇ ਦੇ ਸ਼ੁਰੂ ਹੋ ਰਹੇ ਕਾਰਜਾਂ ਨੇ ਰਹਿੰਦੇ ਅਧਿਆਪਕਾਂ ਨੂੰ ਵੀ ਸਕੂਲਾਂ ਤੋਂ ਬਾਹਰ ਕਰ ਦਿੱਤਾ ਹੈ | ਜਿਸ ਕਾਰਨ ਸਕੂਲਾਂ ਦਾ ਨਵਾਂ ਵਰ੍ਹਾ ਬੱਚਿਆਂ ਨੂੰ ਪੜਾਉਣ ਦੀ ਬਜਾਏ ਗੈਰ ਵਿੱਦਿਅਕ ਕੰਮਾਂ 'ਚ ਲੰਘਦਾ ਜਾਪਦਾ ਹੈ | ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਕੂਲਾਂ 'ਚ ਅਧਿਆਪਕ ਕੇਵਲ ਪੜਾਉਣ ਦਾ ਕੰਮ ਕਰਨਗੇ, ਓਨਾ ਤੋਂ ਕੋਈ ਵੀ ਗੈਰ-ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ, ਪਰ ਹੋ ਇਸ ਤੋਂ ਉਲਟ ਰਿਹਾ ਹੈ ਕਿ ਇਸ ਸਰਕਾਰ 'ਚ ਬੀ.ਐਲ.ਓ. ਡਿਊਟੀਆਂ ਤੋਂ ਇਲਾਵਾ, ਜਨਗਣਨਾ, ਡਰੱਗ ਸਰਵੇ ਤੇ ਨਵੇਂ ਮੈਡੀਕਲ ਕਾਰਡ ਬਣਾਉਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ | ਇਸ ਮੌਕੇ ਸੁਝਾਵਾਂ ਸਬੰਧੀ ਪੱਤਰ ਵੀ ਸੌਂਪਦਿਆਂ ਆਗੂਆਂ ਨੇ ਕਿਹਾ ਕਿ ਇਨ੍ਹਾਂ ਗੈਰ-ਵਿੱਦਿਅਕ ਡਿਊਟੀਆਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾ ਕੇ ਜਿੱਥੇ ਉਨ੍ਹਾਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਅਧਿਆਪਕ ਵੀ ਆਪਣੀ ਊਰਜਾ ਤੇ ਸਮਾਂ ਵਧੇਰੇ ਵਿਦਿਆਰਥੀਆਂ ਨੂੰ ਦੇ ਸਕਣਗੇ | ਇਸ ਮੌਕੇ ਮਿਡਲ ਸਕੂਲਾਂ ਦੇ ਅਧਿਆਪਕਾਂ ਦੇ ਡੈਪੂਟੇਸ਼ਨ ਕਰਨ ਸਬੰਧੀ ਵੀ ਆਗੂਆਂ ਨੇ ਵਿਰੋਧ ਦਰਜ ਕਰਵਾਉਂਦਿਆਂ ਜਾਰੀ ਕੀਤੇ ਪੱਤਰ ਨੂੰ ਰੱਦ ਕਰਨ ਤੇ ਮਿਡਲ ਸਕੂਲਾਂ ਚ ਵਿਸ਼ਾ ਵਾਰ ਅਧਿਆਪਕ ਭੇਜਣ ਦੀ ਮੰਗ ਕੀਤੀ | ਇਸ ਮੌਕੇ ਉਕਤ ਮੰਗਾਂ ਸਬੰਧੀ ਇਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ: ਸੁਨੀਤਇੰਦਰ ਸਿੰਘ ਰਾਹੀ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਰੱਦ ਕਰਨ ਸਬੰਧੀ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ ਗਿਆ | ਇਸ ਮੌਕੇ ਅੰਮਿ੍ਤਪਾਲ ਕੋਟਦੁੱਨਾ, ਰਮਨਦੀਪ ਸਿੰਗਲਾ, ਕੁਲਦੀਪ ਸੰਘੇੜਾ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ |