ਤਪਾ ਮੰਡੀ, 31 ਜੁਲਾਈ (ਵਿਜੇ ਸ਼ਰਮਾ)-ਪੰਜਾਬ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਫ਼ਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੀ ਹਾਲਤ ਹਰ ਰੋਜ਼ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ ਜਿਸ ਕਰ ਕੇ ਹਰ ਗਲੀ ਮੁਹੱਲੇ ਦੇ ਮੋੜ ’ਤੇ ਕੂੜੇ ਦੇ ਢੇਰ ਅਤੇ ਸੀਵਰੇਜ ਦੇ ਗੰਦੇ ਪਾਣੀ ਖੜਨ ਕਰ ਕੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ। ਜਿਸ ਕਾਰਨ ਲੋਕ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਕੋਸ ਰਹੇ ਹਨ। ਜੇ ਗੱਲ ਕਰੀਏ ਸ਼ਹਿਰ ਦੀ ਜੋਗੀ ਬਸਤੀ, ਜਿਸ ਦਾ ਹਾਲ ਸਭ ਤੋਂ ਬੁਰਾ ਹੋਇਆ ਪਿਆ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਗਲੀਆਂ ਵਿਚ ਸੀਵਰੇਜ ਦੇ ਖੜੇ ਗੰਦੇ ਪਾਣੀ ਵਿਚੋਂ ਸੜੇਹਾਨ ਮਾਰਨ ਲੱਗ ਪਈ ਹੈ ਜਿਸ ਕਰ ਕੇ ਜੋਗੀ ਬਸਤੀ ਦੇ ਲੋਕ ਮਜਬੂਰੀ ਵੱਸ ਆਪਣੀ ਇੱਕ ਵੱਖਰੀ ਜ਼ਿੰਦਗੀ ਜਿਉਂ ਰਹੇ ਹਨ। ਇਸ ਲਈ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇੱਕ ਵਾਰ ਜੋਗੀ ਬਸਤੀ ਦਾ ਗੇੜਾ ਜ਼ਰੂਰ ਲਗਾ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਬਸਤੀ ਦੀਆਂ ਔਰਤਾਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀਆਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਜਿਸ ਕਰ ਕੇ ਅਸੀਂ ਹਰ ਰੋਜ਼ ਸੰਤਾਪ ਭੋਗ ਰਹੇ ਹਾਂ, ਕਿਉਂਕਿ ਗੰਦੇ ਪਾਣੀ ਦੇ ਖੜਨ ਕਰਕੇ ਕਿਸੇ ਪਾਸੇ ਵੀ ਲੰਘਣ ਲਈ ਕੋਈ ਵੀ ਰਸਤਾ ਨਹੀਂ ਹੈ। ਬਸਤੀ ਦੇ ਆਲ਼ੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੁਰਾ ਹਾਲ ਜੋਗੀ ਬਸਤੀ ਦਾ ਗੰਦੇ ਪਾਣੀ ਕਾਰਨ ਹੋਇਆ ਹੈ। ਸ਼ਾਇਦ ਹੋਰ ਕਿਸੇ ਬਸਤੀ ਦਾ ਹੋਇਆ ਹੋਵੇ। ਜ਼ਿਕਰਯੋਗ ਹੈ ਕਿ ਕੂੜੇ ਦੇ ਢੇਰ ਅਤੇ ਸੀਵਰੇਜ ਦਾ ਪਾਣੀ ਤਾਂ ਹਰ ਕਿਤੇ ਜਿਉਂ ਤਾਂ ਤਿਉਂ ਖੜ੍ਹਾ ਹੈ ਪਰ ਜੋਗੀ ਬਸਤੀ ਦੀਆਂ ਗਲੀਆਂ ਗੰਦੇ ਪਾਣੀ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ, ਜਿੱਥੇ ਦੋ ਮਿੰਟ ਖੜੇ ਹੋਣਾ ਵੀ ਕਿਸੇ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਪਰ ਜੋਗੀ ਬਸਤੀ ਦੇ ਲੋਕ ਦਿਨ ਰਾਤ ਉੱਥੇ ਰਹਿ ਰਹੇ ਹਨ ਜੋ ਕਿ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਅਗਰ ਹਫ਼ਤੇ ਤੱਕ ਬਸਤੀ ਵਿਚੋਂ ਗੰਦੇ ਪਾਣੀ ਦਾ ਕੋਈ ਹੱਲ ਨਾ ਹੋਇਆ ਤਾਂ ਸ਼ਹਿਰ ਨਾਮੁਰਾਦ ਬਿਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦੱਸਣਯੋਗ ਹੈ ਕਿ ਸਫ਼ਾਈ ਸੇਵਕਾਂ ਵਲੋਂ 30 ਜੁਲਾਈ ਨੂੰ ਪੰਜਾਬ ਬੰਦ ਦੀ ਕਾਲ ਕੀਤੀ ਹੋਈ ਸੀ ਜਿਸ ਦਾ ਸ਼ਾਇਦ ਕੋਈ ਵੀ ਅਸਰ ਸੂਬਾ ਸਰਕਾਰ ’ਤੇ ਨਾ ਹੋਇਆ ਹੋਵੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਫ਼ਾਈ ਸੇਵਕਾਂ ਦੇ ਮਸਲੇ ਦਾ ਕੋਈ ਪੱਕਾ ਹੱਲ ਕੱਢ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਖ਼ਤਮ ਕਰਵਾਇਆ ਜਾਵੇ ਤਾਂ ਜੋ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ।