ਤਪਾ ਮੰਡੀ, 13 ਮਈ (ਪ੍ਰਵੀਨ ਗਰਗ)-ਲਗਭਗ ਪਿਛਲੇ ਕਰੀਬ ਇਕ ਹਫ਼ਤੇ ਤੋਂ ਨਗਰ ਕੌਂਸਲ ਤਪਾ ਦੇ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਹੋਣ ਕਰ ਕੇ ਤਪਾ ਸ਼ਹਿਰ ਅੰਦਰ ਜਗ੍ਹਾ-ਜਗ੍ਹਾ 'ਤੇ ਕੂੜੇ ਦੇ ਢੇਰ ਲੱਗੇ ਹੋਣ ਕਰ ਕੇ ਸ਼ਹਿਰ ਵਾਸੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਤਾਂ ਕਰ ਹੀ ਰਹੇ ਹਨ, ਉੱਥੇ ਕਈ ਦਿਨਾਂ ਤੋਂ ਇਕੱਠੇ ਹੋਏ ਕੂੜੇ ਦੇ ਢੇਰਾਂ ਨਾਲ ਗੰਦਗੀ 'ਤੇ ਬਦਬੂ ਫੈਲ ਰਹੀ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਪਰ 'ਆਪ' ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਇ ਹੱਥ 'ਤੇ ਹੱਥ ਧਰ ਕੇ ਬੈਠੀ ਹੈ, ਤੇ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਹੰਢਾਉਣ ਲਈ ਮਜਬੂਰ ਹੋਏ ਪਏ ਹਨ | ਜਦਕਿ ਪੰਜਾਬ ਚੋਣ ਕਮਿਸ਼ਨ ਵਲੋਂ ਨਗਰ ਕੌਂਸਲ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਪ੍ਰੰਤੂ ਇਨ੍ਹਾਂ ਚੋਣਾਂ ਮੌਕੇ ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਸੱਤਾਧਿਰ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ | ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਅਜੇ ਤੱਕ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਨਜ਼ਰ ਆ ਰਹੀ ਤੇ ਜੇਕਰ ਇਹੀ ਹਾਲ ਰਿਹਾ ਤਾਂ ਤਪਾ ਸ਼ਹਿਰ ਕੂੜੇ ਦੇ ਢੇਰ ਤੇ ਬੈਠਾ ਨਜ਼ਰ ਆਵੇ ਤੇ ਸਥਿਤੀ ਗੰਭੀਰ ਤੇ ਹੋਰ ਵਿਕਰਾਲ ਰੂਪ ਧਾਰ ਲਵੇਗੀ | ਸਰਕਾਰ ਨੂੰ ਚਾਹੀਦਾ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰੇ ਤਾਂ ਕਿ ਸ਼ਹਿਰ ਵਾਸੀ ਕੂੜੇ ਦੇ ਢੇਰਾਂ ਤੋਂ ਨਿਜਾਤ ਪਾ ਸਕਣ ਤੇ ਜੇਕਰ ਸਰਕਾਰ ਇਸ ਦਾ ਫ਼ੌਰੀ ਹੱਲ ਨਹੀਂ ਕਰਦੀ ਤਾਂ 26 ਮਈ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਤੇ ਇਸ ਦਾ ਮਾਰੂ ਅਸਰ ਵੇਖਣ ਨੂੰ ਮਿਲੇਗਾ ਤੇ ਵੱਡੀ ਪੱਧਰ ਤੇ ਚੋਣ ਲੜ ਰਹੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ |