ਬਰਨਾਲਾ, 20 ਮਈ (ਅਸ਼ੋਕ ਭਾਰਤੀ)- ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਫ਼ਿਰਕੂ ਫਾਸ਼ੀ ਹੱਲੇ ਦਾ ਟਾਕਰਾ ਕਰਨ ਲਈ ਲੋਕ ਸੰਘਰਸ਼ਾਂ ਨੂੰ ਵਿਸ਼ਾਲ ਤੇ ਤੇਜ਼ ਕਰਨ ਅਤੇ ਇਨ੍ਹਾਂ ਨੂੰ ਇਨਕਲਾਬੀ ਦਿਸ਼ਾ 'ਚ ਅੱਗੇ ਵਧਾਉਣ ਦਾ ਸੱਦਾ ਦੇਣ ਲਈ ਬਰਨਾਲਾ ਵਿਖੇ 30 ਮਈ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾਈ ਕਨਵੈੱਨਸ਼ਨ ਕੀਤੀ ਜਾਵੇਗੀ | ਇਸ ਸਬੰਧੀ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀ ਸਾਂਝੀ ਮੀਟਿੰਗ ਹੋਈ | ਮੀਟਿੰਗ ਦੌਰਾਨ ਜਗਮੇਲ ਸਿੰਘ ਅਤੇ ਨਰਾਇਣ ਦੱਤ ਨੇ ਕਿਹਾ ਕਿ ਮੋਦੀ ਹਕੂਮਤ ਫ਼ਿਰਕੂ ਫਾਸ਼ੀ ਕਦਮਾਂ ਦੀ ਓਟ 'ਚ ਲੁਟੇਰੀਆਂ ਸਾਮਰਾਜੀ ਨੀਤੀਆਂ ਦੇ ਹੱਲੇ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ | ਹੁਣ ਅਮਰੀਕਾ ਈਰਾਨ ਜੰਗ ਦੀ ਆੜ ਹੇਠ ਮਹਿੰਗਾਈ ਦੇ ਵਾਧੇ ਰਾਹੀਂ ਲੋਕਾਂ 'ਤੇ ਹੋਰ ਭਾਰ ਪਾਉਣ ਦੇ ਕਦਮ ਲਏ ਜਾ ਰਹੇ ਹਨ | ਅਮਰੀਕੀ ਸਾਮਰਾਜੀਆਂ ਦੀ ਚਾਕਰੀ ਕਰ ਰਹੀ ਮੋਦੀ ਸਰਕਾਰ ਨੇ ਮੁਲਕ ਦੀਆਂ ਲੋੜਾਂ ਨੂੰ ਤੱਜ ਕੇ ਅਮਰੀਕੀ ਸੇਵਾਦਾਰੀ ਦੀ ਨੁਮਾਇਸ਼ ਲਾਉਂਦਿਆਂ ਮੁਲਕ ਨੂੰ ਨਵੇਂ ਊਰਜਾ ਸੰਕਟ ਦੇ ਮੂੰਹ 'ਤੇ ਲਿਆ ਖੜ੍ਹਾ ਕੀਤਾ ਹੈ | ਕੋਰੋਨਾ ਦੌਰ ਵਾਂਗ ਇਸ ਸੰਕਟ ਦੀ ਆੜ ਹੇਠ ਹੁਣ ਵਿਦੇਸ਼ੀ ਬਹੁਕੌਮੀ ਕੰਪਨੀਆਂ ਤੇ ਭਾਰਤੀ ਵੱਡੇ ਸਰਮਾਏਦਾਰਾਂ ਦੇ ਮੁਨਾਫ਼ੇ ਯਕੀਨੀ ਕਰਨ ਲਈ ਨਵੇਂ ਤੋਂ ਨਵੇਂ ਕਦਮ ਆ ਰਹੇ ਹਨ | ਭਾਰਤੀ ਮੰਡੀ ਨੂੰ ਲੁਟੇਰੀਆਂ ਅਮਰੀਕੀ ਕੰਪਨੀਆਂ ਮੂਹਰੇ ਪਰੋਸ ਦੇਣ ਲਈ ਲੋਕਾਂ ਦੇ ਵਿਰੋਧ ਦੇ ਬਾਵਜੂਦ ਅਮਰੀਕਾ ਨਾਲ ਵਪਾਰ ਸਮਝੌਤਾ ਸਿਰੇ ਚਾੜਿ੍ਹਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਵੀ ਇਨ੍ਹਾਂ ਹੀ ਨੀਤੀਆਂ ਨੂੰ ਲਾਗੂ ਕਰਨ ਲਈ ਲੋਕਾਂ ਦੀ ਜੁਬਾਨਬੰਦੀ ਕਰਨ 'ਤੇ ਸੰਘਰਸ਼ਾਂ ਨੂੰ ਕੁਚਲਣ ਲਈ ਜਾਬਰ ਕਦਮਾਂ ਦਾ ਸਹਾਰਾ ਲੈ ਰਹੀ ਹੈ | ਇਹ ਸਰਕਾਰ ਵੀ ਮੁਲਕ ਦੀਆਂ ਹੋਰਨਾਂ ਹਾਕਮ ਜਮਾਤੀ ਪਾਰਟੀਆਂ ਵਾਂਗ ਆਰਥਿਕ ਸੁਧਾਰਾਂ ਦੇ ਸਾਮਰਾਜੀ ਹੱਲੇ ਦੀ ਵਾਹਕ ਬਣੀ ਹੋਈ ਹੈ | ਪੰਜਾਬ ਅੰਦਰ ਆ ਰਹੀਆਂ ਚੋਣਾਂ ਦਰਮਿਆਨ ਸਾਰੀਆਂ ਵੋਟ ਪਾਰਟੀਆਂ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਰੋਲ ਕੇ ਭਰਮਾਊ ਤੇ ਪਾਟਕਪਾਊ ਮੁੱਦੇ ਅੱਗੇ ਲਿਆਉਣ ਤੇ ਲੋਕਾਂ ਦੀ ਜਮਾਤੀ ਤੇ ਤਬਕਾਤੀ ਏਕਤਾ ਤੇ ਪਾਟਕ ਪਾਉਣ ਦੇ ਆਹਰ ਲੱਗੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਮਰਾਜੀ ਆਰਥਿਕ ਤੇ ਫ਼ਿਰਕੂ ਫਾਸ਼ੀ ਧਾਵੇ ਦੇ ਜੜੁੱਤ ਹੱਲੇ ਖ਼ਿਲਾਫ਼ ਡਟਣ ਦੀ ਲੋੜ ਹੈ | ਇਸ ਮੌਕੇ ਸੁਖਵਿੰਦਰ ਸਿੰਘ ਬਠਿੰਡਾ, ਜਗਜੀਤ ਲਹਿਰਾ ਅਤੇ ਸੁਖਵਿੰਦਰ ਠੀਕਰੀਵਾਲਾ ਆਦਿ ਹਾਜ਼ਰ ਸਨ |