ਪਿੰਡ ਚੀਮਾ ਵਿਖੇ ਸਿਹਤ ਵਿਭਾਗ ਵਲੋਂ ਵਿਸ਼ੇਸ਼ ਡੋਪ ਟੈਸਟ ਤੇ ਜਾਗਰੂਕਤਾ ਕੈਂਪ ਆਯੋਜਿਤ
ਟੱਲੇਵਾਲ, 26 ਨਵੰਬਰ (ਸੋਨੀ ਚੀਮਾ)- ਪਿੰਡ ਚੀਮਾ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਇਕ ਵਿਸ਼ੇਸ਼ ਡੋਪ ਟੈਸਟ ਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਸਰਪੰਚ ਮਲੂਕ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਕਰਨਾ ਅਤੇ ਨਸ਼ਾ ਪੀੜਤਾਂ ਨੂੰ ਇਲਾਜ ਲਈ ਮੁੱਖ ਧਾਰਾ ਵਿਚ ਲਿਆਉਣਾ ਸੀ।
ਟੱਲੇਵਾਲ, 26 ਨਵੰਬਰ (ਸੋਨੀ ਚੀਮਾ)- ਪਿੰਡ ਚੀਮਾ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਇਕ ਵਿਸ਼ੇਸ਼ ਡੋਪ ਟੈਸਟ ਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਸਰਪੰਚ ਮਲੂਕ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਕਰਨਾ ਅਤੇ ਨਸ਼ਾ ਪੀੜਤਾਂ ਨੂੰ ਇਲਾਜ ਲਈ ਮੁੱਖ ਧਾਰਾ ਵਿਚ ਲਿਆਉਣਾ ਸੀ। ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਤੇ ਲੈਬ ਟੈਕਨੀਸ਼ੀਅਨਾਂ ਦੀ ਟੀਮ ਵਲੋਂ ਮੌਕੇ ’ਤੇ ਹੀ ਨੌਜਵਾਨਾਂ ਦੇ ਮੁਫ਼ਤ ਡੋਪ ਟੈਸਟ ਕੀਤੇ ਗਏ। ਇਸ ਤੋਂ ਇਲਾਵਾ, ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਦੀ ਸਹੀ ਪਛਾਣ ਕਰ ਕੇ ਉਨ੍ਹਾਂ ਦੀ ਕਾਊਂਸਲਿੰਗ ਵੀ ਕੀਤੀ ਗਈ। ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਲਈ ਸਰਕਾਰੀ ਹਸਪਤਾਲਾਂ ਅਤੇ ਓਟ ਸੈਂਟਰਾਂ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਬਿਲਕੁਲ ਮੁਫ਼ਤ ਉਪਲਬਧ ਹਨ। ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਕਲੀਨਿਕਾਂ ਵਿਚ ਮਰੀਜ਼ਾਂ ਨੂੰ ਰੋਜ਼ਾਨਾ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਇਲਾਜ ਕਰਵਾਉਣ ਵਾਲੇ ਹਰ ਨੌਜਵਾਨ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਤੌਰ ’ਤੇ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮਰੀਜ਼ਾਂ ਦਾ ਮਨੋਬਲ ਵਧਾਉਣ ਲਈ ਮਾਹਿਰ ਕਾਊਂਸਲਰਾਂ ਵਲੋਂ ਵਿਸ਼ੇਸ਼ ਸੈਸ਼ਨ ਲਗਾਏ ਜਾਂਦੇ ਹਨ ਅਤੇ ਗੰਭੀਰ ਮਾਮਲਿਆਂ ਵਿਚ ਮਰੀਜ਼ਾਂ ਨੂੰ ਦਾਖਲ ਕਰ ਕੇ ਇਲਾਜ ਕਰਨ ਅਤੇ ਮੁੜ-ਵਸੇਬੇ ਲਈ ਹੁਨਰ ਸਿਖਲਾਈ ਦਾ ਵੀ ਪ੍ਰਬੰਧ ਹੈ। ਕੈਂਪ ਦੌਰਾਨ ਮੈਡੀਕਲ ਅਫ਼ਸਰਾਂ ਦਾ ਧੰਨਵਾਦ ਕਰਦਿਆਂ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਸਿਹਤ ਵਿਭਾਗ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਸ ਨਾਲ ਨਸ਼ੇ.ਨਾਲ ਪੀੜਤ ਨੌਜਵਾਨਾਂ ਨੂੰ ਮੁੜ ਮੁੱਢਲੀ ਧਾਰਾ ਵਿਚ ਆਉਣ ਲਈ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਨੂੰ ਨਸ਼ਾ ਮੁਕਤ ਕਰਵਾਉਣ ਲਈ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਸੁਪਰਵਾਈਜ਼ਰ, ਕਸਿਸ ਕੁਮਾਰ, ਐਲ.ਟੀ, ਸੁਖਵਿੰਦਰ ਸਿੰਘ, ਜਗਸੀਰ ਸਿੰਘ, ਪਾਲ ਸਿੰਘ ਹਰੀ, ਜਰਨੈਲ ਸਿੰਘ ਨੰਦੂ ਕਾ, ਅਵਤਾਰ ਸਿੰਘ, ਇਕਬਾਲ ਸਿੰਘ, ਅਮਰਜੀਤ ਸਿੰਘ ਫ਼ੌਜੀ, ਭੋਲਾ ਸਿੰਘ ਗਿੱਲ, ਰਿਸੀਪਾਲ, ਹਰਪ੍ਰੀਤ ਕੌਰ, ਰੀਟਾ ਰਾਣੀ, ਕੁਲਵਿੰਦਰ ਕੌਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।