ਸੰਗਰੂਰ, 12 ਮਈ (ਦਮਨਜੀਤ ਸਿੰਘ, ਧੀਰਜ ਪਸ਼ੌਰੀਆ)- ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸੱਦੇ ਤਹਿਤ ਪੰਜਾਬ ਭਰ 'ਚ ਕੋਆਪਰੇਟਿਵ ਬੈਂਕਾਂ ਅੱਗੇ ਤਹਿਸੀਲ ਤੇ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਸੀ | ਇਸੇ ਕੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਕੋਆਪਰੇਟਿਵ ਬੈਂਕ ਦੇ ਹੈੱਡ ਆਫ਼ਿਸ ਸੰਗਰੂਰ ਅੱਗੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਧਰਨੇ 'ਚ ਸ਼ਮੂਲੀਅਤ ਕੀਤੀ | ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਵਧਾਏ ਗਏ ਖੇਤੀ ਹੱਦ ਕਰਜ਼ਿਆਂ ਮੁਤਾਬਕ ਲੋੜੀਂਦੀ ਖਾਦ ਸਮੱਗਰੀ ਸਮੇਤ ਨਕਦ ਰਾਸ਼ੀ ਤੁਰੰਤ ਜਾਰੀ ਕਰ ਕੇ ਕਿਸਾਨ ਦੀ ਆਰਥਿਕ ਮਦਦ ਯਕੀਨੀ ਬਣਾਵੇ ਕਿਉਂਕਿ ਲਾਗਤ ਵਸਤਾਂ, ਲੇਬਰ ਅਤੇ ਮਿਸ਼ਨਰੀ ਵਗ਼ੈਰਾ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਹੋ ਚੁੱਕੇ ਹਨ | ਜਿਸ ਕਾਰਨ ਵਧਾਏ ਗਏ ਹੱਦ ਕਰਜ਼ਿਆਂ ਨੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਰਾਹਤ ਦਿੱਤੀ ਹੈ | ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਬਲਜੀਤ ਕੌਰ ਕਿਲਾਭਰੀਆਂ, ਰਾਜ ਸਿੰਘ ਥੇੜੀ, ਅਮਰ ਲੌਂਗੋਵਾਲ, ਜਸਵੀਰ ਸਿੰਘ ਮੈਦੇਵਾਸ, ਹੈਪੀ ਨਮੋਲ, ਸੁਖਦੇਵ ਸ਼ਰਮਾ, ਸੰਤ ਰਾਮ ਛਾਜਲੀ, ਸੁਖਵਿੰਦਰ ਪੇਧਨੀ, ਹਰਦੇਵ ਕੁਲਾਰ, ਕਰਮਜੀਤ ਕੌਰ ਭਿੰਡਰਾਂ, ਬਲਾਕ ਆਗੂ ਮੱਖਣ ਪਾਪੜਾ, ਮਿੱਠੂ ਸਿੰਘ ਤੁੰਗਾਂ, ਅਮਨਦੀਪ ਮੰਡਵੀ, ਜੱਗਰ ਸ਼ਾਹਪੁਰ, ਬਲਵਿੰਦਰ ਲੱਖੇਵਾਲ, ਗੋਬਿੰਦਰ ਮੰਗਵਾਲ, ਸ਼ਿੰਦਰ ਬਡਰੁੱਖਾਂ ਆਦਿ ਮੌਜੂਦ ਸਨ |