ਤਪਾ ਮੰਡੀ, 21 ਅਪ੍ਰੈਲ (ਪ੍ਰਵੀਨ ਗਰਗ)-ਇਲਾਕੇ ਅੰਦਰ ਹੁਣ ਗਰਮੀ ਦਾ ਕਹਿਰ ਆਪਣੇ ਪੈਰ ਪਸਾਰਨ ਲੱਗ ਗਿਆ ਹੈ | ਜਿਸ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ | ਗਰਮੀ ਕਾਰਨ ਦੁਪਹਿਰ ਸਮੇਂ ਸ਼ਹਿਰ ਦੀਆਂ ਸੜਕਾਂ, ਗਲੀਆਂ, ਮੁਹੱਲੇ ਅਤੇ ਬਾਜ਼ਾਰ ਇਸ ਕਦਰ ਦਿਖਾਈ ਦੇਣ ਲੱਗ ਪਏ ਹਨ | ਜਿਵੇਂ ਕਰਫ਼ਿਊ ਲੱਗਿਆ ਹੋਵੇ | ਜਦ ਪੱਤਰਕਾਰਾਂ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਗਰਮੀ ਦੇ ਵਧ ਰਹੇ ਪ੍ਰਭਾਵ ਕਾਰਨ ਉਨ੍ਹਾਂ ਨੂੰ ਦੁਪਹਿਰ ਦਾ ਸਮਾਂ ਦੁਕਾਨਾਂ 'ਤੇ ਵਿਹਲੇ ਰਹਿ ਕੇ ਹੀ ਕੱਢਣਾ ਪੈ ਰਿਹਾ ਹੈ ਕਿਉਂਕਿ ਗ੍ਰਾਹਕ ਵੀ ਹੁਣ ਦੁਪਹਿਰ ਸਮੇਂ ਬਾਜ਼ਾਰਾਂ 'ਚੋਂ ਕੰਨੀ ਕਤਰਾਉਣ ਲੱਗ ਪਿਆ ਹੈ ਅਤੇ ਮੁੱਖ ਮਾਰਗ 'ਤੇ ਵੀ ਆਵਾਜਾਈ ਬਹੁਤ ਹੀ ਘੱਟ ਦਿਖਾਈ ਦੇਣ ਲੱਗ ਪਈ ਹੈ | ਡਾਕਟਰਾਂ ਅਨੁਸਾਰ ਦੁਪਹਿਰ ਸਮੇਂ ਘਰ 'ਚ ਹੀ ਰਹਿਣਾ ਉਚਿੱਤ ਸਮਝਿਆ ਜਾਵੇ, ਜੋ ਕਿ ਸਮੇਂ ਦੀ ਲੋੜ ਹੈ, ਕਿਉਂਕਿ ਗਰਮੀ ਕਾਰਨ ਕਈ ਤਰ੍ਹਾਂ ਦੇ ਸਰੀਰਕ ਨੁਕਸਾਨ ਹੋਣ ਦੀ ਸੰਭਾਵਨਾ ਹੈ | ਤਪਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ | ਲੋਕ ਗਰਮੀ ਤੋਂ ਬਚਣ ਲਈ ਹੁਣ ਏ.ਸੀ. ਅਤੇ ਕੂਲਰਾਂ ਦੀ ਵਰਤੋਂ ਕਰਨ ਲੱਗ ਪਏ ਹਨ | ਇਸ ਸਮੇਂ ਪੈ ਰਹੀ ਗਰਮੀ ਨੂੰ ਦੇਖਦਿਆਂ ਡਾਕਟਰਾਂ ਵਲੋਂ ਵੀ ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਵੱਧ ਤੋਂ ਵੱਧ ਪਾਣੀ ਪੀਣ, ਜੂਸ, ਸ਼ਿਕੰਜਵੀ, ਓ.ਆਰ.ਐਸ ਦਾ ਘੋਲ ਪੀਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ |