ਬਰੌਡਵੇ ਪਬਲਿਕ ਸਕੂਲ ਵਿਖੇ ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਦੀਆਂ ਖੇਡਾਂ ਨੇ ਬੰਨ੍ਹਿਆ ਰੰਗ
ਮਹਿਲ ਕਲਾਂ, 29 ਨਵੰਬਰ (ਅਵਤਾਰ ਸਿੰਘ ਅਣਖੀ)-ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸਪੋਰਟਸ ਮੀਟ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਸ.
ਮਹਿਲ ਕਲਾਂ, 29 ਨਵੰਬਰ (ਅਵਤਾਰ ਸਿੰਘ ਅਣਖੀ)-ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸਪੋਰਟਸ ਮੀਟ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਰਣਜੀਤ ਸਿੰਘ ਚੀਮਾ, ਡਾਇਰੈਕਟਰ ਸ੍ਰੀਮਤੀ ਨਵਰੀਤ ਕੌਰ ਚੀਮਾ ਅਤੇ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫ਼ੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਖੇਡ ਜੋਤੀ ਜਗਾ ਕੇ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਚਾਰੇ ਸਦਨਾਂ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਸ਼ਾਨਦਾਰ ਪਰੇਡ ਨਾਲ ਹੋਇਆ, ਜਿਸ ਵਿਚੋਂ ਨੀਲਾ ਸਦਨ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਉਪਰੰਤ ਵੱਖ-ਵੱਖ ਖੇਡ ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਹੋਇਆ। ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਚਾਰੇ ਸਦਨਾਂ ਦੇ ਵਿਦਿਆਰਥੀਆਂ ਵਿਚ ਓਵਰਆਲ ਟਰਾਫ਼ੀ ਜਿੱਤਣ ਲਈ ਵਿਸ਼ੇਸ਼ ਉਤਸ਼ਾਹ ਅਤੇ ਮੁਕਾਬਲੇ ਦੀ ਭਾਵਨਾ ਦੇਖਣ ਨੂੰ ਮਿਲੀ। ਨੀਲੇ ਸਦਨ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਦੀ ਭਾਵਨਾ ਦਾ ਲੋਹਾ ਮਨਵਾਉਂਦੇ ਹੋਇਆਂ ਕਾਕ ਹਾਊਸ ਟਰਾਫ਼ੀ ਆਪਣੇ ਸਦਨ ਦੀ ਝੋਲੀ ਪਾਈ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਸਾਰੇ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਸੁਚੱਜੇ ਪ੍ਰਬੰਧਾਂ ਅਤੇ ਸਫ਼ਲ ਆਯੋਜਨ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਇਸ ਤਰ੍ਹਾਂ ਨੰਨ੍ਹੇ ਖਿਡਾਰੀਆਂ ਦੇ ਜੋਸ਼, ਜਿੱਤ ਦੇ ਜਸ਼ਨ ਅਤੇ ਖੇਡ ਭਾਵਨਾ ਨਾਲ ਭਰਪੂਰ ਇਹ ਸਪੋਰਟਸ ਮੀਟ ਬੱਚਿਆਂ ਦੇ ਮਨਾਂ ਵਿਚ ਖੇਡਾਂ ਪ੍ਰਤੀ ਨਵਾਂ ਉਤਸ਼ਾਹ ਜਗਾਉਂਦੀ ਹੋਈ ਅਭੁੱਲ ਯਾਦਾਂ ਛੱਡ ਗਈ।