ਐਸ.ਡੀ.ਐਮ. ਦਫ਼ਤਰ ਤਪਾ ’ਚ ਪਲੇਸਮੈਂਟ ਕੈਂਪ ਲਾਇਆ
ਤਪਾ ਮੰਡੀ, 17 ਸਤੰਬਰ (ਪ੍ਰਵੀਨ ਗਰਗ)-ਐਸ. ਡੀ.
ਤਪਾ ਮੰਡੀ, 17 ਸਤੰਬਰ (ਪ੍ਰਵੀਨ ਗਰਗ)-ਐਸ.ਡੀ.ਐਮ. ਤਪਾ ਆਯੂਸ਼ ਗੋਇਲ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਤਪਾ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਇਕ ਵਿਸ਼ੇਸ਼ ਪਲੇਸਮੈਂਟ ਕੈਂਪ ਲਾਇਆ ਗਿਆ। ਜਿਸ ਵਿਚ ਐਕਸਿਸ ਬੈਂਕ, ਰੈਕਸਾ ਸਕਿਉਰਿਟੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਲੋਟਸ ਗਲੋਬਲ ਐਂਟਰਪ੍ਰਾਈਜ਼ਿਜ਼ ਲਿਮਟਿਡ, ਮਿਡਲੈਂਡ ਮਾਈਕ੍ਰੋ ਫਾਈਨੈਂਸ ਅਤੇ ਸੈਫਰੋਨ ਸਨ ਸਕਿਉਰਿਟੀ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਕੰਪਨੀਆਂ ਵਲੋਂ ਅਸਿਸਟੈਂਟ ਮੈਨੇਜਰ, ਸੇਲਜ਼ ਅਫ਼ਸਰ, ਸਕਿਉਰਟੀ ਗਾਰਡ, ਰਿੰਗ ਫਰੇਮ ਓਪਰੇਟਰ, ਵਾਈਂਡਿੰਗ ਓਪਰੇਟਰ, ਸਟੀਚਰ, ਫੀਲਡ ਅਫ਼ਸਰ, ਗੰਨਮੈਨ, ਕੰਪਿਊਟਰ ਓਪਰੇਟਰ, ਸੁਪਰਵਾਈਜ਼ਰ, ਹਾਊਸ ਕੀਪਿੰਗ/ਕੁੱਕ, ਹੈਲਪਰਜ਼, ਇਲੈਕਟਰੀਸ਼ੀਅਨ, ਵੈਲਡਰ, ਮਕੈਨੀਕਲ ਆਦਿ ਆਸਾਮੀਆਂ ਲਈ ਭਰਤੀ ਕੀਤੀ ਗਈ। ਇਸ ਲਈ 10ਵੀਂ ਤੋਂ ਗ੍ਰੈਜੂਏਸ਼ਨ (ਲੜਕੇ ਅਤੇ ਲੜਕੀਆਂ ਦੋਵੇਂ ਯੋਗ) ਉਮਰ ਸੀਮਾ 18 ਤੋਂ 45 ਸਾਲ ਫਰੈਸ਼ਰ ਅਤੇ ਤਜਰਬੇਕਾਰ ਦੋਵੇਂ ਪ੍ਰਾਰਥੀ ਵਿਚਾਰੇ ਗਏ। ਇਸ ਤੋਂ ਇਲਾਵਾ ਕੈਂਪ ਦੌਰਾਨ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਡੇਅਰੀ ਵਿਭਾਗ, ਮੱਛੀ ਪਾਲਣ ਵਿਭਾਗ ਅਤੇ ਕਾਮਨ ਸਰਵਿਸ ਸੈਂਟਰ ਵਲੋਂ ਸਵੈ-ਰੋਜ਼ਗਾਰ ਟਰੇਨਿੰਗ ਅਤੇ ਸਰਕਾਰੀ ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ 400 ਤੋਂ ਵੱਧ ਆਸਾਮੀਆਂ ਲਈ ਭਰਤੀ ਲਈ ਨੌਜਵਾਨਾਂ ਨੂੰ ਅਪਲਾਈ ਕਰਵਾਇਆ ਗਿਆ ਅਤੇ ਇੰਟਰਵਿਊ ਹੋਈ। ਇਸ ਮੌਕੇ ਐਸ.ਡੀ.ਐਮ ਵਲੋਂ ਨੌਜਵਾਨਾਂ ਨਾਲ ਨੁਕਤੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਮਿਹਨਤ, ਅਨੁਸ਼ਾਸਨ ਅਤੇ ਸਹੀ ਦਿਸ਼ਾ ਅਪਣਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ।