ਲਹਿਰਾਗਾਗਾ, 23 ਜੁਲਾਈ (ਅਸ਼ੋਕ ਗਰਗ)–ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਲਗਾਤਾਰ ਯਤਨਾਂ ਸਦਕਾ ਪਿਛਲੇ ਕਰੀਬ ਛੇ ਸਾਲਾਂ ਤੋਂ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿਚ ਮੈਡੀਕਲ ਕਾਲਜ ਸਥਾਪਤ ਕਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਾਲਜ ਵਿੱਚ ਸਫ਼ਾਈ ਅਤੇ ਮੁਰੰਮਤ ਦੇ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਨਾਲ ਇਲਾਕੇ ਦੇ ਲੋਕਾਂ ਅਤੇ ਵਿਦਿਆਰਥੀਆਂ ਵਿਚ ਨਵੀਂ ਉਮੀਦ ਜਾਗੀ ਹੈ ਕਿ ਜਲਦ ਹੀ ਇਸ ਇਤਿਹਾਸਕ ਸੰਸਥਾ ਵਿਚ ਮੈਡੀਕਲ ਸਿੱਖਿਆ ਸ਼ੁਰੂ ਹੋਵੇਗੀ। ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਕਾਲਜ ਦਾ ਦੌਰਾ ਕਰਕੇ ਚੱਲ ਰਹੇ ਸਫ਼ਾਈ ਅਤੇ ਹੋਰ ਤਿਆਰੀ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਮੌਕੇ ‘ਤੇ ਮੌਜੂਦ ਸਟਾਫ਼ ਨਾਲ ਵੀ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਕਾਲਜ ਨੂੰ ਜਲਦ ਤੋਂ ਜਲਦ ਚਾਲੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਸ਼ੁਰੂ ਹੋਣ ਨਾਲ ਲਹਿਰਾਗਾਗਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਮੈਡੀਕਲ ਸਿੱਖਿਆ ਆਪਣੇ ਖੇਤਰ ਵਿੱਚ ਹੀ ਉਪਲਬਧ ਹੋ ਸਕੇਗੀ ਅਤੇ ਲੋਕਾਂ ਨੂੰ ਵੀ ਬਿਹਤਰ ਸਿਹਤ ਸਹੂਲਤਾਂ ਦਾ ਲਾਭ ਮਿਲੇਗਾ।ਇਸ ਦੌਰਾਨ ਡਾਕਟਰ ਰਜਨੀਸ਼ ਨੇ ਗੌਰਵ ਗੋਇਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੈਡੀਕਲ ਕਾਲਜ ਸ਼ੁਰੂ ਕਰਨ ਦੀ ਪ੍ਰਕਿਰਿਆ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ , ਬਿਲਡਿੰਗ ਵਿੱਚ ਰੰਗ ਰੋਗਨ ਸਮੇਤ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜਦ ਵੀ ਇਹ ਕੰਮ ਨੇਪਰੇ ਚੜ ਜਾਂਦਾ ਹੈ ਤਾਂ ਇੱਥੇ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਪ੍ਰਾਜੈਕਟ ਜਲਦੀ ਸਿਰੇ ਚੜ੍ਹਦਾ ਹੈ ਤਾਂ ਲਹਿਰਾਗਾਗਾ ਖੇਤਰ ਨੂੰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਇੱਕ ਵੱਡੀ ਸੌਗਾਤ ਮਿਲੇਗੀ ਅਤੇ ਸੈਂਕੜੇ ਵਿਦਿਆਰਥੀਆਂ ਨੂੰ ਆਪਣੇ ਘਰ ਦੇ ਨੇੜੇ ਹੀ ਮੈਡੀਕਲ ਸਿੱਖਿਆ ਪ੍ਰਾਪਤ ਹੋਵੇਗੀ। ਇਸ ਮੌਕੇ ਡੀ ਐਸ ਪੀ ਲਹਿਰਾਗਾਗਾ ਪਲਵਿੰਦਰ ਸਿੰਘ, ਸੀਬਾ ਸਕੂਲ ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਆਪ ਆਗੂ ਦੀਪਕ ਜੈਨ, ਯੁਗੇਸ਼ ਟੋਨੀ ਖੰਡੇਬਾਦ, ਪ੍ਰਮੋਦ ਕੁਮਾਰ ਲੋਗੀ, ਮਨਜੀਤ ਮੱਖਣ ਮੌਜੂਦ ਸਨ।