10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਐਲ.ਏ.ਡੀ.ਸੀ. ਨੀਤੀ ਖ਼ਿਲਾਫ਼ ਬਰਨਾਲਾ ਦੇ ਵਕੀਲਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ, ਅਦਾਲਤੀ ਕਾਰਵਾਈ ਠੱਪ

Ad Position 21
No active advertisement
ਅਜੀਤ ਡੈਸਕ 08-07-2026
ਬਰਨਾਲਾ, 7 ਜੁਲਾਈ (ਨਰਿੰਦਰ ਅਰੋੜਾ)-ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇ.ਏ.ਸੀ) ਦੇ ਸੱਦੇ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ ਮੁਕੰਮਲ ਹੜਤਾਲ ਕੀਤੀ ਗਈ। ਹੜਤਾਲ ਕਾਰਨ ਜ਼ਿਲ੍ਹਾ ਅਦਾਲਤ ਕੰਪਲੈਕਸ ਬਰਨਾਲਾ ਵਿਚ ਸਾਰਾ ਦਿਨ ਕੰਮਕਾਜ ਠੱਪ ਰਿਹਾ। ਸਵੇਰੇ ਹੀ ਵੱਡੀ ਗਿਣਤੀ ਵਿਚ ਵਕੀਲ ਅਦਾਲਤ ਕੰਪਲੈਕਸ ਵਿਖੇ ਇਕੱਠੇ ਹੋਏ। ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਵਿਚ ਪਾਸ ਕੀਤੇ ਮਤੇ ਨੂੰ ਪੜ੍ਹ ਕੇ ਸੁਣਾਇਆ ਗਿਆ ਅਤੇ ਕੇਂਦਰ ਸਰਕਾਰ ’ਤੇ ਐਨ.ਏ.ਐਲ.ਐਸ.ਏ. ਵਲੋਂ ਲਾਗੂ ਕੀਤੀ ਗਈ ਐਲ.ਏ.ਡੀ.ਸੀ. ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਬਾਰ ਦੇ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਐਡਵੋਕੇਟ ਧੀਰਜ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਲ.ਏ.ਡੀ.ਸੀ. ਪ੍ਰਣਾਲੀ ਪਾਰਦਰਸ਼ੀ ਨਹੀਂ ਹੈ। ਇਕ ਪਾਸੇ ਤਾਂ ਸਰਕਾਰਾਂ ਨਸ਼ਾ ਅਤੇ ਕਰਾਈਮ ਨੂੰ ਰੋਕਣ ਲਈ ਵੱਡੇ-ਵੱਡੇ ਉਪਰਾਲੇ ਕਰ ਰਹੀਆਂ ਹਨ ਪਰ ਦੂਜੇ ਪਾਸੇ ਐਲ.ਏ.ਡੀ.ਸੀ ਸਿਸਟਮ ਰਾਹੀਂ ਇਨ੍ਹਾਂ ਦੋਸ਼ੀਆਂ ਨੂੰ ਮੁਫ਼ਤ ਸਹਾਇਤਾ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਇਸ ਨਾਲ ਕਰਾਈਮ ਦੇ ਵਿਚ ਹੋਰ ਵਾਧਾ ਹੋਵੇਗਾ। ਇਸ ਵਿਚ ਵਕੀਲਾਂ ਦੀ ਪੈਨਲਮੈਂਟ ਦਾ ਅਧਿਕਾਰ ਸਿੱਧੇ ਤੌਰ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਤੋਂ ਖੋਹ ਲਿਆ ਗਿਆ ਹੈ। ਪਹਿਲਾਂ ਦੀ ਪ੍ਰਣਾਲੀ ਅਧੀਨ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਰਾਹੀਂ ਹੀ ਯੋਗ ਵਕੀਲਾਂ ਦੀ ਚੋਣ ਕਰ ਕੇ ਪੈਨਲ ਬਣਾਇਆ ਜਾਂਦਾ ਸੀ, ਜਿਸ ਨਾਲ ਸਥਾਨਕ ਲੋੜਾਂ ਅਤੇ ਵਕੀਲਾਂ ਦੇ ਅਨੁਭਵ ਨੂੰ ਧਿਆਨ ਵਿਚ ਰੱਖਿਆ ਜਾਂਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਨੀਤੀ ਕਾਰਨ ਵਕੀਲਾਂ ਦੀ ਪੇਸ਼ੇਵਰ ਸੁਤੰਤਰਤਾ ਪ੍ਰਭਾਵਿਤ ਹੋ ਰਹੀ ਹੈ ਅਤੇ ਕਾਨੂੰਨੀ ਸਹਾਇਤਾ ਲੈਣ ਵਾਲੇ ਲੋਕਾਂ ਨੂੰ ਵੀ ਢੁਕਵੀਂ ਕਾਨੂੰਨੀ ਮਦਦ ਨਹੀਂ ਮਿਲ ਪਾ ਰਹੀ। ਉਨ੍ਹਾਂ ਸਪਸ਼ਟ ਕੀਤਾ ਕਿ ਅੱਜ ਤੋਂ ਸ਼ੁਰੂ ਹੋਈ ਇਹ ਮੁਕੰਮਲ ਹੜਤਾਲ ਜੇ.ਏ.ਸੀ. ਦੇ ਅਗਲੇ ਫ਼ੈਸਲੇ ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ ਬਰਨਾਲਾ ਬਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਅਦਾਲਤ, ਟ੍ਰਿਬਿਊਨਲ ਜਾਂ ਹੋਰ ਕਾਨੂੰਨੀ ਅਥਾਰਿਟੀ ਅੱਗੇ ਪੇਸ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ ਹੈ। ਇਹ ਲੜਾਈ ਵਕੀਲ ਭਾਈਚਾਰੇ ਦੀ ਮਰਿਆਦਾ, ਪੇਸ਼ੇਵਰ ਸੁਤੰਤਰਤਾ ਅਤੇ ਨਿਆਂ ਪ੍ਰਣਾਲੀ ਵਿਚ ਪਾਰਦਰਸ਼ਤਾ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ। ਇਸ ਰੋਸ ਪ੍ਰਦਰਸ਼ਨ ਵਿਚ ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ, ਐਡਵੋਕੇਟ ਜਤਿੰਦਰਪਾਲ ਸਿੰਘ ਗਿੱਲ, ਐਡਵੋਕੇਟ ਚਮਕੌਰ ਸਿੰਘ ਭੱਠਲ, ਐਡਵੋਕੇਟ ਗੁਰਕਮਲਵੀਰ ਮਾਨ, ਐਡਵੋਕੇਟ ਦਲਜਿੰਦਰ ਜੌਹਲ, ਐਡਵੋਕੇਟ ਗੁਰਤੇਜ ਮਾਨ, ਐਡਵੋਕੇਟ ਦੇਵਿੰਦਰ ਸਿੰਘ, ਐਡਵੋਕੇਟ ਮੁਨੀਸ਼ ਕੁਮਾਰ ਗਰਗ, ਐਡਵੋਕੇਟ ਨੀਤਨ ਬਾਂਸਲ, ਐਡਵੋਕੇਟ ਤਾਰੁਸ ਗੋਇਲ, ਐਡਵੋਕੇਟ ਰਜਨੀਸ਼ ਕੁਮਾਰ, ਐਡਵੋਕੇਟ ਪਰਨਵ, ਐਡਵੋਕੇਟ ਹਰਮਨਦੀਪ ਸਿੰਘ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਗੁਰਪ੍ਰੀਤਪਾਲ ਸਿੰਘ, ਐਡਵੋਕੇਟ ਪੁਲਕਿਤ ਗਰਗ, ਐਡਵੋਕੇਟ ਪਾਰਸਦੀਪ ਕੁਮਾਰ, ਐਡਵੋਕੇਟ ਵਿਸ਼ਾਲ ਸ਼ਰਮਾ ਅਤੇ ਐਡਵੋਕੇਟ ਗੁਰਮੀਤ ਸਰਾਓ ਸਮੇਤ ਵੱਡੀ ਗਿਣਤੀ ਵਿਚ ਵਕੀਲ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਪਿੰਡ ਧੌਲਾ ਦੀਆਂ ਲਿੰਕ ਸੜਕਾਂ ਅਤੇ ਫਿਰਨੀ ’ਤੇ ਲੱਗੀਆਂ ਰੂੜੀਆਂ ਕਾਰਨ ਫੈਲੀ ਗੰਦਗੀ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡੈਨੀ ਬੰਡਾਲਾ ਦਾ ਰਾਜ ਰਾਏਪੁਰ ਵਲੋਂ ਸਨਮਾਨ
Ad Position 24