ਮਹਿਲ ਕਲਾਂ, 2 ਜੂਨ (ਅਵਤਾਰ ਸਿੰਘ ਅਣਖੀ)-ਜੂਨ 84 ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਸਮਾਜ ਸੇਵੀ ਸੁਪਿੰਦਰ ਸਿੰਘ ਬੋਪਾਰਾਏ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪਿੰਡ ਦੇ ਬੱਚਿਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆਂ ਦੇ ਜਥਿਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਉਮਰ ਵਰਗ ਦੇ ਹਿਸਾਬ ਨਾਲ ਦੋ ਗਰੁੱਪ ਬਣਾਏ ਗਏ, ਜਿਸ 'ਚ 13 ਸਾਲ ਤੱਕ ਅਤੇ 19 ਸਾਲ ਤੱਕ ਦੇ ਬੱਚਿਆਂ ਨੂੰ ਚੁਣਿਆ ਗਿਆ | 19 ਸਾਲ ਦੇ ਬੱਚਿਆਂ ਵਿਚੋਂ ਜਾਂਗਪੁਰ ਪਿੰਡ ਦੇ ਜਥੇ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦ ਕਿ ਪਿੰਡ ਤਲਵੰਡੀ ਰਾਏ ਨੇ ਦੂਜਾ, ਪਿੰਡ ਰਾਮਾ ਦੇ ਜਥੇ ਨੇ ਤੀਜਾ ਸਥਾਨ ਹਾਸਿਲ ਕੀਤਾ | ਅੰਡਰ 13 ਉਮਰ ਗਰੁੱਪ ਵਿਚੋਂ ਜਾਂਗਪੁਰ ਪਿੰਡ ਦੇ ਜਥੇ ਨੇ ਪਹਿਲਾ, ਜਦ ਕਿ ਪੰਡੋਰੀ ਪਿੰਡ ਦੇ ਰਬਿੰਦਰ ਸਿੰਘ ਹੋਰਾਂ ਦਾ ਜਥਾ ਦੂਜਾ ਸਥਾਨ ਪ੍ਰਾਪਤ ਕਰਨ 'ਚ ਕਾਮਯਾਬ ਹੋਇਆ | ਤੀਜੇ ਨੰਬਰ 'ਤੇ ਜਾਂਗਪੁਰ ਪਿੰਡ ਦੇ ਵਿਦਿਆਰਥੀ ਰਹੇ | ਕਲੱਬ ਸਰਪ੍ਰਸਤ ਬਲਜੀਤ ਸਿੰਘ ਸਿੱਧੂ ਨੇ ਜੇਤੂਆਂ ਅਤੇ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਅਲਾਮਤਾਂ ਤੋਂ ਬਚਾ ਕੇ ਗੁਰਬਾਣੀ ਨਾਲ ਜੋੜਨ ਲਈ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਨੇਕ ਕਾਰਜ 'ਚ ਨਗਰ ਪੰਡੋਰੀ ਦੇ ਸਤਿਕਾਰਤ ਐਨ.ਆਰ.ਆਈ. ਆਪਣਾ ਪੂਰਾ ਯੋਗਦਾਨ ਦੇ ਰਹੇ ਹਨ | ਉਨ੍ਹਾਂ ਪ੍ਰੋਗਰਾਮ ਦੀ ਸਫਲਤਾ ਲਈ ਸਹਿਯੋਗ ਦੇਣ 'ਤੇ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਪ੍ਰਬੰਧਕ ਕਮੇਟੀ ਵਲੋਂ ਜੇਤੂ ਟੀਮਾਂ ਨੂੰ ਪਹਿਲਾ ਇਨਾਮ 3100, ਦੂਸਰਾ ਇਨਾਮ 2100, ਤੀਸਰਾ 1100 ਰੁਪਏ ਨਕਦ ਇਨਾਮ ਤੋਂ ਇਲਾਵਾ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਗ ਲੈਣ ਵਾਲੀਆਂ ਬਾਕੀ ਸਾਰੀਆਂ ਟੀਮਾਂ ਨੂੰ ਮੈਡਲਾਂ ਅਤੇ ਕਾਪੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਜੱਜ ਸਾਹਿਬਾਨ ਦੀ ਸੇਵਾ ਭਾਈ ਗੁਰਦਿੱਤ ਸਿੰਘ ਖ਼ਾਲਸਾ ਪਿੰਡ ਭੈਣੀ ਵੜਿੰਗਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਬਾਖ਼ੂਬੀ ਢੰਗ ਨਾਲ ਨਿਭਾਈ ਗਈ | ਇਨਾਮਾਂ ਦੀ ਵੰਡ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਨਵਦੀਪ ਸਿੰਘ ਬਾਠ, ਗ੍ਰੰਥੀ ਸਿੰਘ ਭਾਈ ਕਰਮਜੀਤ ਸਿੰਘ, ਖ਼ਜ਼ਾਨਚੀ ਅਜੈਬ ਸਿੰਘ, ਸੇਵਾਦਾਰ ਬਬਲਾ ਸਿੰਘ, ਗੁਰਜੀਤ ਸਿੰਘ ਗੰਗੋਹਰ, ਗ੍ਰੰਥੀ ਸਿੰਘ ਭਾਈ ਅਮਨਦੀਪ ਸਿੰਘ ਆਦਿ ਹਾਜ਼ਰ ਸਨ |