14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

-ਮਾਮਲਾ ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦਾ- ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 20-05-2026
ਬਰਨਾਲਾ, 19 ਮਈ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਅਤੇ ਆਜ਼ਾਦ ਉਮੀਦਵਾਰ ਸਵੀਟੀ ਸਮੇਤ ਕਈ ਹੋਰ ਵਾਰਡਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਵਲੋਂ ਰੱਦ ਕਰਨ ਦੇ ਵਿਰੋਧ ਵਿਚ ਜਿੱਥੇ ਅੱਜ ਵਿਰੋਧੀ ਰਾਜਨੀਤਕ ਪਾਰਟੀਆਂ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੋਰ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਉੱਥੇ ਦੁਪਹਿਰ ਸਮੇਂ ਅਗਰਵਾਲ ਧਰਮਸ਼ਾਲਾ ਬਰਨਾਲਾ ਵਿਖੇ ਮੀਟਿੰਗ ਕਰ ਕੇ ਮਿਤੀ 20 ਮਈ ਨੂੰ ਬਰਨਾਲਾ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਗਿਆ | ਸਵੇਰ ਸਮੇਂ ਵਿਰੋਧੀ ਰਾਜਨੀਤਕ ਪਾਰਟੀਆਂ ਵਲੋਂ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਗਾਏ ਗਏ ਧਰਨੇ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਚੱਕਾ ਜਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਵਿਚ ਮੌਜੂਦ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ | ਇਸ ਦੌਰਾਨ ਪੁਲਿਸ ਵਲੋਂ ਕੁੱਝ ਵਿਅਕਤੀਆਂ ਨੂੰ ਚੁੱਕ ਕੇ ਗੱਡੀਆਂ ਵਿਚ ਬਿਠਾ ਕੇ ਥਾਣੇ ਲਿਜਾਇਆ ਗਿਆ | ਜਿਸ ਤੋਂ ਬਾਅਦ ਆਗੂਆਂ ਵਲੋਂ ਕਚਹਿਰੀ ਚੌਂਕ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਦੁਪਹਿਰੇ 2 ਵਜੇ ਅਗਰਵਾਲ ਸਭਾ ਵਿਖੇ ਮੀਟਿੰਗ ਦਾ ਸੱਦਾ ਦਿੱਤਾ ਗਿਆ | ਮੀਟਿੰਗ ਵਿਚ ਪਹੁੰਚੇ ਸਾਬਕਾ ਕੇਂਦਰੀ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੈ ਸਾਂਪਲਾ, ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਬਜਰੰਗ ਦਲ ਦੇ ਆਗੂ ਨੀਲਮਣੀ ਸਮਾਧੀਆਂ, ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਕੈਪਟਨ ਭੁਪਿੰਦਰ ਸਿੰਘ ਝਲੂਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਸ਼ਹਿ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਗ਼ਲਤ ਢੰਗ ਨਾਲ ਵਿਰੋਧੀ ਰਾਜਨੀਤਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸ਼ਰੇ੍ਹਆਮ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਆਪਣੀ ਹਾਰ ਦੇ ਡਰੋਂ ਵਿਰੋਧੀ ਉਮੀਦਵਾਰਾਂ ਦੇ ਧੱਕੇ ਨਾਲ ਕਾਗ਼ਜ਼ ਰੱਦ ਕਰਵਾਏ ਜਾ ਰਹੇ ਹਨ | ਸ੍ਰੀ ਵਿਜੈ ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤਾ ਜਾ ਰਿਹਾ ਜ਼ੁਲਮ ਹੁਣ ਸਿਖਰ 'ਤੇ ਪਹੁੰਚ ਗਿਆ ਹੈ ਪਰ ਜੋ ਬਰਨਾਲਾ ਵਾਸੀਆਂ ਨੇ ਜ਼ੁਲਮ ਖ਼ਿਲਾਫ਼ ਲੜਨ ਦਾ ਅਹਿਦ ਲਿਆ ਹੈ, ਨਾਲ ਆਮ ਆਦਮੀ ਪਾਰਟੀ ਦੇ ਜ਼ੁਲਮ ਦੇ ਅੰਤ ਦੀ ਬਰਨਾਲਾ ਤੋਂ ਅੱਜ ਸ਼ੁਰੂਆਤ ਹੋ ਗਈ ਹੈ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪ੍ਰੇਮ ਪ੍ਰੀਤਮ ਜਿੰਦਲ, ਦਰਸ਼ਨ ਸਿੰਘ ਨੈਣੇਵਾਲ, ਗੁਰਸ਼ਰਨ ਸਿੰਘ ਠੀਕਰੀਵਾਲਾ, ਐਡਵੋਕੇਟ ਚੰਦਰ ਬਾਂਸਲ, ਜੋਗਿੰਦਰ ਪਾਲ ਟਿੰਕੂ, ਸੰਜੀਵ ਸ਼ਰਮਾ ਹਰੀਓਮ, ਮੋਨੂੰ ਗੋਇਲ, ਮਨੀਸ਼ ਬਾਂਸਲ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲੱਕੀ ਪੱਖੋ, ਮਹੇਸ਼ ਕੁਮਾਰ ਲੋਟਾ, ਪਰਮਜੀਤ ਸਿੰਘ ਪੱਖੋ, ਭਗਵਾਨ ਦਾਸ ਬਾਂਸਲ, ਸ਼ਸ਼ੀ ਬਾਂਸਲ, ਰਾਜੀਵ ਬਾਂਸਲ, ਸੰਜੀਵ ਰਿੰਕੂ, ਵਰੁਣ ਬੱਤਾ, ਸੁਰੇਸ਼ ਕੁਮਾਰ ਲਾਡੀ, ਓਪਿੰਦਰ ਸਰਪੰਚ, ਰਣਵੀਰ ਭੂਸ਼ਨ ਡਾਬਰ ਵਾਲੇ, ਮੋਹਿਤ ਕੁਮਾਰ, ਗੁਰਸੇਵਕ ਸਿੰਘ ਮੰਗਾ, ਮਨਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |
ਸ਼ਰੇ੍ਹਆਮ ਉੱਡ ਰਹੀਆਂ ਚੋਣ ਜ਼ਾਬਤੇ ਦੀਆਂ ਧੱਜੀਆਂ, ਅਧਿਕਾਰੀ ਚੁੱਪ-ਗੁਰਦੀਪ ਸਿੰਘ ਬਾਠ
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਕੀਤੀਆਂ ਰਹੀਆਂ ਧੱਕੇਸ਼ਾਹੀ ਖ਼ਿਲਾਫ਼ ਖੁੱਲ੍ਹੇ ਕੇ ਆਵਾਜ਼ ਬੁਲੰਦ ਕੀਤੀ, ਉੱਥੇ ਉਨ੍ਹਾਂ ਨਗਰ ਨਿਗਮ ਚੋਣਾਂ ਦੌਰਾਨ ਸੱਤਾਧਾਰੀ ਧਿਰ ਵਲੋਂ ਸ਼ਰੇ੍ਹਆਮ ਚੋਣ ਜ਼ਾਬਤੇ ਦੀਆਂ ਉਡਾਈਆਂ ਧੱਜੀਆਂ ਬਾਰੇ ਵੀ ਚੋਣ ਕਮਿਸ਼ਨ ਸਾਹਮਣੇ ਸਵਾਲ ਖੜ੍ਹੇ ਕੀਤੇ | ਸ: ਬਾਠ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਚੋਣ ਪ੍ਰਚਾਰ ਦੌਰਾਨ ਸਰਕਾਰੀ ਮਸ਼ੀਨਰੀ ਭਾਵ ਸਰਕਾਰੀ ਗੱਡੀਆਂ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਪਰ ਬਰਨਾਲਾ ਪ੍ਰਸ਼ਾਸਨ ਦੇ ਅਧਿਕਾਰੀ ਬਿਲਕੁਲ ਚੁੱਪ ਹਨ | ਅਧਿਕਾਰੀਆਂ ਨੂੰ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀਆਂ ਸਰਗਰਮੀਆਂ ਤਾਂ ਚੋਣ ਜ਼ਾਬਤੇ ਦੀ ਉਲੰਘਣਾ ਲੱਗ ਰਹੀਆਂ ਪਰ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਉਲੰਘਣਾ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ -ਮਾਮਲਾ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਜਗ੍ਹਾ 'ਚੋਂ ਹਰੇ ਭਰੇ ਰੁੱਖ ਪੁੱਟਣ ਦਾ- ਐਨ.ਜੀ.ਟੀ.ਦੀ ਰਿਪੋਰਟ ਅਨੁਸਾਰ ਦੋਸ਼ਾ...
Ad Position 24