ਬਰਨਾਲਾ, 20 ਮਈ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਅਤੇ ਆਜ਼ਾਦ ਉਮੀਦਵਾਰ ਸਵੀਟੀ ਦੇ ਚੋਣ ਅਧਿਕਾਰੀ ਵਲੋਂ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਵਿਰੋਧ 'ਚ ਅੱਜ ਭਾਜਪਾ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਵਪਾਰ ਮੰਡਲ ਵਲੋਂ ਦਿੱਤੇ ਗਏ ਬਰਨਾਲਾ ਬੰਦ ਦੇ ਸੱਦੇ ਨੂੰ ਵਧੀਆ ਹੁੰਗਾਰਾ ਮਿਲਿਆ | ਜਿਸ ਦੇ ਚਲਦਿਆਂ ਸ਼ਹਿਰ ਦੇ ਸਦਰ ਬਾਜ਼ਾਰ ਸਮੇਤ ਹੋਰਾਂ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਦੁਪਹਿਰ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ | ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵਪਾਰੀਆਂ ਵਲੋਂ ਆਮ ਆਦਮੀ ਪਾਰਟੀ ਸਰਕਾਰ ਅਤੇ ਬਰਨਾਲਾ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੇਲਵੇ ਸਟੇਸ਼ਨ ਦੇ ਨਜ਼ਦੀਕ ਧਰਨਾ ਦਿੱਤਾ ਗਿਆ ਅਤੇ ਸ਼ਹਿਰ ਦੇ ਤਿੰਨੋਂ ਪ੍ਰਮੁੱਖ ਬਾਜ਼ਾਰਾਂ ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ ਅਤੇ ਹੰਡਿਆਇਆ ਬਾਜ਼ਾਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨੇ ਦੌਰਾਨ ਸੰਬੋਧਨ ਕਰਦਿਆਂ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਬਜਰੰਗ ਦਲ ਦੇ ਆਗੂ ਨੀਲਮਣੀ ਸਮਾਧੀਆ, ਭਾਜਪਾ ਆਗੂ ਪ੍ਰੇਮ ਪ੍ਰੀਤਮ ਜਿੰਦਲ, ਜੋਗਿੰਦਰਪਾਲ ਟਿੰਕੂ ਆਦਿ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਜੋ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਦੇ ਨਾਮਜ਼ਦਗੀ ਪੱਤਰ ਉਸ ਵਲੋਂ ਰਿਹਾਇਸ਼ੀ ਮਕਾਨ ਦਾ ਰੈਂਪ ਗਲੀ ਵਿਚ ਬਣਾ ਕੇ ਕੀਤੀ ਗਈ ਇੰਨਕਰੋਚਮੈਂਟ ਨੂੰ ਆਧਾਰ ਬਣਾ ਕੇ ਰੱਦ ਕੀਤੇ ਗਏ ਹਨ, ਜੋ ਕਿ ਬਿਲਕੁਲ ਨਿਅਧਾਰ ਇਤਰਾਜ਼ ਹੈ ਕਿਉਂਕਿ ਸ਼ਹਿਰ ਵਿਚ ਤਕਰੀਬਨ ਸਾਰੇ ਹੀ ਘਰਾਂ ਅੱਗੇ ਰੈਂਪ ਬਣੇ ਹੋਏ ਹਨ | ਇਸ ਲਈ ਸਬੰਧਿਤ ਚੋਣ ਅਧਿਕਾਰੀ ਵਲੋਂ ਸੱਤਾਧਾਰੀ ਧਿਰ ਦੇ ਸ਼ਹਿ 'ਤੇ ਗ਼ਲਤ ਰਿਪੋਰਟ ਬਣਾ ਕੇ ਭਾਜਪਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ | ਉਕਤ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ 'ਚ ਇਨ੍ਹਾਂ ਡਰ ਗਈ ਹੈ ਕਿ ਪਹਿਲਾਂ ਤਾਂ ਸ਼ਹਿਰ ਦੀ ਵਾਰਡਬੰਦੀ ਤੇ ਵੋਟਰ ਸੂਚੀਆਂ ਗ਼ਲਤ ਢੰਗ ਨਾਲ ਬਣਾਈਆਂ ਗਈਆਂ ਹਨ ਅਤੇ ਹੁਣ ਧੱਕੇਸ਼ਾਹੀ ਨਾਲ ਵਿਰੋਧੀ ਉਮੀਦਵਾਰਾਂ ਦੀ ਕਾਗ਼ਜ਼ ਰੱਦ ਕਰਵਾਏ ਜਾ ਰਹੇ ਹਨ ਜੋ ਕਿ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ, ਜਥੇਦਾਰ ਸੁਖਵੰਤ ਸਿੰਘ ਧਨੌਲਾ, ਗੁਰਦਰਸ਼ਨ ਸਿੰਘ ਬਰਾੜ, ਸੁਭਾਸ਼ ਮੱਕੜਾ, ਧਰਮ ਸਿੰਘ ਫ਼ੌਜੀ, ਗੁਰਸ਼ਰਨ ਸਿੰਘ ਠੀਕਰੀਵਾਲਾ, ਮੋਨੂੰ ਗੋਇਲ, ਸੰਜੀਵ ਸ਼ਰਮਾ ਹਰੀਓਮ, ਮਨੀਸ਼ ਬਾਂਸਲ, ਸ਼ਿਵ ਚੰਦ ਸਿੰਗਲਾ, ਕਾਂਗਰਸੀ ਆਗੂ ਕੈਪਟਨ ਭੁਪਿੰਦਰ ਸਿੰਘ ਝਲੂਰ, ਬਿੱਟੂ ਸ਼ਰਮਾ, ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਕੁਮਾਰ ਗਰਗ, ਓਪਿੰਦਰ ਸਰਪੰਚ, ਮੋਹਿਤ ਕੁਮਾਰ, ਭਗਵਾਨ ਦਾਸ ਬਾਂਸਲ, ਕੁਲਦੀਪ ਸਹੌਰੀਆ, ਪੇ੍ਰਮ ਕੁਮਾਰ, ਕੇਵਲ ਮੱਕੜਾ, ਸ਼ਨੀ ਅਰੋੜਾ, ਵਿਕਾਸ, ਸ਼ੈਲੀ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਪਾਰੀ ਹਾਜ਼ਰ ਸਨ |