ਬਰਨਾਲਾ, 6 ਜੂਨ (ਗੁਰਪ੍ਰੀਤ ਸਿੰਘ ਲਾਡੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਵਲੋਂ ਇੰਡਸਟਰੀਅਲ ਚੈਂਬਰ ਬਰਨਾਲਾ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਪ੍ਰੇਰਣਾਦਾਇਕ ਅਤੇ ਸਮਾਜਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਵਿਸ਼ਵ ਪੱਧਰ 'ਤੇ ਪ੍ਰਸਿੱਧ ਥਾਟ ਲੀਡਰ, ਉਦਮੀ ਅਤੇ ਪ੍ਰੇਰਕ ਵਕਤਾ ਸ਼੍ਰੀਮਤੀ ਮਨਦੀਪ ਕੌਰ ਟਾਂਗਰਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਜਿਨ੍ਹਾਂ ਵਲੋਂ ਆਪਣੇ ਜੀਵਨ ਦੇ ਅਨੁਭਵਾਂ, ਸੰਘਰਸ਼ਾਂ ਅਤੇ ਸਫਲਤਾਵਾਂ ਰਾਹੀਂ ਹਾਜ਼ਰ ਸਰੋਤਿਆਂ ਨੂੰ ਪ੍ਰੇਰਿਤ ਕੀਤਾ ਗਿਆ | ਸਮਾਗਮ ਵਿਚ ਵਿਦਿਆਰਥੀਆਂ, ਨੌਜਵਾਨਾਂ, ਉਦਯੋਗਪਤੀਆਂ, ਵਪਾਰੀਆਂ, ਸਮਾਜ ਸੇਵੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਆਪਣੇ ਸੰਬੋਧਨ ਦੌਰਾਨ ਸ਼੍ਰੀਮਤੀ ਮਨਦੀਪ ਕੌਰ ਟਾਂਗਰਾ ਨੇ ਕਿਹਾ ਕਿ ਸਫਲਤਾ ਕਿਸੇ ਇਕ ਦਿਨ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਲਗਾਤਾਰ ਮਿਹਨਤ, ਅਨੁਸ਼ਾਸਨ, ਦਿ੍ੜ ਨਿਸ਼ਚੇ ਅਤੇ ਸਕਾਰਾਤਮਿਕ ਸੋਚ ਦਾ ਨਤੀਜਾ ਹੁੰਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚੇ ਸਪਸ਼ਟ ਰੱਖਣ, ਸਮੇਂ ਦਾ ਸੁਚੱਜਾ ਪ੍ਰਬੰਧਨ ਕਰਨ ਅਤੇ ਅਸਫਲਤਾਵਾਂ ਨੂੰ ਸਿੱਖਣ ਦੇ ਮੌਕੇ ਵਜੋਂ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕੈਰੀਅਰ ਚੋਣ, ਲੀਡਰਸ਼ਿਪ ਵਿਕਾਸ, ਉਦਮਤਾ, ਆਤਮ-ਵਿਸ਼ਵਾਸ ਅਤੇ ਨਿੱਜੀ ਵਿਕਾਸ ਨਾਲ ਸੰਬੰਧਿਤ ਅਹਿਮ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿਚ ਸਿਰਫ਼ ਅਕਾਦਮਿਕ ਗਿਆਨ ਹੀ ਨਹੀਂ, ਸਗੋਂ ਸੰਚਾਰ ਕੌਸ਼ਲ, ਫ਼ੈਸਲਾ ਲੈਣ ਦੀ ਸਮਰੱਥਾ, ਟੀਮ ਵਰਕ ਅਤੇ ਸਕਾਰਾਤਮਿਕ ਸੋਚ ਵੀ ਸਫਲਤਾ ਲਈ ਬਹੁਤ ਜ਼ਰੂਰੀ ਹਨ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਜਵਾਬ ਮੈਡਮ ਟਾਂਗਰਾ ਨੇ ਆਪਣੇ ਅਨੁਭਵਾਂ ਦੇ ਆਧਾਰ 'ਤੇ ਦਿੱਤੇ | ਆਰੀਆਭੱਟਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਰ. ਕੇ. ਗੁਪਤਾ, ਰਾਜੀਵ ਮੰਗਲਾ, ਵਿਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਨੇ ਸ਼੍ਰੀਮਤੀ ਮਨਦੀਪ ਕੌਰ ਟਾਂਗਰਾ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਨੂੰ ਸਮਾਜ ਲਈ ਜ਼ਿੰਮੇਵਾਰ, ਆਤਮ-ਵਿਸ਼ਵਾਸੀ ਅਤੇ ਯੋਗ ਨਾਗਰਿਕ ਵਜੋਂ ਤਿਆਰ ਕਰਨਾ ਹੈ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ, ਇੰਡਸਟਰੀਅਲ ਚੈਂਬਰ ਬਰਨਾਲਾ ਦੇ ਪ੍ਰਧਾਨ ਵਿਕਾਸ ਗੋਇਲ, ਸਕੱਤਰ ਹਰੀਸ਼ ਬਾਂਸਲ, ਕੈਸ਼ੀਅਰ ਦਿਨੇਸ਼ ਗੋਇਲ, ਸੋਨੀ ਸਾਈਕਲਿੰਗ ਕਲੱਬ ਬਰਨਾਲਾ ਦੇ ਪ੍ਰਧਾਨ ਪਰਵੀਨ ਕੁਮਾਰ (ਸੋਨੀ), ਰਾਕੇਸ਼ ਬਬਲਾ ਸ਼੍ਰੀ ਦੀਪ (ਸੋਲਵੈਕਸ), ਜਗਸੀਰ ਸਿੰਘ ਵਿਸ਼ਵਕਰਮਾ ਐਗਰੀਕਲਚਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸੈਮੀਨਾਰ ਦੇ ਓਵਰਆਲ ਕੋਆਰਡੀਨੇਟਰ ਡਾ. ਰਜਨੀਸ਼ ਨਰੂਲਾ (ਡੀਨ ਇੰਜੀਨੀਅਰਿੰਗ) ਅਤੇ ਸ਼੍ਰੀ ਚਤਿੰਦਰ ਸਿੰਘ (ਐਡਮਿਸ਼ਨ ਹੈੱਡ) ਰਹੇ ਜਿਨ੍ਹਾਂ ਨੇ ਸਫਲ ਸੰਚਾਲਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ |