ਮਹਿਲ ਕਲਾਂ, 31 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਗੁੰਮਟੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ’ਚ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦੇ ਭੋਗ ਉਪਰੰਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਗੁਰੂ ਚਰਨਾਂ ’ਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸਮਾਜ ਸੇਵੀ ਭਾਨ ਸਿੰਘ ਜੱਸੀ (ਜੱਸੀ ਪੇਧਨੀ) ਨੇ ਗੁਰੂ ਘਰ ਦੀ ਸੇਵਾ ਲਈ 5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਸਮਾਗਮ ਵਿਚ ਹਾਜ਼ਰ ਮਾਵਾਂ ਅਤੇ ਭੈਣਾਂ ਨੂੰ ਸ਼ਰਧਾ ਸਹਿਤ ਚੁੰਨੀਆਂ ਭੇਟ ਕਰ ਕੇ ਸੇਵਾ ਦਾ ਫ਼ਰਜ਼ ਨਿਭਾਇਆ ਗਿਆ, ਜਿਸ ਦੀ ਸੰਗਤ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਜੱਸੀ ਪੇਧਨੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਦੇ ਜਾਤ-ਪਾਤ, ਉੱਚ-ਨੀਚ ਅਤੇ ਸਮਾਜਿਕ ਵਿਤਕਰੇ ਦੇ ਵਿਰੁੱਧ ਨਿਡਰ ਹੋ ਕੇ ਆਵਾਜ਼ ਬੁਲੰਦ ਕੀਤੀ ਅਤੇ ਸਮੁੱਚੀ ਮਨੁੱਖਤਾ ਨੂੰ ਸਮਾਨਤਾ, ਭਾਈਚਾਰੇ ਅਤੇ ਇਨਸਾਫ਼ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰ ਕੇ ਇਸ ਨੂੰ ਸਮੁੱਚੀ ਮਨੁੱਖਤਾ ਲਈ ਸਦੀਵੀ ਮਾਰਗ ਦਰਸ਼ਨ ਦਾ ਸਰੋਤ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਇੱਕ ਵਰਗ ਜਾਂ ਭਾਈਚਾਰੇ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਰੱਬੀ ਸੰਦੇਸ਼ ਹੈ। ਇਹ ਬਾਣੀ ਦੱਬੇ-ਕੁਚਲੇ, ਗ਼ਰੀਬ, ਮਜ਼ਲੂਮ ਅਤੇ ਸ਼ੋਸ਼ਿਤ ਲੋਕਾਂ ਨੂੰ ਸਨਮਾਨ ਨਾਲ ਜੀਵਨ ਜਿਊਣ ਦੀ ਪੇ੍ਰਰਨਾ ਦਿੰਦੀ ਹੈ ਅਤੇ ਹਰ ਮਨੁੱਖ ਨੂੰ ਬਰਾਬਰੀ, ਪਿਆਰ, ਸੱਚ, ਸੇਵਾ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅੱਜ ਦੇ ਸਮੇਂ ਵਿਚ ਸਮਾਜ ਨੂੰ ਵੰਡਣ ਅਤੇ ਗੁੰਮਰਾਹ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਹਰ ਵਿਅਕਤੀ ਨੂੰ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਢਾਲਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਆਪਸੀ ਭਾਈਚਾਰਾ, ਏਕਤਾ ਅਤੇ ਸਮਾਜਿਕ ਸਾਂਝ ਹੋਰ ਮਜ਼ਬੂਤ ਹੋ ਸਕੇ।.ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਸਿੰਘ ਗੁੰਮਟੀ, ਜਥੇਦਾਰ ਭੋਲਾ ਸਿੰਘ, ਮੀਤ ਪ੍ਰਧਾਨ ਬਹਾਦਰ ਸਿੰਘ, ਖ਼ਜ਼ਾਨਚੀ ਚਮਕੌਰ ਸਿੰਘ, ਹਰਭਜਨ ਸਿੰਘ ਬਿੱਲੂ, ਜੇ.ਈ. ਰੁਲਦੂ ਸਿੰਘ ਅਤੇ ਗ੍ਰੰਥੀ ਭਾਈ ਪ੍ਰੀਤਮ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ ਅਤੇ ਉਨ੍ਹਾਂ ਦੇ ਸਮਾਜਿਕ ਸੁਧਾਰਾਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਨ ਸਿੰਘ ਜੱਸੀ ਨੂੰ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਲੰਬੇ ਸਮੇਂ ਤੋਂ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ, ਸਮਾਜ ਭਲਾਈ ਦੇ ਕਾਰਜਾਂ ਵਿਚ ਨਿਰੰਤਰ ਯੋਗਦਾਨ ਪਾਉਣ ਅਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਕਰਨ ਲਈ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੰਗਤ ਨੇ ਵੀ ਉਨ੍ਹਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ।