ਚੋਰੀ ਕੀਤੇ ਤਿੰਨ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ
ਅਜੀਤ ਡੈਸਕ
13-07-2026
ਬਰਨਾਲਾ, 12 ਜੁਲਾਈ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਚੋਰ, ਲੁਟੇਰਿਆਂ, ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਜਸ਼ਨਦੀਪ ਸਿੰਘ, ਪ੍ਰਭਜੋਤ ਸਿੰਘ ਵਾਸੀਅਨ ਬੀਹਲਾ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਦੇ ਆਦੀ ਹਨ। ਜੋ ਕਿ ਅੱਜ ਵੀ ਚੋਰੀ ਕੀਤੇ ਤਿੰਨ ਮੋਟਰਸਾਈਕਲਾਂ ਨੂੰ ਅੱਗੇ ਵੇਚਣ ਦੀ ਫ਼ਿਰਾਕ ਵਿਚ ਹਨ। ਜਿਨ੍ਹਾਂ ਨੂੰ ਆਈ.ਟੀ.ਆਈ. ਚੌਕ ਨਜ਼ਦੀਕ ਘੁੰਮਦੇ ਦੇਖਿਆ ਗਿਆ ਹੈ। ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਦੋਵੇਂ ਜਣਿਆਂ ਨੂੰ ਚੋਰੀ ਕੀਤੇ ਤਿੰਨ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਥਾਣਾ ਸਿਟੀ-2 ਵਿਚ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।