ਭਦੌੜ ਦੇ ਪਬਲਿਕ ਸਟੇਡੀਅਮ ਪ੍ਰਤੀ ‘ਆਪ’ ਸਰਕਾਰ ਦੀ ਅਣਦੇਖੀ ਖਿਡਾਰੀਆਂ ਲਈ ਬਣੀ ਚਿੰਤਾ ਦਾ ਵਿਸ਼ਾ
ਭਦੌੜ, 22 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਉੱਭਰਦੇ ਖਿਡਾਰੀਆਂ ਅਤੇ ਬੱਚਿਆਂ ਅੰਦਰ ਜ਼ਮੀਨੀ ਪੱਧਰ ਤੋਂ ਹੀ ਖੇਡ ਪ੍ਰਤਿਭਾ ਨੂੰ ਲੱਭ ਕੇ ਅੰਤਰਰਾਸ਼ਟਰੀ ਪੱਧਰ ਤੱਕ ਤਿਆਰ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੇਂਡੂ ਖੇਡ ਮੈਦਾਨਾਂ ਨੂੰ ਤਿਆਰ ਕਰਨ ਅਤੇ ਜਿੰਮ ਦੇਣ ਕੀਤੇ ਜਾ ਰਹੇ ਵਾਅਦੇ ਭਦੌੜ ਦੀ ਧਰਤੀ ਤੋਂ ਕੋਹਾਂ ਦੂਰ ਦਿਖਾਈ ਦਿੰਦੇ ਹਨ। ਪਬਲਿਕ ਖੇਡ ਸਟੇਡੀਅਮ ਭਦੌੜ ਅੰਦਰ ਬਣੇ ਵਾਲੀਬਾਲ ਗਰਾਊਂਡ, ਬੈਡਮਿੰਟਨ ਗਰਾਊਂਡ, ਕ੍ਰਿਕਟ ਪਿੱਚ, ਬਾਸਕਟਬਾਲ ਗਰਾਊਂਡ, ਬੈਡਮਿੰਟਨ ਗਰਾਊਂਡ, ਫੁੱਟਬਾਲ ਗਰਾਊਂਡ ਸਮੇਤ ਹੋਰ ਖੇਡਾਂ ਖੇਡਦੇ ਖਿਡਾਰੀਆਂ ਲਈ ਸਟੇਡੀਅਮ ਅੰਦਰਲੀਆਂ ਘਾਟਾਂ ਨਾਲ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਜੂਝਣਾ ਪੈ ਰਿਹਾ ਹੈ।
ਪ
ਪਬਲਿਕ ਖੇਡ ਸਟੇਡੀਅਮ ਭਦੌੜ ਵਿਖੇ ਕੱਚੇ ਟਰੈਕ ਨੂੰ ਦਿਖਾਉਂਦੇ ਹੋਏ ਪ੍ਰਬੰਧਕ ਤੇ ਖੇਡ ਪ੍ਰੇਮੀ। ਤਸਵੀਰ : ਰਜਿੰਦਰ ਬੱਤਾ
23-09-2026
ਭਦੌੜ, 22 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਉੱਭਰਦੇ ਖਿਡਾਰੀਆਂ ਅਤੇ ਬੱਚਿਆਂ ਅੰਦਰ ਜ਼ਮੀਨੀ ਪੱਧਰ ਤੋਂ ਹੀ ਖੇਡ ਪ੍ਰਤਿਭਾ ਨੂੰ ਲੱਭ ਕੇ ਅੰਤਰਰਾਸ਼ਟਰੀ ਪੱਧਰ ਤੱਕ ਤਿਆਰ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੇਂਡੂ ਖੇਡ ਮੈਦਾਨਾਂ ਨੂੰ ਤਿਆਰ ਕਰਨ ਅਤੇ ਜਿੰਮ ਦੇਣ ਕੀਤੇ ਜਾ ਰਹੇ ਵਾਅਦੇ ਭਦੌੜ ਦੀ ਧਰਤੀ ਤੋਂ ਕੋਹਾਂ ਦੂਰ ਦਿਖਾਈ ਦਿੰਦੇ ਹਨ। ਪਬਲਿਕ ਖੇਡ ਸਟੇਡੀਅਮ ਭਦੌੜ ਅੰਦਰ ਬਣੇ ਵਾਲੀਬਾਲ ਗਰਾਊਂਡ, ਬੈਡਮਿੰਟਨ ਗਰਾਊਂਡ, ਕ੍ਰਿਕਟ ਪਿੱਚ, ਬਾਸਕਟਬਾਲ ਗਰਾਊਂਡ, ਬੈਡਮਿੰਟਨ ਗਰਾਊਂਡ, ਫੁੱਟਬਾਲ ਗਰਾਊਂਡ ਸਮੇਤ ਹੋਰ ਖੇਡਾਂ ਖੇਡਦੇ ਖਿਡਾਰੀਆਂ ਲਈ ਸਟੇਡੀਅਮ ਅੰਦਰਲੀਆਂ ਘਾਟਾਂ ਨਾਲ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਜੂਝਣਾ ਪੈ ਰਿਹਾ ਹੈ। ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਕਾਰਜਕਾਲ ਦੌਰਾਨ ਸਰਕਾਰ ਨੇ ਭਾਵੇਂ ਨੇੜਲੇ ਖੇਤਰ ਦੇ ਖੇਡ ਸਟੇਡੀਅਮਾਂ ਨੂੰ ਚੰਗੀਆਂ ਗਰਾਂਟਾਂ ਦੇ ਕੇ ਉਨ੍ਹਾਂ ਦੀ ਦਿੱਖ ਖੇਡ ਗਰਾਊਂਡਾਂ ਦੀ ਘਾਟਾਂ ਨੂੰ ਪੂਰਾ ਕਰਨ ਦੇ ਯਤਨ ਕੀਤੇ ਹਨ, ਪਰ ਭਦੌੜ ਦੇ ਪਬਲਿਕ ਖੇਡ ਸਟੇਡੀਅਮ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ, ਜਦਕਿ ਮੌਜੂਦਾ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਰਕਾਰ ਦੇ ਖੇਡ ਮੰਤਰੀ ਰਹਿ ਚੁੱਕੇ ਹਨ, ਉਦੋਂ ਵੀ ਕੋਈ ਗਰਾਂਟ ਮੁਹੱਈਆ ਨਹੀਂ ਹੋਈ ਅਤੇ ਹਲਕਾ ਵਿਧਾਇਕ ਵਲੋਂ ਵੀ ਖੇਡ ਸਟੇਡੀਅਮ ਤੇ ਭਦੌੜ ਦੇ ਖਿਡਾਰੀਆਂ ਪ੍ਰਤੀ ਕੋਈ ਯਤਨ ਨਹੀਂ ਕੀਤੇ ਗਏ, ਸਰਕਾਰ ਵਲੋਂ ਭਾਵੇਂ ਕਰਵਾਈਆਂ ਜਾਂਦੀਆਂ ਖੇਡਾਂ ਵਤਨ ਪੰਜਾਬ ਦੀਆਂ ਲਈ ਇਸ ਖੇਡ ਸਟੇਡੀਅਮ ਦੀ ਸੁੰਦਰਤਾ ਨੂੰ ਦੇਖਦੇ ਖੇਡਾਂ ਕਰਵਾਉਣ ਲਈ ਚੁਣਿਆ ਗਿਆ। ਪਰ ਇਸ ਖੇਡ ਸਟੇਡੀਅਮ ਨੂੰ ਕੋਈ ਸਹੂਲਤ ਦੇਣ ਬਾਰੇ ਕਦੇ ਨਹੀਂ ਸੋਚਿਆ ਗਿਆ। ਜਿਸ ਕਾਰਨ ਖਿਡਾਰੀਆਂ ਅੰਦਰ ਸਰਕਾਰ ਪ੍ਰਤੀ ਪੂਰਾ ਰੋਸ ਹੈ। ਸਟੇਡੀਅਮ ਦੀ ਸਾਂਭ ਸੰਭਾਲ ਦੇ ਪ੍ਰਬੰਧਕ ਕੋਚ ਬਖ਼ਸ਼ੀਸ਼ ਸਿੰਘ, ਕੋਚ ਹਰਭਜਨ ਸਿੰਘ, ਅਭੈ ਕੁਮਾਰ ਗਰਗ, ਜਗਸੀਰ ਸਿੰਘ ਜੱਗੀ, ਗੁਰਚਰਨ ਸਿੰਘ ਧਾਲੀਵਾਲ, ਪੱਪੂ ਸਿੰਘ ਅਤੇ ਮਿੱਠਾ ਸਿੰਘ ਨੇ ਦੱਸਿਆ ਕਿ ਇਸ ਖੇਡ ਸਟੇਡੀਅਮ ਨੂੰ ਸੰਵਾਰਨ ਵਿਚ ਭਾਵੇਂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ, ਉੱਥੇ ਪਿੰਡ ਐਨ.ਆਰ.ਆਈ ਭਰਾਵਾਂ, ਖੇਡ ਪ੍ਰੇਮੀਆਂ ਦੀ ਸਹਾਇਤਾ ਨਾਲ ਹੁਣ ਤੱਕ 25 ਤੋਂ 30 ਲੱਖ ਰੁਪਏ ਖ਼ਰਚ ਕਰ ਕੇ ਇਸ ਖੇਡ ਸਟੇਡੀਅਮ ਵਿਚਲੀਆਂ ਵੱਡੀਆਂ ਘਾਟਾਂ ਨੂੰ ਪੂਰਾ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਖੇਡਣ ਵਿਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਕਤ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਕਤ ਸਟੇਡੀਅਮ ਵਿਚਲਾ ਕੱਚੇ ਟਰੈਕ ਨੂੰ ਸੈਂਡਰ ਟਰੈਕ, ਅਥਲੈਟਿਕਸ ਨੈਸ਼ਨਲ ਜਿੰਮ ਹਾਲ, ਇਨਡੋਰ ਬੈਡਮਿੰਟਨ ਗਰਾਊਂਡ, ਕ੍ਰਿਕਟ ਕਵਰ ਪ੍ਰੈਕਟਿਸ ਪਿੱਚ, ਲਾਈਟ ਸਿਸਟਮ ਸਮੇਤ ਹੋਰ ਸਾਰੀਆਂ ਘਾਟ ਹੋਣ ਬਾਵਜੂਦ ਵੱਡੀ ਤਾਦਾਦ ਵਿਚ ਨੌਜਵਾਨ ਖਿਡਾਰੀ ਅਤੇ ਬੱਚੇ ਇਸ ਖੇਡ ਸਟੇਡੀਅਮ ਦਾ ਸ਼ਿੰਗਾਰ ਬਣ ਰਹੇ ਹਨ। ਸਟੇਡੀਅਮ ਦੇ ਪ੍ਰਬੰਧਕ ਦੱਸਦੇ ਹਨ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਦੀਆਂ ਤਿਆਰੀਆਂ ਕਰਦੇ ਨੌਜਵਾਨ ਅਤੇ ਕੇਂਦਰੀ ਅਤੇ ਸੂਬਾ ਸਰਕਾਰ ਲਈ ਭਰਤੀ ਦੀਆਂ ਤਿਆਰੀਆਂ ਕਰਦੇ ਲੋੜਵੰਦ ਨੌਜਵਾਨਾਂ ਮੁੰਡੇ ਅਤੇ ਕੁੜੀਆਂ ਖੇਡ ਸਮਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਉੱਥੇ ਲੋੜਵੰਦ ਨੌਜਵਾਨਾਂ ਲਈ ਖਾਧ ਖ਼ੁਰਾਕ ਦੇਖ ਰੇਖ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਨੌਜਵਾਨ ਕਿਸੇ ਘਾਟ ਕਾਰਨ ਆਪਣਾ ਮੁਕਾਮ ਹਾਸਿਲ ਕਰਨ ਤੋਂ ਵਾਂਝਾ ਨਾ ਰਹਿ ਸਕੇ ਅਤੇ ਜਿਸ ਦੀ ਬਦੌਲਤ ਹੁਣ ਤੱਕ ਇਸ ਖੇਡ ਸਟੇਡੀਅਮ ਦੇ ਅਥਲੀਟ ਨੈਸ਼ਨਲ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ। ਇਸ ਸਟੇਡੀਅਮ ਵਿਚ ਚੱਲ ਰਹੇ ਅਥਲੈਟਿਕਸ ਸੈਂਟਰ ਪੰਜਾਬ ਦੇ ਪਹਿਲੀਆਂ ਉਗਲਾਂ ’ਤੇ ਗਿਣੇ ਜਾਣ ਵਾਲੇ ਸੈਂਟਰਾਂ ਵਿਚੋਂ ਇੱਕ ਹੈ। ਖਿਡਾਰੀਆਂ ਲਈ ਕੀਤੇ ਐਲਾਨਾਂ ਨੂੰ ਜ਼ਮੀਨੀ ਪੱਧਰ ਨਾਲ ਜੋੜਨ ਦੀ ਲੋੜ - ਖੇਡ ਪ੍ਰਮੋਟਰ ਇਸ ਸਬੰਧੀ ਵੱਖ-ਵੱਖ ਖੇਡ ਪ੍ਰਮੋਟਰ, ਕ੍ਰਾਂਤੀ ਯੂਥ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਜੀਤਾ, ਹਰਪ੍ਰੀਤਇੰਦਰ ਸਿੰਘ ਫੂਲਕਾ, ਕੁਸ਼ਤੀ ਐਸੋਸੀਏਸ਼ਨ ਬਰਨਾਲਾ ਦੇ ਚੇਅਰਮੈਨ ਜਸਵੀਰ ਸਿੰਘ ਧੰਮੀ, ਸਕੱਤਰ ਮਾ: ਰਾਮ ਕੁਮਾਰ , ਸੁਖਵੀਰ ਸਿੰਘ ਸੋਨੀ ਸਿੱਧੂ ਅਤੇ ਸਾਹਿਬ ਸਿੰਘ ਗਿੱਲ ਨੇ ਕਿਹਾ ਕਿ ਅਸਲ ਵਿਚ ਸਰਕਾਰ ਖੇਡਾਂ ਲਈ ਜਾਰੀ ਕੀਤੇ ਜਾਂਦੇ ਵਾਲੇ ਬਜਟ ਅਤੇ ਯੋਜਨਾਵਾਂ ਦਾ ਲਾਭ ਅਸਲ ਵਿਚ ਮੈਦਾਨ ਤੱਕ ਅਤੇ ਖਿਡਾਰੀਆਂ ਤੱਕ ਪਹੁੰਚਣਾ ਚਾਹੀਦਾ ਹੈ ਜਿਸ ਨੂੰ ਐਲਾਨਾਂ ਅਤੇ ਇਸ਼ਤਿਹਾਰਾਂ ਤੱਕ ਸੀਮਤ ਨਾ ਰੱਖਿਆ ਜਾਵੇ ਜਿਸ ਦਾ ਅਸਰ ਜ਼ਮੀਨੀ ਪੱਧਰ ’ਤੇ ਲਿਆਉਣ ਦੀ ਲੋੜ ਹੈ ਤਾਂ ਜੋ ਛੋਟੇ ਪਿੰਡਾਂ, ਕਸਬਿਆਂ ਦੇ ਨੌਜਵਾਨਾਂ ਨੂੰ ਵੀ ਮੌਕਾ ਮਿਲ ਸਕੇ, ਕਿਸੇ ਵੀ ਪ੍ਰਤਿਭਾਵਾਨ ਨੌਜਵਾਨ ਦੀ ਤਰੱਕੀ ਸਿਰਫ਼ ਇਸ ਕਰ ਕੇ ਨਹੀਂ ਰੁਕਣੀ ਚਾਹੀਦੀ ਕਿ ਉਸ ਦੇ ਪਿੰਡ ਅੰਦਰ ਮਿਆਰੀ ਖੇਡ ਮੈਦਾਨ ਜਾਂ ਕੋਚਿੰਗ ਦੀ ਸਹੂਲਤ ਨਹੀਂ ਜਿਸ ਕਰ ਕੇ ਅਸੀਂ ਮੰਗ ਕਰਦੇ ਹਾਂ ਸਰਕਾਰ ਖੇਡਾਂ ਨੂੰ ਤਰਜੀਹ ਦੇ ਕੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਇਸ ਮਸਲੇ ਵੱਲ ਤੁਰੰਤ ਧਿਆਨ ਦੇਵੇ ।