03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫ਼ਿਕੇਸ਼ਨ ਦੀ ਕਾਪੀਆਂ ਸਾੜ ਕੇ ਮੁਲਾਜ਼ਮਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 18-07-2026

ਬਰਨਾਲਾ, 17 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਜ਼ਿਲੇ੍ਹ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮਿਤੀ 17 ਜੁਲਾਈ 2020 ਦੇ ਨਵੇਂ ਸਕੇਲਾਂ ਸੰਬੰਧੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਕੌਰ ਸਿੰਘ, ਦਰਸ਼ਨ ਚੀਮਾ, ਤਰਸੇਮ ਭੱਠਲ, ਰਾਜੀਵ ਕੁਮਾਰ, ਮੋਹਣ ਸਿੰਘ ਛੰਨਾਂ, ਰਮੇਸ਼ ਹਮਦਰਦ, ਹਰਭੋਲ ਸਿੰਘ ਨੇ ਦੱਸਿਆ ਕਿ ਛੇ ਸਾਲ ਪਹਿਲਾਂ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਲਈ ਨਵੇਂ ਤਨਖ਼ਾਹ ਸਕੇਲ ਲਾਗੂ ਕਰਨ ਮੌਕੇ ਵਿਰੋਧੀ ਧਿਰ ਦੇ ਤੌਰ ’ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਇਸ ਨੋਟੀਫ਼ਿਕੇਸ਼ਨ ਨੂੰ ਰੱਦ ਕਰ ਦਿੱਤਾ ਜਾਵੇਗਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੀਤੇ ਹੋਏ ਬਾਕੀ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਤੋਂ ਵੀ ਨੰਗੇ ਚਿੱਟੇ ਰੂਪ ਵਿਚ ਮੁੱਕਰ ਚੁੱਕੀ ਹੈ। ਇੱਕ ਪਾਸੇ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰ ਰਹੇ ਹਨ, ਪਰ ਦੂਜੇ ਪਾਸੇ ਮੌਜੂਦਾ ਸੱਤਾ ਧਿਰ ਮਹਿੰਗਾਈ ਭੱਤਾ (ਡੀ.ਏ.) ਦੇਣ ਤੋਂ ਵੀ ਮੁੱਕਰ ਚੁੱਕੀ ਹੈ ਅਤੇ ਪੈਂਡਿੰਗ ਡੀ.ਏ. 18 ਫ਼ੀਸਦੀ ਤੱਕ ਪਹੁੰਚ ਗਿਆ ਹੈ, ਇਸ ਤੋਂ ਇਲਾਵਾ ਪੇਂਡੂ ਅਤੇ ਬਾਰਡਰ ਇਲਾਕਾ ਭੱਤੇ ਵੀ ਬਹਾਲ ਨਹੀਂ ਕੀਤੇ ਗਏ ਅਤੇ ਨਾ ਹੀ ਕੰਪਿਊਟਰ ਅਧਿਆਪਕਾਂ, ਐਸੋਸੀਏਟ ਟੀਚਰਜ਼ ਸਮੇਤ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿਚ ਪੱਕਾ ਕੀਤਾ ਗਿਆ ਹੈ। ਇਸ ਸਥਿਤੀ ਵਿਚ ਪੰਜਾਬ ਦੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 17 ਜੁਲਾਈ 2020 ਦੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਰੱਦ ਕਰ ਕੇ ਛੇਵੇਂ ਪੰਜਾਬ ਤਨਖ਼ਾਹ ਸਕੇਲ ਸਮੇਤ 15 ਫ਼ੀਸਦੀ ਵਾਧੇ ਅਨੁਸਾਰ ਤਨਖ਼ਾਹ ਫਿਕਸ ਕਰੇ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵਿਚ ਜਬਰੀ ਤਨਖ਼ਾਹ ਕਟੌਤੀ ਕਰ ਕੇ ਰੈਗੂਲਰ ਕੀਤੇ 1007 ਨਾਨ ਟੀਚਿੰਗ ਕਰਮਚਾਰੀਆਂ ਲਈ ਪੰਜਾਬ ਤਨਖ਼ਾਹ ਸਕੇਲਾਂ ਸਮੇਤ ਸਾਲ 2018 ਤੋਂ ਪੈਂਡਿੰਗ ਸਾਰੇ ਵਿੱਤੀ ਲਾਭ ਬਹਾਲ ਕੀਤੇ ਜਾਣ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫ਼ਿਕੇਸ਼ਨ ਹਕੀਕੀ ਰੂਪ ਵਿਚ ਲਾਗੂ ਕਰਨ ਸੰਬੰਧੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐੱਸ.ਓ.ਪੀ.) ਜਾਰੀ ਕਰਨ ਅਤੇ ਸਮੂਹ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਮੁਲਾਜ਼ਮਾਂ ਦੇ ਜੀ.ਪੀ.ਐਫ. ਖਾਤੇ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਦੌਰਾਨ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਵਿਚ ਬਰਨਾਲਾ ਜ਼ਿਲੇ੍ਹ ਵਿਚੋਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਕਰਮਜੀਤ ਬੀਹਲਾ, ਗੁਰਦੀਪ ਸਿੰਘ, ਰਮਨ ਸਿੰਗਲਾ, ਰਾਜਿੰਦਰ ਗੁਰੂ, ਨਿਰਮਲਜੀਤ ਸਿੰਘ ਚਾਨੇ, ਰਵਿੰਦਰ ਸ਼ਰਮਾ, ਅਨਿਲ ਕੁਮਾਰ, ਹਰਿੰਦਰ ਮੱਲੀਆਂ, ਸ਼ਿੰਦਰ ਸਿੰਘ ਧੌਲਾ, ਬਲਵੰਤ ਸਿੰਘ, ਜਗਵੰਤ ਸਿੰਘ, ਪ੍ਰਵੀਨ ਬਾਤਿਸ਼, ਜਗਰਾਜ ਰਾਮਾ, ਖੁਸ਼ੀਆ ਸਿੰਘ, ਕੇਵਲ ਸਿੰਘ ਧਾਲੀਵਾਲ, ਸੁਖਦੇਵ ਸਿੰਘ ਝਲੂਰ, ਜੋਰਾ ਸਿੰਘ ਖਿਆਲੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਕੱਢੀ ਭੜਾਸ ਅਗਲੀ ਖ਼ਬਰ ਕੀ ਹਨ ਦੇਸ਼ ਦੀਆਂ ਹਕੀਕਤਾਂ?
Ad Position 24
No active advertisement