ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਸਿਮਰਨਜੀਤ ਸਿੰਘ ਮਾਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਥਕ ਏਕਤਾ 'ਤੇ ਵੱਡਾ ਜ਼ੋਰ ਦਿੱਤਾ ਹੈ | ਪਿੰਡ ਨਿਹਾਲੂਵਾਲ ਵਿਖੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ. ਮਾਨ ਨੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਥਕ ਏਕਤਾ ਦੀ ਪੂਰੀ ਹਾਮੀ ਹੈ ਅਤੇ ਇਸ ਸਬੰਧੀ ਵੱਖ-ਵੱਖ ਸਿੱਖ ਧਿਰਾਂ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਦੌਰਾਨ 'ਵਾਰਿਸ ਪੰਜਾਬ ਦੇ', ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਵੀ ਹੋਰ ਪੰਥਕ ਧਿਰ ਨਾਲ ਸਹਿਮਤੀ ਬਣਨ 'ਤੇ ਚੋਣ ਸਮਝੌਤਾ ਹੋ ਸਕਦਾ ਹੈ | ਸ: ਮਾਨ ਨੇ ਸਾਰੀਆਂ ਪੰਥਕ ਧਿਰਾਂ ਨੂੰ ਆਪਣੇ ਨਿੱਜੀ ਸਵਾਰਥ ਤਿਆਗ ਕੇ ਇੱਕ ਸਾਂਝੇ ਪਲੇਟਫ਼ਾਰਮ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ, ਤਾਂ ਜੋ ਏਕੇ ਦੇ ਬਲਬੂਤੇ ਵਿਧਾਨ ਸਭਾ ਚੋਣਾਂ ਵਿਚੋਂ ਹਾਂ-ਪੱਖੀ ਅਤੇ ਚੰਗੇ ਸਿੱਟੇ ਕੱਢੇ ਜਾ ਸਕਣ | ਇਸੇ ਦੌਰਾਨ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਬਾਰੇ ਬੋਲਦਿਆਂ ਸ: ਮਾਨ ਨੇ ਕਿਹਾ ਕਿ ਅਜਿਹਾ ਸੰਵੇਦਨਸ਼ੀਲ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਘੱਟੋ-ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ | ਉਨ੍ਹਾਂ ਮੰਗ ਕੀਤੀ ਕਿ ਐਸ.ਜੀ.ਪੀ.ਸੀ. ਵਲੋਂ ਜਿਹੜੀਆਂ ਸੋਧਾਂ ਦੀ ਮੰਗ ਕੀਤੀ ਜਾ ਰਹੀ ਹੈ, ਪੰਜਾਬ ਸਰਕਾਰ ਉਨ੍ਹਾਂ ਨੂੰ ਤੁਰੰਤ ਲਾਗੂ ਕਰੇ | ਹਾਲਾਂਕਿ, ਉਨ੍ਹਾਂ ਇਸ ਐਕਟ ਵਿਚ ਗ੍ਰੰਥੀ ਸਿੰਘਾਂ ਨੂੰ ਕਸਟੋਡੀਅਨ ਦੇ ਦਾਇਰੇ ਵਿਚ ਰੱਖਣ ਅਤੇ ਬੇਅਦਬੀ ਦੀ ਸੂਰਤ ਵਿਚ ਉਨ੍ਹਾਂ ਵਿਰੁੱਧ ਕਾਰਵਾਈ ਹੋਣ ਦੇ ਪ੍ਰਬੰਧ ਨੂੰ ਜਾਇਜ਼ ਠਹਿਰਾਇਆ | ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕੇਂਦਰ ਵਲੋਂ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਮਸਲਿਆਂ ਵਿਚ ਸਿੱਧਾ ਦਖ਼ਲ ਦਿੱਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਉਪਰੰਤ ਸ: ਮਾਨ ਪਿਛਲੇ ਦਿਨੀਂ ਕੁੱਟਮਾਰ ਦਾ ਸ਼ਿਕਾਰ ਹੋਏ ਪਾਰਟੀ ਦੇ ਆਗੂ ਜਗਦੇਵ ਸਿੰਘ ਨਿਹਾਲੂਵਾਲ ਦਾ ਹਾਲ-ਚਾਲ ਜਾਨਣ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਪੁੱਜੇ | ਉਨ੍ਹਾਂ ਦੋਸ਼ ਲਾਇਆ ਕਿ ਇੱਥੋਂ ਦੇ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਮਾਸੀ ਦੇ ਲੜਕੇ ਵਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਪੀੜਤ ਪਰਿਵਾਰ ਨੂੰ ਹਰ ਹਾਲਤ ਵਿਚ ਇਨਸਾਫ਼ ਦਿਵਾਇਆ ਜਾਵੇਗਾ | ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਭਾਈ ਗੁਰਜੰਟ ਸਿੰਘ ਕੱਟੂ, ਮਲਕੀਤ ਸਿੰਘ ਮਹਿਲ ਖੁਰਦ, ਜਥੇ: ਬਲਦੇਵ ਸਿੰਘ ਸਿੰਘ ਗੰਗੋਹਰ, ਮਹਿੰਦਰ ਸਿੰਘ ਸਹਿਜੜਾ, ਜੀਤ ਸਿੰਘ ਮਾਂਗੇਵਾਲ, ਕੁਲਦੀਪ ਸਿੰਘ ਨਿਹਾਲੂਵਾਲ, ਨਾਇਬ ਸਿੰਘ, ਸੁਖਵਿੰਦਰ ਸਿੰਘ ਭੋਲਾ, ਜਥੇ: ਮੁਖ਼ਤਿਆਰ ਸਿੰਘ ਛਾਪਾ, ਭਾਈ ਸੁਖਵਿੰਦਰ ਸਿੰਘ ਪੱਪੂ, ਪਿ੍ਥੀ ਸਿੰਘ ਦਿਉਲ, ਜਗਤਾਰ ਸਿੰਘ ਸਹਿਜੜਾ, ਗੁਰਪ੍ਰੀਤ ਸ਼ਰਮਾ ਨਿਹਾਲੂਵਾਲ, ਮਨਦੀਪ ਸਿੰਘ ਅਤੇ ਜਗਦੀਸ਼ ਕੁਮਾਰ ਆਦਿ ਹਾਜ਼ਰ ਸਨ |