ਮਾਮਲਾ ਸ਼ੈਲਰ ਵਿਚ ਬਿਨਾਂ ਫੜ੍ਹ ਦੀ ਮਨਜ਼ੂਰੀ ਤੋਂ ਝੋਨੇ ਦੀ ਸਿੱਧੀ ਖ਼ਰੀਦ ਕਰਨ ਦਾ
ਮਾਰਕੀਟ ਕਮੇਟੀ ਬਰਨਾਲਾ ਦੀ ਸ਼ੈਲਰ ਉੱਪਰ ਕਾਰਵਾਈ, ਢਾਈ ਲੱਖ ਰੁਪਏ ਦਾ ਕੀਤਾ ਜੁਰਮਾਨਾ
ਬਰਨਾਲਾ, 24 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਮਾਰਕੀਟ ਕਮੇਟੀ ਬਰਨਾਲਾ ਵਲੋਂ ਬਿਨਾਂ ਫੜ੍ਹ ਦੀ ਮਨਜ਼ੂਰੀ ਤੋਂ ਸ਼ੈਲਰ ਵਿਚ ਝੋਨੇ ਦੀ ਸਿੱਧੀ ਖ਼ਰੀਦ ਕਰਨ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਢਾਈ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰਕੀਟ ਫ਼ੀਸ ਅਤੇ ਪੇਂਡੂ ਵਿਕਾਸ ਫ਼ੰਡ (ਆਰ.
ਬਰਨਾਲਾ, 24 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਮਾਰਕੀਟ ਕਮੇਟੀ ਬਰਨਾਲਾ ਵਲੋਂ ਬਿਨਾਂ ਫੜ੍ਹ ਦੀ ਮਨਜ਼ੂਰੀ ਤੋਂ ਸ਼ੈਲਰ ਵਿਚ ਝੋਨੇ ਦੀ ਸਿੱਧੀ ਖ਼ਰੀਦ ਕਰਨ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਢਾਈ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰਕੀਟ ਫ਼ੀਸ ਅਤੇ ਪੇਂਡੂ ਵਿਕਾਸ ਫ਼ੰਡ (ਆਰ.ਡੀ.ਐੱਫ.) ਦੀ ਰਕਮ ਵੀ ਵਸੂਲ ਕੀਤੀ ਗਈ ਹੈ। ਮਾਰਕੀਟ ਕਮੇਟੀ ਬਰਨਾਲਾ ਦੇ ਸਕੱਤਰ ਜਸਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਠੀਕਰੀਵਾਲਾ ਰੋਡ ਸਥਿਤ ਆਰ.ਕੇ. ਰਾਈਸ ਮਿੱਲ ਵਿਖੇ ਬਿਨਾਂ ਫੜ੍ਹ ਦੀ ਮਨਜ਼ੂਰੀ ਤੋਂ ਝੋਨੇ ਦੀ ਸਿੱਧੀ ਖ਼ਰੀਦ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਸ਼ੈਲਰ ਵਿਚ ਕਰੀਬ 500 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬਿਨਾਂ ਫੜ ਦੀ ਮਨਜ਼ੂਰੀ ਤੋਂ ਇਸ ਤਰ੍ਹਾਂ ਝੋਨੇ ਦੀ ਸਿੱਧੀ ਖ਼ਰੀਦ ਕਰਨਾ ਨਿਯਮਾਂ ਦੀ ਉਲੰਘਣਾ ਹੈ। ਇਸ ਨਾਲ ਮਾਰਕੀਟ ਕਮੇਟੀ ਦੀ ਫ਼ੀਸ ਚੋਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਸਬੰਧਿਤ ਸ਼ੈਲਰ ਮਾਲਕ ਤੋਂ 40,671 ਰੁਪਏ ਮਾਰਕੀਟ ਫ਼ੀਸ ਅਤੇ 40,671 ਰੁਪਏ ਪੇਂਡੂ ਵਿਕਾਸ ਫ਼ੰਡ ਵਜੋਂ ਵਸੂਲੇ ਗਏ ਹਨ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ’ਤੇ ਢਾਈ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਸ਼ੈਲਰ ਵਿਚ ਨਿਰਧਾਰਤ ਫੜ੍ਹ ਦੀ ਮਨਜ਼ੂਰੀ ਤੋਂ ਬਿਨਾਂ ਝੋਨੇ ਦੀ ਸਿੱਧੀ ਖ਼ਰੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਸ਼ੈਲਰ ਮਾਲਕ ਨਿਯਮਾਂ ਦੀ ਉਲੰਘਣਾ ਕਰਦਿਆਂ ਅਜਿਹੀ ਖਰੀਦ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।