ਬਰਸਾਤ ਵਿਚ ਜੇਕਰ ਤੁਸੀਂ ਘਰ ਵਿਚ ਰੱਖੀਆਂ ਕੁਝ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੋ ਤਾਂ ਇਹ ਸਨਸਕ੍ਰੀਨ ਤੋਂ ਜ਼ਿਆਦਾ ਪ੍ਰਭਾਵੀ ਸਾਬਿਤ ਹੋ ਸਕਦੀਆਂ ਹਨ ਅਤੇ ਇਸ ਨਾਲ ਤੁਹਾਡੀ ਜੇਬ 'ਤੇ ਜ਼ਿਆਦਾ ਬੋਝ ਵੀ ਨਹੀਂ ਪਵੇਗਾ।
ਧੁੱਪ ਤੋਂ ਬਚਣ ਲਈ ਸਨਸਕ੍ਰੀਨ ਦੇ ਨਾਲ-ਨਾਲ ਸਰੀਰ ਦੀ ਕੁਦਰਤੀ ਸਮਰੱਥਾਵਾਂ 'ਤੇ ਵੀ ਭਰੋਸਾ ਕਰਨਾ ਚਾਹੀਦਾ ਹੈ।
ਐਲੋਵੇਰਾ : ਧੁੱਪ ਦੇ ਸਾੜ ਨਾਲ ਚਮੜੀ ਦੀ ਸੁਰੱਖਿਆ ਵਿਚ ਐਲੋਵੇਰਾ (ਕੁਆਰ) ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਐਲੋਵੇਰਾ ਨੂੰ ਤੁਸੀਂ ਸਿੱਧੇ ਬੂਟੇ ਤੋਂ ਤੋੜ ਕੇ ਵੀ ਵਰਤ ਸਕਦੇ ਹੋ। ਤੁਸੀਂ ਇਸ ਦੀ ਟਾਹਣੀ ਨੂੰ ਖੁਰਚ ਕੇ ਜੈੱਲ ਕੱਢ ਲਓ ਅਤੇ ਇਸ ਨੂੰ ਸਿੱਧੇ ਆਪਣੀ ਚਮੜੀ 'ਤੇ ਲਗਾ ਲਓ ਅਤੇ ਕੁਝ ਦੇਰ ਬਾਅਦ ਚਮੜੀ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਹ ਸਨਬਰਨ ਦਾ ਬਿਹਤਰ ਇਲਾਜ ਹੈ।
ਖੀਰਾ ਅਤੇ ਗੁਲਾਬ ਜਲ : ਚਮੜੀ ਲਈ ਗੁਣਕਾਰੀ ਖੀਰੇ ਦੀ ਵਰਤੋਂ ਵੀ ਤੁਸੀਂ ਸਨਸਕ੍ਰੀਨ ਲੋਸ਼ਣ ਬਣਾਉਣ ਲਈ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਖੀਰੇ ਨੂੰ ਕੱਦੂਕਸ਼ ਕਰੋ ਅਤੇ ਉਸ ਦਾ ਪੂਰਾ ਰਸ ਕੱਢ ਲਓ। ਹੁਣ ਇਸ ਵਿਚ ਗੁਲਾਬ ਜਲ ਮਿਲਾ ਕੇ ਇਕ ਘੋਲ ਤਿਆਰ ਕਰ ਲਓ। ਹੁਣ ਇਸ ਮਿਸ਼ਰਨ ਦੀ ਤੁਸੀਂ ਸਨਕ੍ਰੀਨ ਦੀ ਤਰ੍ਹਾਂ ਵਰਤੋਂ ਕਰ ਸਕਦੇ ਹੋ। ਠੰਢੀ ਤਾਸੀਰ ਦਾ ਹੋਣ ਕਰਕੇ ਖੀਰਾ ਤੁਹਾਨੂੰ ਠੰਢਕ ਦੇਵੇਗਾ।
ਨਾਰੀਅਲ ਅਤੇ ਜੈਤੂਨ ਤੇਲ : ਨਾਰੀਅਲ ਅਤੇ ਜੈਤੂਨ ਦਾ ਤੇਲ ਨਾਲ ਬਣੇ ਸਨਸਕ੍ਰੀਨ ਚਮੜੀ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਅੱਧੇ ਕੱਪ ਨਾਰੀਅਲ ਤੇਲ ਵਿਚ ਜੈਤੂਨ ਦਾ ਤੇਲ ਦੀਆਂ 15 ਬੂੰਦਾਂ ਪਾਓ। ਹੁਣ ਇਸ ਵਿਚ 7 ਬੂੰਦਾਂ ਕੈਰੇਟ ਸੀਡਜ਼ ਦਾ ਤੇਲ ਮਿਲਾਓ ਅਤੇ ਇਸ ਨੂੰ ਇਕ ਕੱਚ ਦੀ ਬੋਤਲ ਵਿਚ ਭਰ ਕੇ ਰੱਖ ਲਓ। ਤੁਸੀਂ ਇਸ ਦੀ ਲੰਮੇ ਸਮੇਂ ਤੱਕ ਸਨਸਕ੍ਰੀਨ ਦੇ ਰੂਪ ਵਿਚ ਵਰਤੋਂ ਕਰ ਸਕਦੇ ਹੋ।
ਐਲੋਵੇਰਾ ਅਤੇ ਸ਼ੀਆ ਬਟਰ : ਐਲੋਵੇਰਾ ਅਤੇ ਸ਼ੀਆ ਬਟਰ ਸਨਸਕ੍ਰੀਨ ਬਣਾਉਣ ਲਈ 1 ਚਮਚ ਐਲੋਵੇਰਾ ਜੈੱਲ, ਅੱਧਾ ਚਮਚ ਨਾਰੀਅਲ ਤੇਲ, ਤਿੰਨ ਚੌਥਾਈ ਚਮਚ ਸ਼ੀਆ ਬਟਰ ਅਤੇ ਤਿੰਨ ਚੌਥਾਈ ਚਮਚ ਜ਼ਿੰਕ ਆਕਸਾਈਡ ਨੂੰ ਇਕ ਕੌਲੀ ਵਿਚ ਮਿਲਾ ਕੇ ਕ੍ਰੀਮ ਵਰਗਾ ਮਿਸ਼ਰਨ ਬਣਾ ਲਓ। ਇਸ ਮਿਸ਼ਰਨ ਨੂੰ ਇਕ ਪਲਾਸਟਿਕ ਦੇ ਡੱਬੇ ਵਿਚ ਪਾ ਕੇ ਫਰਿੱਜ ਵਿਚ ਰੱਖ ਲਓ ਅਤੇ ਇਸ ਦੀ ਹਰ ਦੋ ਘੰਟੇ ਬਾਅਦ ਲਗਾਤਾਰ ਵਰਤੋਂ ਕਰੋ।
ਅਖਰੋਟ ਤੇਲ ਸਨਸਕ੍ਰੀਨ : ਇਕ ਚੌਥਾਈ ਕੱਪ ਐਲਵੇਰਾ ਜੈੱਲ, 25 ਤੋਂ 30 ਬੂੰਦਾਂ ਅਖਰੋਟ ਦਾ ਤੇਲ, 1 ਕੱਪ ਸ਼ੀਆ ਬਟਰ, 2 ਤੋਂ 3 ਚਮਚ ਨਾਰੀਅਲ ਤੇਲ ਅਤੇ 2 ਤੋਂ 3 ਚਮਚ ਜ਼ਿੰਕ ਆਕਸਾਈਡ ਨੂੰ ਕੱਚ ਦੇ ਕੌਲੇ ਵਿਚ ਮਿਕਸ ਕਰਕੇ ਕ੍ਰੀਮ ਵਰਗਾ ਮਿਸ਼ਰਨ ਬਣਾ ਲਓ ਅਤੇ ਇਸ ਮਿਸ਼ਰਨ ਨੂੰ ਫਰਿੱਜ ਵਿਚ ਰੱਖ ਦਿਓ। ਇਸ ਕ੍ਰੀਮ ਨੂੰ ਚਮੜੀ 'ਤੇ ਦੋ ਘੰਟੇ ਬਾਅਦ ਲਗਾਓ। ਸ਼ੀਆ ਬਟਰ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਣ ਵਿਚ ਮਦਦ ਕਰਦਾ ਹੈ। ਨਾਰੀਅਲ ਤੇਲ ਚਮੜੀ ਲਈ ਇਕ ਕੁਦਰਤੀ ਸਨਸਕ੍ਰੀਨ ਹੈ।
ਕੱਚ ਦੇ ਕੌਲੇ ਵਿਚ 4 ਚਮਚ ਐਲੋਵੇਰਾ ਜੈੱਲ ਅਤੇ 4 ਚਮਚ ਨਾਰੀਅਲ ਤੇਲ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਜਦੋਂ ਤੱਕ ਇਸ ਦਾ ਟੈਕਸਚਰ ਵੱਖਰਾ ਕ੍ਰੀਮੀ ਵਰਗਾ ਨਾ ਹੋ ਜਾਵੇ। ਇਸ ਨੂੰ ਸੁਗੰਧਿਤ ਕਰਨ ਲਈ ਦੋ ਜਾਂ ਤਿੰਨ ਬੂੰਦਾਂ ਗੁਲਾਬ ਜਾਂ ਚੰਦਨ ਦਾ ਤੇਲ ਪਾਓ। ਇਨ੍ਹਾਂ ਸਭ ਨੂੰ ਮਿਕਸ ਕਰਕੇ ਕ੍ਰੀਮ ਬਣਾ ਲਓ। ਇਸ ਕ੍ਰੀਮ ਨੂੰ ਇਕ ਕੱਚ ਦੇ ਡੱਬੇ ਵਿਚ ਰੱਖ ਦਿਓ। ਜਦੋਂ ਵੀ ਤੁਸੀਂ ਬਾਹਰ ਨਿਕਲੋ ਤਾਂ ਇਸ ਨੂੰ 15 ਜਾਂ 20 ਮਿੰਟ ਪਹਿਲਾਂ ਚਿਹਰੇ, ਗਰਦਨ ਅਤੇ ਹੱਥਾਂ 'ਤੇ ਚੰਗੀ ਤਰ੍ਹਾਂ ਲਗਾਓ ਅਤੇ 2 ਤੋਂ 3 ਘੰਟੇ ਬਾਅਦ ਲਗਾਤਾਰ ਲਗਾਉਂਦੇ ਰਹੋ।