ਰੂੜੇਕੇ ਕਲਾਂ, 19 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਟਰਾਈਡੈਂਟ ਉਦਯੋਗ ਧੌਲਾ ਦੇ ਢਾਬਿਆਂ, ਵਰਕਸ਼ਾਪ ਤੇ ਦੁਕਾਨਾਂ ਦੇ ਮਾਲਕਾਂ ਨੇ ਹਰ ਸਮੇਂ ਫੈਲ ਰਹੀ ਗੰਦੀ ਬਦਬੂ ਅਤੇ ਵੱਡੀ ਮਾਤਰਾ ’ਚ ਫੈਲੀਆਂ ਮੱਖੀਆਂ ਤੋਂ ਦੁਖੀ ਹੋ ਕੇ ਗੰਦਗੀ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਜ਼ਿਮੀਂਦਾਰਾਂ ਢਾਬਾ ਦੇ ਮਾਲਕ ਭਗਵੰਤ ਸਿੰਘ ਹੰਡਿਆਇਆ, ਮਨੀ ਕਰਿਆਨਾ ਸਟੋਰ ਦੇ ਮਾਲਕ ਰੋਹਿਤ ਗਰਗ, ਨੀਸ਼ੂ ਢਾਬਾ ਦੇ ਪ੍ਰਬੰਧਕ ਨੀਸੂ, ਸੀ.ਜੇ.ਐਗਰੀਕਲਚਰ ਵਰਕਸ ਦੇ ਮਾਲਕ ਯੋਗੇਸ਼ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਮੀਂਦਾਰਾਂ ਢਾਬਾ ਦੇ ਬਿਲਕੁਲ ਸਾਹਮਣੇ ਬਰਨਾਲਾ ਮਾਨਸਾ ਮੁੱਖ ਮਾਰਗ ’ਤੇ ਧੌਲਾ ਵਿਖੇ ਆਰਕ ਬਾਇਓ ਖਾਦ ਦੇ ਪ੍ਰਬੰਧਕਾਂ ਵਲੋਂ 5-6 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਉਸ ਵਿਚ ਗੋਬਰ ਫੈਲਾਇਆ ਜਾ ਰਿਹਾ ਹੈ। ਜਿਸ ਵਿਚੋਂ ਕਿ 24 ਘੰਟੇ ਗੰਦੀ ਬਦਬੂ ਫੈਲ ਰਹੀ ਹੈ। ਗੰਦੀ ਬਦਬੂ ਕਾਰਨ ਵੱਡੀ ਗਿਣਤੀ ਵਿਚ ਮੱਖੀਆਂ ਆ ਚੁੱਕੀਆਂ ਹਨ। ਗੰਦੀ ਬਦਬੂ ਅਤੇ ਵੱਡੀ ਗਿਣਤੀ ਵਿਚ ਮੱਖੀਆਂ ਨੇ ਢਾਬਿਆਂ, ਵਰਕਸ਼ਾਪ ਤੇ ਦੁਕਾਨਦਾਰਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਹੋਟਲ, ਢਾਬਿਆਂ ਤੇ ਕੰਮ ਕਰਨ ਵਾਲੇ ਵਿਅਕਤੀ ਜਦੋਂ ਵੀ ਰੋਟੀ ਖਾਂਦੇ ਹਨ ਜਾਂ ਚਾਹ ਪਾਣੀ ਪੀਂਦੇ ਹਨ ਤਾਂ ਹਜ਼ਾਰਾਂ ਦੀ ਵੱਡੀ ਗਿਣਤੀ ਵਿਚ ਮੱਖੀਆਂ ਆ ਜਾਂਦੀਆਂ ਹਨ। ਗੰਦੀ ਬਦਬੂ ਅਤੇ ਮੱਖੀਆਂ ਕਾਰਨ ਹੋਟਲ, ਢਾਬਿਆਂ, ਦੁਕਾਨਾਂ ’ਤੇ ਗਾਹਕ ਨਹੀਂ ਆ ਰਹੇ ਹਨ। ਕਾਰੋਬਾਰ ਮੱਖੀਆਂ ਕਾਰਨ ਘਾਟੇ ਵਿਚ ਜਾ ਰਹੇ ਹਨ। ਗੰਦੀ ਬਦਬੂ ਅਤੇ ਵੱਡੀ ਮਾਤਰਾਂ ਵਿਚ ਪੈਦਾ ਹੋਈਆਂ ਮੱਖੀਆਂ ਕਾਰਨ ਇਲਾਕਾ ਨਿਵਾਸੀਆਂ ਤੇ ਨਜ਼ਦੀਕ ਵਸਨੀਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਬਰਨਾਲਾ ਮਾਨਸਾ ਮੁੱਖ ਮਾਰਗ ’ਤੇ ਲੰਘਣ ਵਾਲੇ ਰਾਹਗੀਰਾਂ ਨੂੰ ਗੰਦੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿਚ ਮੱਖੀਆਂ ਤੇ ਗੰਦੀ ਬਦਬੂ ਫੈਲ ਚੁੱਕੀ ਹੈ ਸਬੰਧਿਤ ਵਿਭਾਗ ਦੇ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ। ਇਕੱਤਰ ਹੋਏ ਦੁਕਾਨਦਾਰਾਂ, ਢਾਬੇ ਤੇ ਵਰਕਸ਼ਾਪ ਦੇ ਮਾਲਕਾਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਫੈਲ ਰਹੀ ਗੰਦੀ ਬਦਬੂ ਅਤੇ ਵੱਡੀ ਮਾਤਰਾਂ ਵਿਚ ਫੈਲੀਆਂ ਮੱਖੀਆਂ ਦਾ ਹੱਲ ਕੀਤਾ ਜਾਵੇ। ਗੰਦਗੀ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਰਕ ਬਾਇਓ ਖਾਦ ਪਲਾਂਟ ਦੇ ਪ੍ਰਬੰਧਕ ਅਭੀਨਵ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡਾ ਪਲਾਂਟ ਗਰੀਨ ਕੈਟਾਗਰੀ ਵਿਚ ਆਉਂਦਾ ਹੈ ਸਾਡੇ ਵਲੋਂ ਕੋਈ ਪ੍ਰਦੂਸ਼ਣ ਨਹੀਂ ਫੈਲਾਇਆ ਜਾ ਰਿਹਾ ਹੈ। ਇਲਾਕੇ ਵਿਚ ਮੌਜੂਦ ਢਾਬਿਆਂ ਦੇ ਪ੍ਰਬੰਧਕਾਂ ਵਲੋਂ ਇਲਾਕੇ ਵਿਚ ਸੁੱਟੀ ਜਾ ਰਹੀ ਖੁੱਲੇ੍ਹਆਮ ਢਾਬਿਆਂ ਦੀ ਰਹਿੰਦ ਖੂੰਹਦ ਕਾਰਨ ਗੰਦੀ ਬਦਬੂ ਅਤੇ ਮੱਖੀਆਂ ਫੈਲ ਰਹੀਆਂ ਹਨ। ਸਾਡੇ ਪਲਾਂਟ ਵਿਚ ਕੋਈ ਮੱਖੀ ਪੈਦਾ ਨਹੀਂ ਹੁੰਦੀ ਨਾ ਹੀ ਗੰਦੀ ਬਦਬੂ ਫੈਲਦੀ ਹੈ। ਇਲਾਕੇ ਵਿਚ ਗੰਦਗੀ ਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਗੰਦੀ ਬਦਬੂ ਤੇ ਮੱਖੀਆਂ ਤੋਂ ਦੁਖੀ ਢਾਬੇ ਤੇ ਦੁਕਾਨਦਾਰਾਂ ਨੇ ਕਾਰਵਾਈ ਦੀ ਕੀਤੀ ਮੰਗ
ਅਜੀਤ ਡੈਸਕ
20-07-2026