ਬਰਨਾਲਾ, 30 ਮਈ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਬਰਨਾਲਾ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ 'ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਥੇ ਬਰਨਾਲਾ ਵਾਸੀਆਂ ਦਾ ਧੰਨਵਾਦ ਕੀਤਾ, ਉੱਥੇ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਖ਼ਿਲਾਫ਼ ਗੁੰਮਰਾਹਕੁੰਨ ਪ੍ਰਚਾਰ ਕਰਨ 'ਤੇ ਵਿਰੋਧੀ ਧਿਰਾਂ ਨੂੰ ਆੜੇ ਹੱਥੀਂ ਲਿਆ | ਸਥਾਨਕ ਬਰਨਾਲਾ ਕਲੱਬ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਬਰਨਾਲਾ ਦੇ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ ਜਦਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਤਾਂ ਚੋਣਾਂ ਲੜਨ ਲਈ ਸਾਰੇ ਵਾਰਡਾਂ ਵਿਚੋਂ ਉਮੀਦਵਾਰ ਹੀ ਨਹੀਂ ਮਿਲੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ 'ਆਪ' ਨੇ 36 ਵਾਰਡਾਂ ਵਿਚ ਜਿੱਤ ਹਾਸਲ ਕਰ ਕੇ ਅੱਜ ਤੱਕ ਦਾ ਸਭ ਤੋਂ ਵੱਡਾ ਬਹੁਮਤ ਹਾਸਲ ਕੀਤਾ ਹੈ | ਪਾਰਟੀ ਨੂੰ 46.73 ਫ਼ੀਸਦੀ ਵੋਟ ਮਿਲੇ ਹਨ ਜਦਕਿ ਕਾਂਗਰਸ ਨੂੰ 16.2 ਫ਼ੀਸਦੀ, ਭਾਜਪਾ ਨੂੰ 12.48 ਅਤੇ ਅਕਾਲੀ ਦਲ ਨੂੰ 11.27 ਫ਼ੀਸਦੀ ਵੋਟ ਮਿਲੇ ਹਨ | ਮੀਤ ਹੇਅਰ ਨੇ ਕਿਹਾ ਕਿ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਵੋਟਾਂ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਧੱਕੇਸ਼ਾਹੀ ਦੇ ਝੂਠੇ ਇਲਜ਼ਾਮ ਲਗਾ ਕੇ ਬਰਨਾਲਾ ਵਾਸੀਆਂ ਨੂੰ ਗੁਮਰਾਹ ਕੀਤਾ ਗਿਆ | ਜੇਕਰ ਕਿਤੇ ਧੱਕੇਸ਼ਾਹੀ ਹੋਈ ਹੁੰਦੀ ਤਾਂ ਚੋਣ ਕਮਿਸ਼ਨ ਵਲੋਂ ਹਰ ਥਾਂ 'ਤੇ ਵੀਡਿਓਗ੍ਰਾਫ਼ੀ ਕਰਵਾਈ ਗਈ ਹੈ | ਇਸ ਲਈ ਚੋਣ ਕਮਿਸ਼ਨ ਤੋਂ ਵੀਡੀਓਗ੍ਰਾਫ਼ੀ ਹਾਸਲ ਕਰ ਕੇ ਕਾਰਵਾਈ ਕੀਤੀ ਜਾ ਸਕਦੀ ਸੀ | ਉਨ੍ਹਾਂ ਕਿਹਾ ਕਿ ਬਰਨਾਲਾ ਵਾਸੀਆਂ ਨੇ 'ਆਪ' ਸਰਕਾਰ ਵਲੋਂ ਕੀਤੇ ਗਏ ਵੱਡੀ ਪੱਧਰ 'ਤੇ ਵਿਕਾਸ ਕਾਰਜਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਉੱਪਰ ਮੋਹਰ ਲਗਾ ਕੇ ਆਮ ਆਦਮੀ ਪਾਰਟੀ ਨੂੰ ਜਿੱਤ ਦਾ ਫ਼ਤਵਾ ਦਿੱਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸੀ, ਜਿਸ ਨੂੰ 'ਆਪ' ਨੇ ਵੱਡੀ ਬਹੁਮਤ ਨਾਲ ਜਿੱਤਿਆ ਹੈ ਅਤੇ ਹੁਣ 2027 ਵਿਚ ਆਮ ਆਦਮੀ ਪਾਰਟੀ ਮੁੜ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਕੇ ਪੰਜਾਬ ਵਿਚ ਸਰਕਾਰ ਬਣਾਵੇਗੀ | ਨਗਰ ਨਿਗਮ ਬਰਨਾਲਾ ਦਾ ਮੇਅਰ ਬਣਾਉਣ ਸਬੰਧੀ ਪੁੱਛੇ ਜਾਣ 'ਤੇ ਮੀਤ ਹੇਅਰ ਨੇ ਕਿਹਾ ਕਿ ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਮੇਅਰ ਦੀ ਚੋਣ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਪਰਮਜੀਤ ਸਿੰਘ ਢਿੱਲੋਂ, ਗੁਰਜੀਤ ਸਿੰਘ ਰਾਮਣਵਾਸੀਆ, ਹਸਨਪ੍ਰੀਤ ਭਾਰਦਵਾਜ, ਰਾਜੀਵ ਗੁਪਤਾ ਲੂਬੀ, ਬੀਬੀ ਸੁਖਜੀਤ ਕੌਰ ਸੁੱਖੀ, ਕੁਲਦੀਪ ਕੁਮਾਰ ਧਰਮਾ, ਰੇਨੂੰ ਗੋਇਲ ਧਰਮਾ, ਲਵਪ੍ਰੀਤ ਦੀਵਾਨਾ, ਬਿੰਦਰ ਸਿੰਘ ਸੰਧੂ, ਰਾਜ ਕੁਮਾਰ ਧੌਲਾ, ਰਜਤ ਬਾਂਸਲ ਲੱਕੀ, ਗੁਰਪ੍ਰੀਤ ਸਿੰਘ ਸੋਨੀ ਸੰਘੇੜਾ, ਮਲਕੀਤ ਸਿੰਘ ਸੰਘੇੜਾ, ਅਮਨ ਕਾਲਾ, ਗੁਰਪ੍ਰੀਤ ਸਿੰਘ ਗਿੱਲ, ਰੋਹਿਤ ਓਸ਼ੋ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਾਰੇ ਜੇਤੂ ਕੌਂਸਲਰ ਅਤੇ ਹੋਰ ਵਰਕਰ ਹਾਜ਼ਰ ਸਨ |