ਬਰਨਾਲਾ ਨਗਰ ਨਿਗਮ ਬਣਨ ਤੋਂ ਬਾਅਦ ਨਹੀਂ ਰਿਹਾ ਕੋਈ ‘ਰਾਜਾ ਬਾਬੂ’
ਨਗਰ ਨਿਗਮ ਦੀ ਕਰੋੜਾਂ ਦੀ ਜਗ੍ਹਾ ’ਤੇ ਧੜੱਲੇ ਨਾਲ ਸੁੱਟਿਆ ਜਾ ਰਿਹੈ ਮਲਬਾ
ਬਰਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਸ਼ਹਿਰ ਵਾਸੀਆਂ ਵਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਆਵੇਗੀ, ਲੋਕਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਹੋਵੇਗਾ ਅਤੇ ਨਗਰ ਨਿਗਮ ਦੀ ਕਮਾਨ ਉੱਚ ਪੱਧਰੀ ਅਧਿਕਾਰੀਆਂ ਦੇ ਹੱਥ ਹੋਣ ਕਾਰਨ ਦਫ਼ਤਰੀ ਕੰਮਕਾਜ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧੇਗੀ। ਪ੍ਰੰਤੂ ਨਗਰ ਨਿਗਮ ਬਣਨ ਤੋਂ ਬਾਅਦ ਸਾਹਮਣੇ ਆ ਰਹੀਆਂ ਕਈ ਘਟਨਾਵਾਂ ਇਨ੍ਹਾਂ ਉਮੀਦਾਂ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਨ
ਨੈਸ਼ਨਲ ਹਾਈਵੇ ਉਪਰ ਨਗਰ ਨਿਗਮ ਦੀ ਜਗ੍ਹਾ ’ਤੇ ਸੁੱਟੇ ਜਾ ਰਹੇ ਮਲਬੇ ਦੀ ਤਸਵੀਰ। ਤਸਵੀਰ : ਰਿੰਪੀ ਸਟੂਡੀਓ
04-10-2026
ਬਰਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਸ਼ਹਿਰ ਵਾਸੀਆਂ ਵਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਆਵੇਗੀ, ਲੋਕਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਹੋਵੇਗਾ ਅਤੇ ਨਗਰ ਨਿਗਮ ਦੀ ਕਮਾਨ ਉੱਚ ਪੱਧਰੀ ਅਧਿਕਾਰੀਆਂ ਦੇ ਹੱਥ ਹੋਣ ਕਾਰਨ ਦਫ਼ਤਰੀ ਕੰਮਕਾਜ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧੇਗੀ। ਪ੍ਰੰਤੂ ਨਗਰ ਨਿਗਮ ਬਣਨ ਤੋਂ ਬਾਅਦ ਸਾਹਮਣੇ ਆ ਰਹੀਆਂ ਕਈ ਘਟਨਾਵਾਂ ਇਨ੍ਹਾਂ ਉਮੀਦਾਂ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਹੁਣ ਤਾਂ ਲੋਕਾਂ ਵਿਚ ਇਹ ਚਰਚਾ ਵੀ ਛਿੜ ਗਈ ਹੈ ਕਿ ਬਰਨਾਲਾ ਨਗਰ ਨਿਗਮ ਦਾ ਕੋਈ ‘ਰਾਜਾ ਬਾਬੂ’ ਹੈ ਵੀ ਜਾਂ ਨਹੀਂ? ਨਗਰ ਨਿਗਮ ਦੇ ਅਧਿਕਾਰੀਆਂ ਦੀ ਆਪਣੇ ਕੰਮ ਪ੍ਰਤੀ ਜੁੰਮੇਵਾਰੀ ਅਤੇ ਨਗਰ ਨਿਗਮ ਦੀ ਜਾਇਦਾਦ ਦੀ ਸਾਂਭ ਸੰਭਾਲ ਪ੍ਰਤੀ ਗੰਭੀਰਤਾ ਇਸ ਗੱਲ ਤੋਂ ਪੂਰੀ ਤਰ੍ਹਾਂ ਸਾਹਮਣੇ ਆਉਂਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਗਰ ਨਿਗਮ ਦੀ ਹੰਡਿਆਇਆ ਵਿਖੇ ਨੈਸ਼ਨਲ ਹਾਈਵੇ ਉਪਰ ਸਥਿਤ ਕਰੋੜਾਂ ਰੁਪਏ ਦੀ ਜਗ੍ਹਾ ਜਿੱਥੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣਾਇਆ ਜਾਣਾ ਸੀ, ਵਿਖੇ ਹੰਡਿਆਇਆ ਓਵਰਬ੍ਰਿਜ ਦੀ ਮੁਰੰਮਤ ਕਰਨ ਵਾਲੇ ਸਬੰਧਿਤ ਠੇਕੇਦਾਰ ਵਲੋਂ ਵੱਡੀ ਪੱਧਰ ’ਤੇ ਪੁਲ ਦਾ ਮਲਬਾ ਸੁੱਟਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਮਲਬਾ ਬਿਨਾਂ ਕਿਸੇ ਮਨਜ਼ੂਰੀ ਤੋਂ ਸੁੱਟਿਆ ਜਾ ਰਿਹਾ ਹੈ ਪਰ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਉਕਤ ਠੇਕੇਦਾਰ ਤੋਂ ਨਾ ਤਾਂ ਕੋਈ ਫੀਸ ਭਰਵਾਈ ਜਾ ਰਹੀ ਹੈ ਅਤੇ ਨਾ ਹੀ ਉਸ ਉਪਰ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਨਿਗਮ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਮਲਬਾ ਸੁੱਟਿਆ ਜਾ ਰਿਹਾ ਹੈ ਤਾਂ ਇੰਨੇ ਦਿਨਾਂ ਤੋਂ ਇਸ ਨੂੰ ਰੋਕਿਆ ਕਿਉਂ ਨਹੀਂ ਗਿਆ ਅਤੇ ਜੇਕਰ ਅਧਿਕਾਰੀਆਂ ਦੀ ਜਾਣਕਾਰੀ ਵਿਚ ਇਹ ਸਭ ਹੋ ਰਿਹਾ ਹੈ ਤਾਂ ਇਸ ਸਬੰਧੀ ਕੋਈ ਫੀਸ ਵਸੂਲਣ ਜਾਂ ਕਾਰਵਾਈ ਕਰਨ ਦੀ ਪ੍ਰਕਿਰਿਆ ਕਿਉਂ ਨਹੀਂ ਅਪਣਾਈ ਗਈ? ਜਿਸ ਨੂੰ ਲੈ ਕੇ ਸ਼ਹਿਰ ਵਿਚ ਇਹ ਚਰਚਾ ਹੈ ਕਿ ਅਧਿਕਾਰੀਆਂ ਦੀ ਸਬੰਧਿਤ ਠੇਕੇਦਾਰ ਨਾਲ ਮਿਲੀਭੁਗਤ ਹੈ ਅਤੇ ਇਸ ਵਿਚ ਭ੍ਰਿਸ਼ਟਾਚਾਰ ਦਾ ਖਦਸ਼ਾ ਜ਼ਾਹਰ ਹੁੰਦਾ ਹੈ । ਨਗਰ ਨਿਗਮ ਦੀ ਜਗ੍ਹਾ ਵਿਚ ਸੁੱਟੇ ਜਾ ਰਹੇ ਮਲਬੇ ਸਬੰਧੀ ਜਦੋਂ ਨਗਰ ਨਿਗਮ ਦੇ ਮੇਅਰ ਅਤੇ ਕਈ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਦੂਜੇ ਪਾਸੇ ਨਗਰ ਨਿਗਮ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗਿਣਤੀ ਵਧਣ ਦੇ ਬਾਵਜੂਦ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਬਣ ਰਹੀਆਂ ਨਵੀਆਂ ਇਮਾਰਤਾਂ ਅਤੇ ਵੱਡੀਆਂ ਇਮਾਰਤਾਂ ਵਿਚ ਪਾਰਕਿੰਗ ਦੀ ਵਿਵਸਥਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਬਿਲਡਿੰਗ ਵਿਭਾਗ ਨਾਲ ਸਬੰਧਿਤ ਮੁਲਾਜ਼ਮਾਂ ਵਲੋਂ ਨਵੀਆਂ ਬਿਲਡਿੰਗਾਂ ਦੀ ਉਸਾਰੀ ਦੌਰਾਨ ਸੜਕਾਂ ਉਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਵੱਲ ਬਿਲਕੁਲ ਵੀ ਨਜ਼ਰ ਨਹੀਂ ਹੈ ਅਤੇ ਇਨ੍ਹਾਂ ਮਾਮਲਿਆਂ ਵਿਚ ਵੀ ਭ੍ਰਿਸ਼ਟਾਚਾਰ ਦੀ ਬੋਅ ਆ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਅਧਿਕਾਰੀਆਂ ਦੀ ਗੈਰਜੁੰਮੇਵਾਰਾਨਾ ਕਾਰਗੁਜਾਰੀ ਕਾਰਨ ਸ਼ਹਿਰ ਵਿਚ ਦਿਨੋ ਦਿਨ ਟਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਜੇਕਰ ਇਹੋ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਹਾਲਤ ਕਾਫ਼ੀ ਬਦਤਰ ਹੋ ਜਾਣਗੇ। ਉਨ੍ਹਾਂ ਦੀ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਹੈ ਕਿ ਨਗਰ ਨਿਗਮ ਬਰਨਾਲਾ ਦੇ ਕੰਮਾਂ ਤੇ ਅਧਿਕਾਰੀਆਂ ਦੀ ਕਾਰਗੁਜਾਰੀ ਵੱਲ ਧਿਆਨ ਦਿੱਤਾ ਜਾਵੇ। ਆਪਣੀ ਜੁੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।