ਤਪਾ ਮੰਡੀ, 23 ਜੁਲਾਈ (ਪ੍ਰਵੀਨ ਗਰਗ)-ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ 27 ਜੁਲਾਈ ਨੂੰ ਹੋਣ ਵਾਲੀ ਬਰਨਾਲਾ ਫੇਰੀ ਨੂੰ ਲੈ ਕੇ ਪਾਰਟੀ ਦੇ ਅਹੁਦੇਦਾਰਾਂ ਵਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਹਲਕਾ ਭਦੌੜ ਦੇ ਇੰਚਾਰਜ ਧਰਮ ਸਿੰਘ ਫ਼ੌਜੀ ਅਤੇ ਜ਼ਿਲ੍ਹਾ ਜਰਨਲ ਸਕੱਤਰ ਸੋਮਨਾਥ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਤਪਾ ਵਿਖੇ ਹੋਈ। ਮੀਟਿੰਗ ਦੌਰਾਨ ਵਰਕਰ ਮਿਲਣੀ ਨੂੰ ਇਤਿਹਾਸਕ ਬਣਾਉਣ ਲਈ ਵੱਖ-ਵੱਖ ਮੰਡਲਾਂ ਦੇ ਅਹੁਦੇਦਾਰਾਂ ਅਤੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਪਾਰਟੀ ਆਗੂਆਂ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਸਰਦਾਰ ਕੇਵਲ ਸਿੰਘ ਢਿੱਲੋਂ ਪਾਰਟੀ ਵਰਕਰਾਂ ਨਾਲ ਰੂਬਰੂ ਹੋਣਗੇ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਦੇਣਗੇ। ਇਸ ਤੋਂ ਇਲਾਵਾ ਸਥਾਨਕ ਅਤੇ ਸੂਬਾਈ ਪੱਧਰ ਦੇ ਵੱਖ-ਵੱਖ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਜ਼ਿਲ੍ਹਾ ਜਨਰਲ ਸਕੱਤਰ ਸੋਮਨਾਥ ਸ਼ਰਮਾ ਨੇ ਕਿਹਾ ਕਿ ਇਹ ਸਮਾਗਮ ਪਾਰਟੀ ਦੀਆਂ ਆਉਣ ਵਾਲੀਆਂ ਸਰਗਰਮੀਆਂ ਅਤੇ ਸੰਗਠਨਾਤਮਕ ਮਜ਼ਬੂਤੀ ਦਾ ਅਹਿਮ ਪੜਾਅ ਸਾਬਤ ਹੋਵੇਗਾ ਅਤੇ ਇਸ ਫੇਰੀ ਨਾਲ ਭਾਜਪਾ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਵਰਕਰਾਂ ਵਿਚ ਨਵਾਂ ਉਤਸ਼ਾਹ ਅਤੇ ਜੋਸ਼ ਪੈਦਾ ਹੋਵੇਗਾ। ਇਸ ਮੌਕੇ ਭਾਜਪਾ ਤਪਾ ਮੰਡਲ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ, ਜਗਤਾਰ ਸਿੰਘ ਮੰਡਲ ਪ੍ਰਧਾਨ ਰੂੜੇਕੇ ਕਲਾਂ, ਹਰਬਖਸ਼ੀਸ਼ ਸਿੰਘ ਗੋਨੀ ਸਾਬਕਾ ਕੌਂਸਲਰ ਬਰਨਾਲਾ, ਸਾਬਕਾ ਫ਼ੌਜੀ ਬਸੰਤ ਸਿੰਘ ਉੱਗੋਕੇ, ਹਰੀਸ਼ ਚੰਦਰ ਗੋਸ਼ਾ, ਪਰੈਟੀ ਭਾਰਤੀ, ਰਾਜ ਸਿੰਘ ਪੱਖੋ ਕਲਾਂ, ਗੁਰਤੇਜ ਸਿੰਘ ਕਾਹਨੇਕੇ, ਬਿੱਟੂ ਪੱਖੋ ਕਲਾਂ, ਰਾਮ ਸਿੰਘ ਰੂੜੇਕੇ ਕਲਾਂ, ਬਿੱਕਰ ਸਿੰਘ ਕਾਹਨੇਕੇ, ਸੈਕਟਰੀ ਸੁਖਵਿੰਦਰ ਸਿੰਘ ਧੌਲਾ, ਜਗਜੀਤ ਸਿੰਘ ਧੌਲਾ, ਜਸਬੀਰ ਸਿੰਘ ਧੌਲਾ, ਜੱਗਰ ਸਿੰਘ ਕਾਹਨੇਕੇ, ਸਾਬਕਾ ਕੌਂਸਲਰ ਮੱਖਣ ਲਾਲ, ਲਵਲੀ ਸਿੰਘ ਤਪਾ, ਵੀਰਪਾਲ ਘੁੰਨਸ, ਪਰਮਜੀਤ ਢਿਲਵਾਂ ਆਦਿ ਪਾਰਟੀ ਵਰਕਰ ਮੌਜੂਦ ਸਨ।