ਸ਼ਹਿਣਾ, 20 ਮਈ (ਸੁਰੇਸ਼ ਗੋਗੀ)-ਸ਼ਹਿਣਾ ਦੇ ਉੱਘੇ ਕਿਸਾਨ ਸਵ: ਮਹਿੰਦਰ ਸਿੰਘ ਸਰਾਂ ਦੀ ਯਾਦ 'ਚ ਉਨ੍ਹਾਂ ਦੇ ਪੱੁਤਰ ਗੁਰਮੀਤ ਸਿੰਘ ਸਰਾਂ ਤੇ ਪੋਤਰੇ ਗੁਨਿੰਦਰ ਸਿੰਘ ਗਿੰਨੀ ਸਰਾਂ ਵਲੋਂ ਮਿ੍ਤਕ ਸਰੀਰ ਸ਼ਮਸ਼ਾਨਘਾਟ ਲੈ ਕੇ ਜਾਣ ਲਈ ਆਧੁਨਿਕ ਢੰਗ ਨਾਲ ਤਿਆਰ ਕੀਤੀ ਟਰਾਲੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਸੌਂਪੀ | ਇਸ ਮੌਕੇ ਦਰਸ਼ਨ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼ਹਿਣਾ ਪਿੰਡ ਵੱਡਾ ਹੋਣ ਕਾਰਨ ਪਿੰਡ ਦੇ ਸ਼ਮਸ਼ਾਨਘਾਟ ਆਬਾਦੀ ਤੋਂ ਦੂਰ ਪੈਂਦੇ ਹਨ | ਜਿਸ ਲਈ ਗਰਮੀ ਅਤੇ ਮੀਂਹ ਦੇ ਮੌਸਮ ਵਿਚ ਮਿ੍ਤਕ ਸਰੀਰ ਸ਼ਮਸ਼ਾਨਘਾਟ ਲਿਜਾਣ ਲਈ ਬਹੁਤ ਸਮੱਸਿਆ ਆਉਂਦੀ ਸੀ | ਮਹਿੰਦਰ ਸਿੰਘ ਸਰਾਂ ਦੇ ਪਰਿਵਾਰ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਇਹ ਚੰਗਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ 2 ਲੱਖ ਦੀ ਲਾਗਤ ਨਾਲ ਬਣੀ ਆਧੁਨਿਕ ਟਰਾਲੀ ਟਰੈਕਟਰ ਦੇ ਪਿੱਛੇ ਪਾ ਕੇ ਮਿ੍ਤਕ ਸਰੀਰ ਨੂੰ ਸੌਖੇ ਢੰਗ ਨਾਲ ਸ਼ਮਸ਼ਾਨਘਾਟ ਲਿਜਾਇਆ ਜਾ ਸਕੇਗਾ | ਇਸ ਮੌਕੇ ਸਰਪੰਚ ਨਾਜਮ ਸਿੰਘ ਫ਼ੌਜੀ, ਗੁਰਦੀਪ ਸਿੰਘ, ਗੁਰਜੀਤ ਸਿੰਘ ਸਰਕਲ ਪ੍ਰਧਾਨ, ਨਗਿੰਦਰ ਸਿੰਘ ਖ਼ਾਲਸਾ ਮੁੱਖ ਸੇਵਾਦਾਰ, ਮਾ. ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਮਨੀ ਗਿੱਲ ਆੜ੍ਹਤੀਆ, ਸੁਖਦੇਵ ਸਿੰਘ ਝੋਰੜ, ਡਾ. ਨਛੱਤਰ ਸਿੰਘ, ਰਘੁਵੀਰ ਸਿੰਘ ਸਰੰਦੀ, ਮਲਕੀਤ ਸਿੰਘ ਜਟਾਣਾ, ਮੱਘਰ ਸਿੰਘ ਖ਼ਾਲਸਾ, ਜੋਗਿੰਦਰ ਸਿੰਘ ਪੰਚ ਤੇ ਹੋਰ ਆਗੂ ਵੀ ਹਾਜ਼ਰ ਸਨ |