ਮਹਿਲ ਕਲਾਂ, 5 ਮਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪਿੰਡ ਕਲਾਲ ਮਾਜਰਾ ਵਿਖੇ ਪੰਚਾਇਤ ਵਿਭਾਗ ਵਲੋਂ ਪ੍ਰਬੰਧਕ ਲਗਾਏ ਜਾਣ ਤੋਂ ਬਾਅਦ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਮੌਜੂਦਾ ਸਰਪੰਚ ਜਗਜੀਵਨ ਸਿੰਘ ਨੇ ਵਿਭਾਗ ਦੇ ਇਸ ਫ਼ੈਸਲੇ ਵਿਰੁੱਧ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਇਸ ਮੌਕੇ ਉਨ੍ਹਾਂ ਦੇ ਨਾਲ ਪੰਚਾਇਤ ਮੈਂਬਰ ਗੁਰਚਰਨ ਸਿੰਘ ਵੀ ਮੌਜੂਦ ਹਨ | ਸਰਪੰਚ ਜਗਜੀਵਨ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਦਾ ਕੋਰਮ ਪੂਰਾ ਹੋਣ ਦੇ ਬਾਵਜੂਦ ਵਿਭਾਗ ਵਲੋਂ ਜਬਰੀ ਪ੍ਰਬੰਧਕ ਨਿਯੁਕਤ ਕਰਨਾ ਸਰਾਸਰ ਧੱਕੇਸ਼ਾਹੀ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਈ ਲਾਲੋ ਮੰਚ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਅਤੇ ਕਾਂਗਰਸੀ ਆਗੂ ਜਸਵੀਰ ਸਿੰਘ ਖੇੜੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪੰਚਾਇਤ ਵਿਭਾਗ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਹਰਜੀਤ ਸਿੰਘ ਖ਼ਿਆਲੀ ਨੇ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰਦਿਆਂ ਇੱਕ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਭਰਪੂਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਫ਼ਿਰੋਜ਼ ਖ਼ਾਨ ਪੰਚ, ਜਗਤਾਰ ਸਿੰਘ, ਸੁਖਦੀਪ ਸਿੰਘ ਗਿੱਲ, ਸੁਖਵੀਰ ਸਿੰਘ, ਮਨਜਿੰਦਰ ਸਿੰਘ ਹਨੀ, ਬਹਾਦਰ ਸਿੰਘ ਧਾਲੀਵਾਲ, ਨਾਹਰ ਸਿੰਘ, ਜਸਪ੍ਰੀਤ ਸਿੰਘ ਗਿੱਲ, ਏਕਮ ਸਿੰਘ ਧਾਲੀਵਾਲ, ਜਗਤਾਰ ਸਿੰਘ ਅਤੇ ਗੁਰਮੁਖ ਸਿੰਘ ਕਲਾਲ ਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ | ਕਮੇਟੀ ਨੇ ਮੰਗ ਕੀਤੀ ਹੈ ਕਿ ਸਰਪੰਚ ਜਗਜੀਵਨ ਸਿੰਘ ਦੇ ਅਧਿਕਾਰ ਤੁਰੰਤ ਬਹਾਲ ਕੀਤੇ ਜਾਣ, ਪ੍ਰਬੰਧਕ ਦੀ ਨਿਯੁਕਤੀ ਰੱਦ ਕੀਤੀ ਜਾਵੇ ਅਤੇ ਪ੍ਰਸ਼ਾਸਨ ਲਿਖਤੀ ਰੂਪ ਵਿਚ ਭਰੋਸਾ ਦੇਵੇ ਕਿ ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਸਰਪੰਚ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ | ਦੂਜੇ ਪਾਸੇ ਪਿੰਡ ਦੇ ਦੂਜੇ ਧੜੇ ਦੇ ਪੰਚਾਂ ਅਤੇ ਨਿਵਾਸੀਆਂ ਜਿਨ੍ਹਾਂ ਵਿਚ ਪੰਚ ਆਸ਼ਾ ਰਾਣੀ, ਪੰਚ ਭਾਵਨਾ, ਪੰਚ ਪਵਨਦੀਪ ਕੌਰ, ਪੰਚ ਸਰਬਜੀਤ ਕੌਰ, ਪੰਚ ਜਗਤਾਰ ਸਿੰਘ ਮਾਹੀ, ਜੋਧਾ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ ਆਦਿ ਨੇ ਸਰਪੰਚ ਵਿਰੁੱਧ ਨਾਅਰੇਬਾਜ਼ੀ ਕੀਤੀ | ਇਨ੍ਹਾਂ ਆਗੂਆਂ ਨੇ ਸਰਪੰਚ 'ਤੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਸਰਪੰਚ ਵਲੋਂ ਟੈਂਕੀ 'ਤੇ ਚੜ੍ਹ ਕੇ ਪ੍ਰਸ਼ਾਸਨ ਨੂੰ ਡਰਾਵੇ ਦਿੱਤੇ ਜਾ ਰਹੇ ਹਨ | ਇਨ੍ਹਾਂ ਮੈਂਬਰਾਂ ਨੇ ਪ੍ਰਬੰਧਕ ਦੀ ਨਿਯੁਕਤੀ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਪੰਚ ਨੂੰ ਕੋਈ ਇਤਰਾਜ਼ ਹੈ ਤਾਂ ਉਹ ਕਾਨੂੰਨੀ ਰਸਤਾ ਅਖ਼ਤਿਆਰ ਕਰੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਦਬਾਅ ਹੇਠ ਆ ਕੇ ਪ੍ਰਬੰਧਕ ਦੀ ਨਿਯੁਕਤੀ ਰੱਦ ਕੀਤੀ ਤਾਂ ਉਹ ਪੰਜੇ ਪੰਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ | ਖ਼ਬਰ ਲਿਖੇ ਜਾਣ ਤੱਕ ਸਰਪੰਚ ਆਪਣੇ ਸਾਥੀ ਸਮੇਤ ਟੈਂਕੀ 'ਤੇ ਡਟੇ ਹੋਏ ਸਨ | ਇਸ ਮੌਕੇ 'ਤੇ ਐੱਸ.ਐੱਚ.ਓ. ਕੁਲਵਿੰਦਰ ਸਿੰਘ ਧਾਲੀਵਾਲ ਅਤੇ ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਆਦਿ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ | ਇਸ ਸਬੰਧੀ ਬੀ.ਡੀ.ਪੀ.ਓ. ਭੂਸ਼ਨ ਕੁਮਾਰ ਨੇ ਦੱਸਿਆ ਕਿ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਅਤੇ ਜਲਦ ਹੀ ਕੋਈ ਹੱਲ ਕੱਢ ਲਿਆ ਜਾਵੇਗਾ |