ਤਪਾ ਮੰਡੀ, 13 ਮਈ (ਵਿਜੇ ਸ਼ਰਮਾ)-ਇਲਾਕੇ ਦਾ ਸਭ ਤੋਂ ਵੱਡਾ ਆਟੋਮੈਟਿਕ ਟਿੰਕੂ ਪੋਲਟਰੀ ਫਾਰਮ ਜੋ ਕਿ ਤਪਾ-ਆਲੀਕੇ ਰੋਡ 'ਤੇ ਸਥਿਤ ਹੈ, ਜਿਸ 'ਚ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਦੇ ਪ੍ਰੋਫੈਸਰ ਸੰਦੀਪ ਕਾਸਵਾ ਦੀ ਅਗਵਾਈ 'ਚ 22 ਦੇ ਕਰੀਬ ਵਿਦਿਆਰਥੀਆਂ ਨੇ ਮਾਡਰਨ ਫਾਰਮ ਦਾ ਦੌਰਾ ਕਰ ਕੇ ਕਾਫੀ ਜਾਣਕਾਰੀ ਹਾਸਲ ਕੀਤੀ | ਇਸ ਸਬੰਧੀ ਟਿੰਕੂ ਪੋਲਟਰੀ ਫਾਰਮ ਦੇ ਰਘਵੀਰ ਚੰਦ ਅਗਰਵਾਲ ਅਤੇ ਖੁਆਇਸ਼ ਗਰਗ (ਟਿੰਕੂ) ਵਲੋਂ ਪੋਲਟਰੀ ਫਾਰਮ ਦਾ ਦੌਰਾ ਕਰਵਾ ਕੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ | ਵੈਟਰਨਰੀ ਕਾਲਜ ਦੇ ਪ੍ਰੋਫੈਸਰ ਸੰਦੀਪ ਕਾਸਵਾ ਨੇ ਦੱਸਿਆ ਕਿ ਇਲਾਕੇ ਦਾ ਸਭ ਤੋਂ ਵੱਡਾ ਆਟੋਮੈਟਿਕ ਟਿੰਕੂ ਪੋਲਟਰੀ ਫਾਰਮ 'ਚ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਮਿਲੀ ਕਿਉਂਕਿ ਡੇਢ ਲੱਖ ਤੋਂ ਵੱਧ ਮੁਰਗ਼ੀਆਂ ਵਾਲੇ ਫਾਰਮ ਵਿਚ ਆ ਕੇ ਵਿਦਿਆਰਥੀ ਟੈਕਨੀਕਲ ਜਾਣਕਾਰੀ ਪ੍ਰਾਪਤ ਕਰ ਕੇ ਬਹੁਤ ਹੀ ਖ਼ੁਸ਼ ਅਤੇ ਉਤਸ਼ਾਹਿਤ ਹੋਏ | ਵੈਟਰਨਰੀ ਸਾਇੰਸ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਵਲੋਂ ਟਿੰਕੂ ਪੋਲਟਰੀ ਫਾਰਮ ਦੇ ਰਘਵੀਰ ਚੰਦ ਅਗਰਵਾਲ ਦਾ ਧੰਨਵਾਦ ਕੀਤਾ ਗਿਆ | ਜ਼ਿਕਰਯੋਗ ਹੈ ਕਿ ਟਿੰਕੂ ਪੋਲਟਰੀ ਫਾਰਮ ਦੇ ਰਘਵੀਰ ਚੰਦ ਅਗਰਵਾਲ ਨੂੰ ਸ਼੍ਰੋਮਣੀ ਅਕਾਲੀ ਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲੁਧਿਆਣਾ ਵਿਖੇ ਇਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸ ਮੌਕੇ ਸੌਰਵ ਕੁਮਾਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ |