ਤਪਾ ਮੰਡੀ, 31 ਜੁਲਾਈ (ਪ੍ਰਵੀਨ ਗਰਗ)-ਤਪਾ ਸ਼ਹਿਰ ਤੋਂ ਪਵਿੱਤਰ ਕਾਂਵੜ ਯਾਤਰਾ ’ਤੇ ਗਏ ਸ਼ਰਧਾਲੂ ਕਾਂਵੜੀਆਂ ਨੇ ਉੱਤਰਾਖੰਡ ਸਥਿਤ ਪਵਿੱਤਰ ਗੰਗੋਤਰੀ ਧਾਮ ਵਿਖੇ ਮਾਂ ਗੰਗਾ ਦੇ ਦਰਸ਼ਨ ਕਰ ਕੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸ਼ਰਧਾਲੂਆਂ ਨੇ ਗੰਗਾ ਦੇ ਪਵਿੱਤਰ ਜਲ ਨਾਲ ਕਾਂਵੜ ਭਰੀ ਅਤੇ ਭਗਵਾਨ ਸ਼ਿਵ ਨੂੰ ਜਲ ਅਰਪਿਤ ਕਰਨ ਦਾ ਸੰਕਲਪ ਲਿਆ। ਕਾਂਵੜੀਆਂ ਨੇ ਦੱਸਿਆ ਕਿ ਗੰਗੋਤਰੀ ਧਾਮ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਅਤਿਅੰਤ ਆਤਮਿਕ ਸ਼ਾਂਤੀ ਅਤੇ ਅਨੰਦ ਦੀ ਪ੍ਰਾਪਤੀ ਹੋਈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਉਨ੍ਹਾਂ ਦੇ ਜੀਵਨ ਦੀ ਇੱਕ ਅਭੁੱਲ ਅਤੇ ਪਵਿੱਤਰ ਯਾਦ ਬਣ ਗਈ ਹੈ। ਯਾਤਰਾ ਦੌਰਾਨ ਕਾਂਵੜੀਆਂ ਵਿਚ ਭਾਰੀ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ। ਸ਼ਰਧਾਲੂ ਹੁਣ ਪਵਿੱਤਰ ਗੰਗਾਜਲ ਲੈ ਕੇ ਆਪਣੇ ਗੰਤਵਿਆਂ ਵੱਲ ਰਵਾਨਾ ਹੋ ਗਏ, ਜਿੱਥੇ ਉਹ ਸ਼ਰਧਾ ਭਾਵ ਨਾਲ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨਗੇ। ਇਸ ਮੌਕੇ ਨਰੇਸ਼ ਕੁਮਾਰ ਨੇਸ਼ੂ ਤਾਜੋ, ਅਨੀਸ਼ ਮੌੜ, ਮੋਹਿਤ ਭੂਤ, ਦੇਵਾਂਸ਼ ਸਿੰਗਲਾ, ਰੂਬੀ ਗਰਗ, ਪਰਵੀਨ ਸ਼ਰਮਾ, ਸਾਹਿਲ ਆਦਿ ਵੱਡੀ ਗਿਣਤੀ ’ਚ ਕਾਂਵੜੀਏ ਹਾਜ਼ਰ ਸਨ।