ਬਰਨਾਲਾ, 27 ਅਪ੍ਰੈਲ (ਰਾਜ ਪਨੇਸਰ)-'ਆਪ' ਆਗੂਆਂ ਤੇ ਵਰਕਰਾਂ ਵਲੋਂ 7 ਰਾਜ ਸਭਾ ਮੈਂਬਰਾਂ ਨੂੰ ਗ਼ੱਦਾਰ ਕਹਿਣ ਵਾਲੇ ਇਹ ਦੱਸਣ ਕਿ ਉਨ੍ਹਾਂ ਨੂੰ ਰਾਜ ਸਭਾ ਭੇਜਣ ਸਮੇਂ ਗ਼ੱਦਾਰ ਨਜ਼ਰ ਨਹੀਂ ਆਏ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਕੀਤਾ ਤੇ ਕਿਹਾ ਕਿ 'ਆਪ' ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਹੋ ਕੇ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਛੱਡ ਦਿੱਤੀ | ਜਿਸ ਕਰ ਕੇ 'ਆਪ' ਦੇ ਆਗੂਆਂ, ਵਰਕਰਾਂ ਨੇ ਇਨ੍ਹਾਂ ਰਾਜ ਸਭਾ ਮੈਂਬਰਾਂ ਦੇ ਘਰਾਂ ਤੇ ਫ਼ੈਕਟਰੀਆਂ 'ਤੇ ਗ਼ੱਦਾਰ ਲਿਖ ਦਿੱਤਾ | ਜਿਸ ਨੂੰ ਲੈ ਕੇ ਪੂਰੇ ਪੰਜਾਬ ਵਿਚ 'ਆਪ' ਸਰਕਾਰ ਖ਼ਿਲਾਫ਼ ਰੋਸ ਅੱਗ ਵਾਂਗ ਫੈਲ ਗਿਆ ਹੈ | ਸ੍ਰੀ ਸ਼ਰਮਾ ਨੇ ਕਿਹਾ ਕਿ ਪਦਮ ਸ੍ਰੀ ਰਜਿੰਦਰ ਗੁਪਤਾ ਜਿਨ੍ਹਾਂ ਨੇ ਜ਼ਿਲ੍ਹਾ ਬਰਨਾਲਾ 'ਚ ਕਈ ਫ਼ੈਕਟਰੀਆਂ ਲਗਾ ਕੇ ਜਿੱਥੇ ਇਲਾਕੇ ਦਾ ਮਾਣ ਵਧਾਇਆ ਹੈ ਉੱਥੇ ਲੱਖਾਂ ਪਰਿਵਾਰਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੇ ਘਰਾਂ ਦਾ ਚੱੁਲ੍ਹਾ ਬਾਲਣ 'ਚ ਅਹਿਮ ਰੋਲ ਅਦਾ ਕੀਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ 4 ਸਾਲਾਂ ਤੋਂ ਪੰਜਾਬ ਦੀਆਂ ਬੀਬੀਆਂ ਨੂੰ ਇਕ ਹਜ਼ਾਰ-ਇਕ ਹਜ਼ਾਰ ਰੁਪਏ ਦੇਣ ਦਾ ਝੂਠਾ ਵਾਅਦਾ ਕੀਤਾ ਸੀ | ਜ਼ਿਲ੍ਹਾ ਕਾਂਗਰਸ ਵਲੋਂ ਸ਼ਾਂਤਮਈ ਬਰਨਾਲਾ ਅੰਦਰ ਪ੍ਰਦਰਸ਼ਨ ਕੀਤਾ ਗਿਆ ਸੀ | ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਨੇ 20 ਦੇ ਕਰੀਬ ਕਾਂਗਰਸੀਆਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਸੀ | ਅਸੀਂ ਪੰਜਾਬ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ 'ਆਪ' ਆਗੂਆਂ 'ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ | ਜਿਹੜਾ ਲੀਡਰ ਇਨ੍ਹਾਂ ਦੀ ਪਾਰਟੀ 'ਚ ਆ ਜਾਵੇ ਉਹ ਪਾਕਿ-ਸਾਫ਼ ਹੈ, ਜੇ ਪਾਰਟੀ ਛੱਡ ਗਿਆ ਤਾਂ ਉਹ ਗ਼ੱਦਾਰ ਹੈ |