ਤਪਾ ਮੰਡੀ, 17 ਜੁਲਾਈ (ਵਿਜੇ ਸ਼ਰਮਾ)-ਤਪਾ ਦੇ ਰੇਲਵੇ ਸਟੇਸ਼ਨ ’ਤੇ ਸੁਪਰ-ਫਾਸਟ ਰੇਲ ਗੱਡੀਆਂ ਦੇ ਠਹਿਰਾਅ ਦੀ ਸਹੂਲਤ ਨਾ ਹੋਣ ਕਾਰਨ ਇਲਾਕੇ ਦੇ ਵਪਾਰੀਆਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਆਮ ਯਾਤਰੀਆਂ ਵਿਚ ਭਾਰੀ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਪਾ ਇੱਕ ਅਹਿਮ ਵਪਾਰਕ ਅਤੇ ਆਬਾਦੀ ਵਾਲਾ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਸੁਪਰ-ਫਾਸਟ ਰੇਲ ਗੱਡੀਆਂ ਦਾ ਠਹਿਰਾਅ ਨਾ ਹੋਣਾ ਇਲਾਕੇ ਨਾਲ ਵਿਤਕਰਾ ਕਰਨ ਦੇ ਬਰਾਬਰ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਰੋਬਾਰੀ ਕੰਮਾਂ ਲਈ ਪੰਜਾਬ ਤੋਂ ਬਾਹਰ ਅਤੇ ਵੱਖ-ਵੱਖ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ, ਪਰ ਸੁਪਰ-ਫਾਸਟ ਗੱਡੀਆਂ ਨਾ ਰੁਕਣ ਕਾਰਨ ਉਨ੍ਹਾਂ ਨੂੰ ਬਰਨਾਲਾ, ਧੂਰੀ ਜਾਂ ਹੋਰ ਰੇਲਵੇ ਸਟੇਸ਼ਨਾਂ ਤੋਂ ਗੱਡੀ ਫੜਨੀ ਪੈਂਦੀ ਹੈ। ਇਸ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਵਾਧੂ ਬਰਬਾਦੀ ਹੁੰਦੀ ਹੈ ਅਤੇ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਸ਼ੂ ਭੂਤ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਕੌਂਸਲਰ ਧਰਮਪਾਲ ਸ਼ਰਮਾ ਅਤੇ ਸੁਰੇਸ਼ ਚੰਦੇਲ ਨੇ ਦੱਸਿਆ ਕਿ ਬਜ਼ੁਰਗਾਂ, ਮਹਿਲਾਵਾਂ, ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਆਉਂਦੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸੁਪਰ-ਫਾਸਟ ਗੱਡੀਆਂ ਦਾ ਤਪਾ ਅੰਦਰ ਠਹਿਰਾਅ ਕੀਤਾ ਜਾਵੇ ਤਾਂ ਹਜ਼ਾਰਾਂ ਯਾਤਰੀਆਂ ਨੂੰ ਸਿੱਧਾ ਲਾਭ ਮਿਲੇਗਾ। ਸਥਾਨਕ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਨੇ ਰੇਲਵੇ ਮੰਤਰਾਲੇ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਤਪਾ ਸ਼ਹਿਰ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਸੁਪਰ-ਫਾਸਟ ਗੱਡੀਆਂ ਦਾ ਠਹਿਰਾਅ ਨੂੰ ਯਕੀਨੀ ਬਣਾਇਆ ਜਾਵੇ। ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਸ: ਕੇਵਲ ਸਿੰਘ ਢਿੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਹਨ ਜੋ ਕਿ ਰੇਲਵੇ ਮੰਤਰੀ ਨੂੰ ਮਿਲ ਕੇ ਤਪਾ ਦੇ ਰੇਲਵੇ ਸਟੇਸ਼ਨ ’ਤੇ ਸੁਪਰ ਫਾਸਟ ਗੱਡੀਆਂ ਦਾ ਠਹਿਰਾਅ ਕਰਾ ਸਕਦੇ ਹਨ। ਜਿਸ ਕਰ ਕੇ ਇਲਾਕਾ ਵਾਸੀਆਂ ਨੇ ਉਮੀਦ ਜਤਾਈ ਹੈ ਕਿ ਰੇਲਵੇ ਵਿਭਾਗ ਲੋਕਾਂ ਦੀਆਂ ਭਾਵਨਾਵਾਂ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਇਸ ਮੰਗ ਨੂੰ ਗੰਭੀਰਤਾ ਨਾਲ ਲਵੇਗਾ ਕਿਉਂਕਿ ਤਪਾ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਰੇਲ ਸਹੂਲਤਾਂ ਤੋਂ ਵਾਂਝਾ ਰੱਖਣਾ ਇਲਾਕੇ ਦੇ ਵਿਕਾਸ ਵਿਚ ਰੁਕਾਵਟ ਬਣ ਰਿਹਾ ਹੈ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ: ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਸ਼ਹਿਰ ਵਾਸੀ ਮਿਲ ਚੁੱਕੇ ਹਨ ਪਰ ਸਫ਼ਰ ਫਾਸਟ ਗੱਡੀਆਂ ਦਾ ਠਹਿਰਾਅ ਨਹੀਂ ਹੋ ਸਕਿਆ। ਇਸ ਸਬੰਧੀ ਜਦੋਂ ਰੇਲਵੇ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਸਮੇਂ ਲੰਘਣ ਵਾਲੀ ਵਾਡਮੇਰ ਤੋਂ ਹਰਿਦੁਆਰ ਜਾਣ ਵਾਲੀ ਯਾਤਰੀ ਗੱਡੀ ਨੰਬਰ 14888 ਅਤੇ ਬੀਕਾਨੇਰ ਤੋਂ ਸਰਾਏਰੋਲਾ ਜਾਣ ਵਾਲੀ ਯਾਤਰੀ ਗੱਡੀ 12456 ਸੁਪਰ-ਫਾਸਟ ਤਪਾ ਰੇਲਵੇ ਸਟੇਸ਼ਨ ’ਤੇ ਨਹੀਂ ਰੁਕਦੀਆਂ ਹਨ ਇਸ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਨੂੰ ਲੰਘਣ ਵਾਲੀ ਹਫ਼ਤਾਵਾਰੀ ਸੁਪਰ-ਫਾਸਟ ਯਾਤਰੀ ਗੱਡੀ ਵੀ ਤਪਾ ਦੇ ਰੇਲਵੇ ਸਟੇਸ਼ਨ ’ਤੇ ਨਹੀਂ ਰੁਕਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਵੀ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ, ਇੱਥੇ ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਭਾਜਪਾ ਦੇ ਆਗੂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਗੱਡੀਆਂ ਦੇ ਠਹਿਰਾਅ ਲਈ ਮਿਲ ਚੁੱਕੇ ਹਨ ਪਰ ਗੱਲ ਨਹੀਂ ਬਣੀ।
ਤਪਾ ਰੇਲਵੇ ਸਟੇਸ਼ਨ ’ਤੇ ਸੁਪਰ-ਫਾਸਟ ਗੱਡੀਆਂ ਦੇ ਨਾ ਰੁਕਣ ਕਾਰਨ ਵਪਾਰੀਆਂ ਅਤੇ ਯਾਤਰੀਆਂ ਵਿਚ ਨਿਰਾਸ਼ਾ
ਅਜੀਤ ਡੈਸਕ
18-07-2026