ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ) - ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿੳਾੂਸੀਪਲ ਮੁਲਜ਼ਮਾਂ ਐਕਸ਼ਨ ਕਮੇਟੀ ਵਲੋਂ ਆਪਣੀ ਮੰਗਾਂ ਨੂੰ ਲੈ ਕੇ 6 ਮਈ ਤੋਂ ਕੰਮ ਛੋੜ ਹੜਤਾਲ ਦੇ ਚਲਦਿਆਂ ਇਹ ਹੜਤਾਲ ਸੰਗਰੂਰ 'ਚ ਅੱਠਵੇਂ ਦਿਨ 'ਚ ਸ਼ਾਮਿਲ ਹੋ ਗਈ ਹੈ | ਜਿਸ ਦੇ ਚੱਲਦਿਆਂ ਸੰਗਰੂਰ 'ਚ ਥਾਂ-ਥਾਂ ਗੰਦਗੀ ਦੇ ਵੱਡੇ ਢੇਰ ਲੱਗੇ ਹੋਏ ਸਨ ਅਤੇ ਅਤਿ ਦੇ ਗਰਮੀ ਦੇ ਚਲਦਿਆਂ ਇਹ ਗੰਦਗੀ ਸੰਭਾਵੀ ਮਹਾਂਮਾਰੀ ਨੂੰ ਆਪ ਮੁਹਾਰੇ ਸੱਦਾ ਦੇ ਰਹੀ ਹੈ | ਨਾਥਾ ਰਾਮ ਮੀਤ ਪ੍ਰਧਾਨ ਪੰਜਾਬ, ਭਰਤ ਬੇਦੀ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਭਲਕੇ 13 ਮਈ ਨੂੰ ਸ਼ਹਿਰ 'ਚ ਸਫ਼ਾਈ ਸੇਵਕਾਂ ਵਲੋਂ ਰੋਸ ਮਾਰਚ ਕੱਢਿਆ ਜਾਵੇਗਾ | ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦਫ਼ਤਰ 'ਚ ਰੋਸ ਰੈਲੀ ਕਰਦਿਆਂ ਕਿਹਾ ਕਿ ਸਰਕਾਰ ਠੇਕਾ ਪ੍ਰਣਾਲੀ ਸਮਾਪਤ ਕਰ ਕੇ ਆਊਟ ਸੋਰਸ, ਕੱਚੇ ਕਾਮਿਆਂ ਨੂੰ ਵਿਭਾਗ 'ਚ ਰੈਗੂਲਰ ਕਰੇ, ਬਰਾਬਰ ਕੰਮ, ਬਰਾਬਰ ਤਨਖ਼ਾਹ, 2004 ਤੋਂ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਨ ਦੀ ਮੰਗ ਕੀਤੀ | ਆਗੂਆਂ ਅਨੁਸਾਰ ਹੜਤਾਲ ਸਬੰਧੀ ਦੋ ਮਹੀਨੇ ਪਹਿਲਾਂ ਹੀ ਜਾਣੂ ਕਰਵਾਇਆ ਗਿਆ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਸੰਬੰਧੀ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ | ਇੱਥੋਂ ਤੱਕ ਕਿ ਵਾਰ-ਵਾਰ ਮੀਟਿੰਗਾਂ ਨਿਰਧਾਰਿਤ ਕਰ ਕੇ ਸਰਕਾਰ ਮੀਟਿੰਗਾਂ ਤੋਂ ਭੱਜਦੀ ਰਹੀ ਹੈ | ਇਸ ਮੌਕੇ ਅਜੇ ਕੁਮਾਰ, ਰਾਜੇਸ਼ ਕੁਮਾਰ, ਊਸ਼ਾ ਰਾਣੀ, ਸੁਰੇਸ਼ ਕੁਮਾਰ, ਗੁਰਪ੍ਰੀਤ ਸਿੰਘ, ਸੰਜੀਵ ਸਾਹਨੀ, ਅਮਰੀਕ ਸਿੰਘ, ਜਸਮੇਲ ਸਿੰਘ, ਅਸ਼ੋਕ ਕੁਮਾਰ, ਅਮਰੀਕ ਸਿੰਘ ਕੰਪਿਊਟਰ ਆਪਰੇਟਰ, ਸ੍ਰੀਮਤੀ ਗਾਇਤਰੀ, ਸੁਰੇਸ਼ ਕੁਮਾਰ ਕੈਸ਼ੀਅਰ, ਰਾਮ ਕੁਮਾਰ ਦਫ਼ਤਰ ਸੈਕਟਰੀ, ਬਾਲ ਕਿ੍ਸ਼ਨ ਚੌਹਾਨ (ਸੇਵਾ ਮੁਕਤ ਮੁਲਾਜ਼ਮ ਯੂਨੀਅਨ) ਆਜ਼ਾਦ ਰਾਮ, ਅਮਿਤ ਕੁਮਾਰ ਜ਼ਿਲ੍ਹਾ ਪੈੱ੍ਰਸ ਸਕੱਤਰ ਮੌਜੂਦ ਸਨ |