09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਤਪਾ ਮੰਡੀ ਦਾ ਨਵਾਂ ਬੱਸ ਅੱਡਾ ਬਣਿਆ ਚਿੱਟਾ ਹਾਥੀ

Ad Position 21
No active advertisement
ਅਜੀਤ ਡੈਸਕ 17-07-2026
ਤਪਾ ਮੰਡੀ, 16 ਜੁਲਾਈ (ਵਿਜੇ ਸ਼ਰਮਾ)-ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਤਪਾ ਦਾ ਨਵਾਂ ਬੱਸ ਅੱਡਾ ਅੱਜ ਆਪਣੇ ਆਪ ’ਲੂਤੇ ਰੋ ਰਿਹਾ ਹੈ ਕਿਉਂਕਿ ਵਰਤੋਂ ਵਿਚ ਨਾ ਆਉਣ ਕਾਰਨ ਚਿੱਟਾ ਹਾਥੀ ਵਜੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਕਰ ਕੇ ਨਵੇਂ ਬੱਸ ਅੱਡੇ ਦੀ ਇਮਾਰਤ ਖੰਡਰ ਹੋ ਰਹੀ ਹੈ ਅਤੇ ਕੁੱਝ ਲੋਕ ਨਿੱਜੀ ਬੱਸਾਂ ਨੂੰ ਸੇਫ਼ਟੀ ਵਜੋਂ ਖੜੀਆਂ ਕਰ ਦਿੰਦੇ ਹਨ ਨਾਲ ਹੀ ਬਰੇਤੀ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ ਜਿਸ ਕਰ ਕੇ ਬੱਸ ਅੱਡੇ ਦੀ ਥਾਂ ਵੱਧ ਤੋਂ ਬਦਤਰ ਹੋ ਰਹੀ ਹੈ ਕਿਉਂਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਲੋਕਾਂ ਦੀ ਸਹੂਲਤ, ਆਧੁਨਿਕ ਆਵਾਜਾਈ ਅਤੇ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਇਸ ਪ੍ਰੋਜੈਕਟ ਤੋਂ ਵੱਡੀਆਂ ਉਮੀਦਾਂ ਸਨ, ਪਰ ਮੌਜੂਦਾ ਹਾਲਾਤ ਇਨ੍ਹਾਂ ਉਮੀਦਾਂ ’ਤੇ ਖਰੇ ਨਹੀਂ ਉਤਰ ਰਹੇ। ਸਥਾਨਕ ਨਾਗਰਿਕਾਂ, ਵਪਾਰੀਆਂ ਅਤੇ ਯਾਤਰੀਆਂ ਦਾ ਕਹਿਣਾ ਹੈ ਕਿ ਬੱਸ ਅੱਡਾ ਬਣਨ ਦੇ ਬਾਵਜੂਦ ਜ਼ਿਆਦਾਤਰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਇੱਥੋਂ ਨਿਯਮਿਤ ਤੌਰ ’ਤੇ ਨਹੀਂ ਚੱਲਦੀਆਂ। ਇਸ ਕਾਰਨ ਯਾਤਰੀਆਂ ਨੂੰ ਅਜੇ ਵੀ ਪੁਰਾਣੇ ਸਥਾਨਾਂ ਜਾਂ ਸੜਕ ਕਿਨਾਰੇ ਖੜ੍ਹ ਕੇ ਹੀ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਨਵੇਂ ਬੱਸ ਅੱਡੇ ਵਿਚ ਯਾਤਰੀਆਂ ਦੀ ਆਵਾਜਾਈ ਨਾ ਹੋਣ ਕਾਰਨ ਇੱਥੇ ਬਣੀਆਂ ਕਈ ਸਹੂਲਤਾਂ ਵੀ ਬੇਕਾਰ ਪਈਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਇਸ ਪ੍ਰੋਜੈਕਟ ਦੀ ਸਹੀ ਯੋਜਨਾਬੰਦੀ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਨਹੀਂ ਕੀਤਾ ਗਿਆ। ਜੇਕਰ ਸਾਰੀਆਂ ਬੱਸਾਂ ਨੂੰ ਨਵੇਂ ਬੱਸ ਅੱਡੇ ਤੋਂ ਚਲਾਉਣ ਦੀ ਵਿਵਸਥਾ ਕੀਤੀ ਜਾਂਦੀ, ਤਾਂ ਨਾ ਸਿਰਫ਼ ਯਾਤਰੀਆਂ ਨੂੰ ਸੁਵਿਧਾ ਮਿਲਦੀ, ਸਗੋਂ ਸ਼ਹਿਰ ਦੇ ਟਰੈਫ਼ਿਕ ’ਤੇ ਵੀ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਦੇ ਸੁਚੱਜੇ ਢੰਗ ਨਾਲ ਚਾਲੂ ਨਾ ਹੋਣ ਕਾਰਨ ਆਸ-ਪਾਸ ਵਪਾਰਕ ਗਤੀਵਿਧੀਆਂ ਵੀ ਵਿਕਸਤ ਨਹੀਂ ਹੋ ਸਕੀਆਂ। ਦੂਜੇ ਪਾਸੇ, ਰੱਖ-ਰਖਾਅ ਦੀ ਕਮੀ ਕਾਰਨ ਇਮਾਰਤ ਅਤੇ ਹੋਰ ਢਾਂਚਿਆਂ ਦੀ ਹਾਲਤ ਵੀ ਹੌਲੀ-ਹੌਲੀ ਖ਼ਰਾਬ ਹੋ ਰਹੀ ਹੈ, ਜਿਸ ਨਾਲ ਸਰਕਾਰੀ ਧਨ ਦੀ ਬਰਬਾਦੀ ਦਾ ਅਹਿਸਾਸ ਹੁੰਦਾ ਹੈ। ਕੁੱਝ ਸ਼ਹਿਰੀਆਂ ਨੇ ਦੱਸਿਆ ਕਿ ਇੱਕ ਵਾਰ ਪਟਿਆਲੇ ਤੋਂ ਸਪੈਸ਼ਲ ਟੀਮ ਹਲਕਾ ਵਿਧਾਇਕ ਦੀ ਮੌਜੂਦਗੀ ਵਿਚ ਇਸ ਦਾ ਦੌਰਾ ਕਰ ਕੇ ਚਲੀ ਗਈ ਸੀ। ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਤਪਾ ਦੇ ਨਵੇਂ ਬੱਸ ਅੱਡੇ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਬੱਸਾਂ ਦੀ ਆਵਾਜਾਈ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਦਿਨ ਮਸਾਂ ਇਕ ਦੋ ਬੱਸਾਂ ਜ਼ਰੂਰ ਬੱਸ ਅੱਡੇ ’ਤੇ ਆਈਆਂ ਸਨ। ਉਸ ਤੋਂ ਬਾਅਦ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਨਹੀਂ ਆਈ ਜਿਸ ਕਰ ਕੇ ਨਵੀਂ ਬਣੀ ਇਮਾਰਤ ਵੀ ਖੰਡਰ ਬਣ ਦੀ ਜਾ ਰਹੀ ਹੈ। ਇਮਾਰਤ ਦੀ ਸਾਂਭ ਸੰਭਾਲ ਦੇ ਨਾ ਹੋਣ ਕਾਰਨ ਕਮਰਿਆਂ ਦੇ ਸ਼ੀਸ਼ੇ ਦਰਵਾਜ਼ੇ ਟੁੱਟ ਚੁੱਕੇ ਹਨ। ਇਸ ਤੋਂ ਇਲਾਵਾ ਇਸ ਥਾਂ ’ਤੇ ਬਰੇਤੀ ਦੇ ਵੱਡੇ-ਵੱਡੇ ਢੇਰ ਜ਼ਰੂਰ ਵਿਖਾਈ ਦੇ ਰਹੇ ਹਨ। ਸ਼ਹਿਰ ਦੇ ਲੋਕਾਂ ਨੂੰ ਇਹ ਉਮੀਦਾਂ ਸਨ ਕਿ ਸ਼ਹਿਰ ਅੰਦਰ ਵਧੀਆ ਤਕਨੀਕ ਨਾਲ ਨਵਾਂ ਬੱਸ ਅੱਡਾ ਬਣ ਚੁੱਕਿਆ ਹੈ ਜਿਸ ਦੇ ਚੱਲਣ ਨਾਲ ਸਾਹਮਣੇ ਦੇ ਦੁਕਾਨਦਾਰਾਂ ਦਾ ਵਪਾਰ ਦੁੱਗਣਾ ਹੋਵੇਗਾ ਅਤੇ ਆਲ਼ੇ ਦੁਆਲੇ ਦੇ ਪਿੰਡਾਂ ਨੂੰ ਹੋਰ ਸ਼ਹਿਰਾਂ ਵਿਚ ਜਾਣ ਲਈ ਦੂਰ ਨਹੀਂ ਜਾਣਾ ਪਵੇਗਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਬੱਸ ਅੱਡਾ ਸ਼ੁਰੂ ਨਹੀਂ ਹੋਵੇਗਾ। ਜਿਸ ਕਰ ਕੇ ਆਲ਼ੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰੀਆਂ ਨੂੰ ਕੌਮੀ ਮਾਰਗ ਤੋਂ ਹੀ ਬੱਸ ਅੱਡੇ ’ਤੇ ਜਾਣਾ ਪੈਂਦਾ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਤੋਂ ਸਪੈਸ਼ਲ ਮੰਗ ਕੀਤੀ ਹੈ ਕਿ ਨਵੇਂ ਬੱਸ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਚਾਲੂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਇੱਥੋਂ ਯਕੀਨੀ ਬਣਾਈ ਜਾਵੇ ਅਤੇ ਯਾਤਰੀਆਂ ਲਈ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਕੀਤਾ ਜਾਵੇ। ਸ਼ਹਿਰੀਆਂ ਨੇ ਦੱਸਿਆ ਕਿ ਅਗਰ ਹਲਕਾ ਵਿਧਾਇਕ ਨਵੇਂ ਬੱਸ ਅੱਡੇ ਨੂੰ ਚਾਲੂ ਕਰਨ ਵਿਚ ਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ ਕਿਉਂਕਿ ਨਵੇਂ ਬੱਸ ਅੱਡੇ ਦੇ ਚੱਲਣ ਨਾਲ ਜਿੱਥੇ ਲੋਕਾਂ ਦਾ ਵਪਾਰ ਵਧੇਗਾ ਉੱਥੇ ਸ਼ਹਿਰ ਦੀ ਦਿੱਖ ਵਿਚ ਵੀ ਚੌਗੁਣਾ ਵਾਧਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਦੇ ਟੈਕਸ ਦੇ ਕਰੋੜਾਂ ਰੁਪਏ ਨਾਲ ਬਣੇ ਇਸ ਪ੍ਰੋਜੈਕਟ ਨੂੰ ਅਣਗੌਲਿਆ ਛੱਡਣ ਦੀ ਬਜਾਏ ਲੋਕ ਹਿਤ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾਣਾ ਚਾਹੀਦਾ ਹੈ, ਤਾਂ ਜੋ ਇਹ ਵਿਕਾਸ ਦੀ ਮਿਸਾਲ ਬਣੇ, ਨਾ ਕਿ ਚਿੱਟਾ ਹਾਥੀ ਸਾਬਤ ਹੋਵੇ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਅਗਰ ਬੱਸ ਅੱਡਾ ਚਾਲੂ ਨਹੀਂ ਹੁੰਦਾ ਤਾਂ ਇਸ ਥਾਂ ’ਤੇ ਪ੍ਰਸ਼ਾਸਨ ਵਲੋਂ ਸਬਜ਼ੀ ਅਤੇ ਫਰੂਟ ਦੀਆਂ ਰੇਹੜੀਆਂ ਲਗਾਈਆਂ ਜਾਣ ਤਾਂ ਜੋ ਅੰਦਰਲੇ ਬੱਸ ਅੱਡੇ ’ਤੇ ਲੋਕਾਂ ਨੂੰ ਆ ਰਹੀ ਟਰੈਫ਼ਿਕ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਹੀ ਨਹੀਂ ਚੁੱਕਿਆ।
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਗਿੰਦੂ ਧਾਲੀਵਾਲ ਡੇਰਾ ਬਾਬਾ ਇੰਦਰ ਦਾਸ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਨਿਭਾਈ ਕ੍ਰਾਂਤੀਕਾਰੀ ਭੂਮਿਕਾ ਵਿਦੇਸ਼ਾਂ ’ਚ ਵੀ ਸ਼ਲਾਘਾਯੋਗ ਬਣੀ - ਗੰਡੇਵਾਲ
Ad Position 24