ਅੱਜ ਬਹੁਤੇ ਲੋਕਾਂ ਦੇ ਚਿਹਰਿਆਂ ਤੋਂ ਖ਼ੁਸ਼ੀ ਅਤੇ ਸ਼ਾਂਤੀ ਦੇ ਭਾਵ ਗੁਆਚੇ ਨਜ਼ਰ ਆਉਂਦੇ ਹਨ | ਅਜੇ ਜਿਹੜਾ ਬੰਦਾ ਘੱਟ ਸਾਧਨਾਂ ਨਾਲ ਗੁਜ਼ਾਰਾ ਕਰ ਰਿਹਾ ਹੈ, ਉਸ ਕੋਲ ਸਕੂਨ ਸ਼ਾਂਤੀ ਦੀ ਪੂੰਜੀ ਬਚੀ ਹੋਈ ਨਜ਼ਰ ਆਉਂਦੀ ਹੈ ਪਰ ਜਿਸ ਕੋਲ ਪੈਸਾ ਅਤੇ ਗੁਜ਼ਾਰੇ ਹਿਤ ਬੇਸ਼ੁਮਾਰ ਸਾਧਨ ਮੌਜੂਦ ਹਨ, ਉਹ ਪ੍ਰੇਸ਼ਾਨੀ ਦੇ ਆਲਮ 'ਚ ਦਿਨ-ਰਾਤ ਕੱਟ ਰਿਹਾ | ਚਿੰਤਾ, ਫਿਕਰ ਉਸ ਦੇ ਚਿਹਰੇ ਦਾ ਹਾਸਾ ਅਤੇ ਸ਼ਾਂਤੀ ਗੁਆ ਦਿੰਦੇ ਹਨ | ਉਸ ਨੂੰ ਚਿੰਤਾ ਹੁੰਦੀ ਹੈ ਵਪਾਰ 'ਚ ਘਾਟੇ ਦੀ, ਉਸ ਨੂੰ ਫਿਕਰ ਹੁੰਦੀ ਹੈ ਕਮਾਈ ਵਾਲੇ ਸਾਧਨਾਂ ਦੇ ਘਟ ਜਾਣ ਦੀ |
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਜਿਹੇ ਅਮੀਰ ਲੋਕਾਂ ਨੂੰ ਜਾਗਰੂਕ ਕਰਦੇ ਹਨ ਕਿ ਤੁਹਾਡੇ ਕੋਲ ਬੇਸ਼ੁਮਾਰ ਧਨ ਹੈ, ਅਥਾਹ ਜਾਇਦਾਦ ਹੈ ਪਰ ਮਨ 'ਚ ਸ਼ਾਂਤੀ-ਸਕੂਨ ਨਹੀਂ ਹੈ ਤਾਂ ਮਨੁੱਖੀ ਜੂਨ 'ਚ ਆਉਣਾ ਬੇਅਰਥ ਹੈ | ਪੂਰਵਲੇ ਨੇਕ ਕਰਮਾਂ ਕਰਕੇ ਜੇਕਰ ਪਰਮਾਤਮਾ ਨੇ ਮੁੜ ਮਨੁੱਖੀ ਜੂਨ ਬਖ਼ਸ਼ ਦਿੱਤੀ ਹੈ ਤਾਂ ਇਸ ਨੂੰ ਬੇਅਰਥ ਨਾ ਗਵਾਓ | ਗੁਰੂ ਸਾਹਿਬ ਜੀ ਆਪਣੀ ਰਚਨਾ ਸੁਖਮਨੀ ਸਾਹਿਬ ਦੀ ਬਾਰ੍ਹਵੀਂ ਅਸਟਪਦੀ ਦੇ ਪੰਜਵੇਂ ਪਦੇ ਵਿਚ ਸਾਨੂੰ ਇਉਂ ਪ੍ਰੇਰਿਤ ਕਰਦੇ ਹਨ:
ਸਹਸ ਖਟੇ ਲਖ ਕਉ ਉਠਿ ਧਾਵੈ¨
ਤਿ੍ਪਤਿ ਨ ਆਵੈ ਮਾਇਆ ਪਾਛੈ ਪਾਵੈ¨
(ਅੰਗ : 278)
ਧਨ ਨੂੰ ਜੀਵਨ ਸਮਝਣ ਵਾਲੇ ਲੋਕ ਬਹੁਤਾ ਧਨ ਇਕੱਤਰ ਕਰਨ ਦੇ ਆਹਰ ਵਿਚ ਲੱਗੇ ਰਹਿੰਦੇ ਹਨ | ਹਜ਼ਾਰਾਂ ਦੀ ਗਿਣਤੀ ਵਿਚ ਪੂੰਜੀ ਜਮ੍ਹਾਂ ਕਰਨ ਤੋਂ ਬਾਅਦ ਉਨ੍ਹਾਂ ਦੀ ਸੋਚ ਲੱਖਾਂ ਰੁਪਏ ਜਮ੍ਹਾਂ ਕਰਨ ਦੇ ਆਹਰ ਵਿਚ ਜੁਟ ਜਾਂਦੀ ਹੈ | ਦਿਨ-ਰਾਤ ਧਨ ਦੀ ਗਿਣਤੀ ਕਰਦੇ ਹੋਏ ਉਹ ਵੱਧ ਤੋਂ ਵੱਧ ਧਨ ਇਕੱਤਰ ਕਰਨ ਦੀ ਕਿਰਿਆ ਵਿਚ ਅਜਿਹੇ ਉਲਝਦੇ ਹਨ ਕਿ ਉਨ੍ਹਾਂ ਦੀ ਲਾਲਸਾ ਘਟਣ ਦੀ ਥਾਂ ਵਧਣ ਲਗਦੀ ਹੈ | ਜਮ੍ਹਾਂ ਧਨ ਉਨ੍ਹਾਂ ਨੂੰ ਸ਼ਾਂਤ ਨਹੀਂ ਕਰ ਪਾਉਂਦਾ | ਤਿ੍ਪਤੀ ਦੀ ਭਾਵਨਾ ਉਨ੍ਹਾਂ ਦੀ ਜ਼ਿੰਦਗੀ 'ਚੋਂ ਕੂਚ ਕਰ ਜਾਂਦੀ ਹੈ | ਅਜਿਹੇ ਮਨੁੱਖ ਦੀ ਜ਼ਿੰਦਗੀ ਵਿਚ ਖਾਣਾ-ਪੀਣਾ, ਪਹਿਨਣਾ ਜ਼ਹਿਰ ਵਰਗਾ ਬਣ ਜਾਂਦਾ ਹੈ | ਮਾਇਆ ਦੀ ਖਿੱਚ ਅਜਿਹੀ ਗਿ੍ਫ਼ਤ ਵਿਚ ਜਕੜਦੀ ਹੈ ਕਿ ਉਸ ਦੀ ਜਾਨ ਕਸੂਤੀ ਫਸ ਜਾਂਦੀ ਹੈ | ਗੁਰੂ ਸਾਹਿਬ ਫਰਮਾਉਂਦੇ ਹਨ:
ਅਨਿਕ ਭੋਗ ਬਿਖਿਆ ਕੇ ਕਰੈ¨
ਨਹ ਤਿ੍ਪਤਾਵੈ ਖਪਿ ਖਪਿ ਮਰੈ¨
(ਅੰਗ : 278)
ਜਿਹੜਾ ਮਨੁੱਖ ਆਪਣੀ ਅਮੀਰੀ ਕਰਕੇ ਸਮਾਜ ਵਿਚ ਇਕ ਰਾਜਾ ਹੋਣ ਦਾ ਦਰਜਾ ਰੱਖਦਾ ਹੈ, ਪਰ ਜੇਕਰ ਉਸ ਦੇ ਮਨ 'ਚ ਸੰਤੋਖ, ਸੰਤੁਸ਼ਟੀ, ਸ਼ਾਂਤੀ ਨਹੀਂ ਹੈ ਤਾਂ ਲੋਕ ਭਾਵੇਂ ਉਸ ਨੂੰ ਰਾਜਾ ਹੋਣ ਦਾ ਦਰਜਾ ਦੇਣ ਪਰ ਉਹ ਰਾਜਾ ਹੋਣ ਦੀ ਭਾਵਨਾ ਤੋਂ ਵਾਂਝਾ ਰਹੇਗਾ | ਉਸ ਦੇ ਮਨ ਦੇ ਮਨੋਰਥ ਬਿਰਥੇ ਰਹਿਣਗੇ | ਉਸ ਦੇ ਸਭ ਕੰਮ ਬਿਰਥੇ ਰਹਿਣਗੇ | ਸੁੱਖ-ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ | ਗੁਰੂ ਜੀ ਨੇ ਫਰਮਾਇਆ ਹੈ:
ਬਿਨਾ ਸੰਤੋਖ ਨਹੀ ਕੋਊ ਰਾਜੈ¨
ਸੁਪਨ ਮਨੋਰਥ ਬਿ੍ਥੇ ਸਭ ਕਾਜੈ¨
(ਅੰਗ : 278)
ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹਨ:
ਨਾਮ ਰੰਗਿ ਸਰਬ ਸੁਖੁ ਹੋਇ¨
ਬਡਭਾਗੀ ਕਿਸੈ ਪਰਾਪਤਿ ਹੋਇ¨
(ਅੰਗ : 278)
ਜੋ ਮਨੁੱਖ ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ | ਨਾਮ ਜਪਦੇ ਹੀ ਮਨੁੱਖ ਨੂੰ ਸੱਚੀ ਮੁਕਤੀ ਮਿਲਦੀ ਹੈ | ਸੰਸਾਰ ਤੋਂ ਪ੍ਰਾਪਤ ਵਿਕਾਰਾਂ ਤੋਂ ਖਹਿੜਾ ਛੁੱਟ ਜਾਂਦਾ ਹੈ | ਇਸ ਲਈ ਆਪ ਜੀ ਨੇ ਮਨੁੱਖ ਦੇ ਭਲੀ ਹਿਤ ਇਉਂ ਫੁਰਮਾਇਆ ਹੈ:
ਕਰਨ ਕਰਾਵਨ ਆਪੇ ਆਪਿ¨
ਸਦਾ ਸਦਾ ਨਾਨਕ ਹਰਿ ਜਾਪਿ¨
(ਅੰਗ : 278)
ਸਭ ਕੁਝ ਉਸ ਪਾਕਿ ਪਰਵਰਦਿਗਾਰ ਦੇ ਅਧਿਕਾਰ ਵਿਚ ਹੈ | ਉਸ ਦਾ ਜਾਪ ਹੀ ਮਾਇਆ ਦੇ ਪ੍ਰਭਾਵ ਕਰਕੇ ਬਿਗੜੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ |
-ਮੋਬਾਈਲ : 98146-81444