ਬੱਚਾ ਇਕ ਨਰਮ ਮਿੱਟੀ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਜਿਸ ਢਾਂਚੇ ਵਿਚ ਵੀ ਢਾਲਿਆ ਜਾਵੇ, ਉਹ ਉਸੇ ਰੂਪ ਵਿਚ ਢਲ ਜਾਂਦਾ ਹੈ ਜਾਂ ਕਹਿ ਲਵੋ ਕਿ ਬੱਚੇ ਦਾ ਮਨ ਕੋਰੀ ਸਲੇਟ ਵਰਗਾ ਹੁੰਦਾ ਹੈ | ਉਸ ਉੱਪਰ ਜੋ ਲਿਖਿਆ ਜਾਵੇਗਾ, ਉਹ ਸਾਰੀ ਉਮਰ ਲਈ ਪੱਕ ਜਾਂਦਾ ਹੈ | ਬੱਚਿਆਂ ਨੂੰ ਕਿਰਤ ਨਾਲ ਜੋੜਨ ਦਾ ਮਤਲਬ, ਉਨ੍ਹਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਛੋਟੇ-ਛੋਟੇ ਕੰਮਾਂ ਵਿਚ ਭਾਗੀਦਾਰ ਬਣਾਇਆ ਜਾਵੇ | ਉਦਾਹਰਨ ਵਜੋਂ ਬੱਚੇ ਨੂੰ ਆਪਣਾ ਬਿਸਤਰਾ ਆਪ ਵਿਛਾਉਣ ਅਤੇ ਸਮੇਟਣ ਲਈ ਕਹਿਣਾ, ਆਪਣੇ ਖਿਡੌਣੇ ਖੇਡਣ ਤੋਂ ਬਾਅਦ ਸਹੀ ਥਾਂ 'ਤੇ ਰੱਖਣਾ, ਆਪਣੇ ਸਕੂਲ ਦਾ ਬੈਗ ਤਿਆਰ ਕਰਨਾ, ਆਪਣੇ ਜੁੱਤੇ ਸਾਫ਼ ਕਰਨਾ, ਖਾਣਾ ਖਾਣ ਤੋਂ ਬਾਅਦ ਆਪਣੀ ਪਲੇਟ ਰਸੋਈ ਵਿਚ ਰੱਖਣਾ ਅਤੇ ਆਪਣੇ ਕੱਪੜੇ ਤਹਿ ਕਰਕੇ ਰੱਖਣਾ ਆਦਿ | ਅਜਿਹੇ ਕੰਮ ਹਨ, ਜੋ ਬੱਚਾ ਬਹੁਤ ਹੀ ਆਸਾਨੀ ਨਾਲ ਕਰ ਸਕਦਾ ਹੈ | ਇਹ ਛੋਟੇ-ਛੋਟੇ ਕੰਮ ਬੱਚੇ ਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਉਹ ਪਰਿਵਾਰ ਦਾ ਇਕ ਜ਼ਿੰਮੇਵਾਰ ਹਿੱਸਾ ਹੈ |

ਜਦੋਂ ਮਾਪੇ ਬੱਚਿਆਂ ਨੂੰ ਹਰ ਕੰਮ ਤਿਆਰ-ਬਰ-ਤਿਆਰ ਦਿੰਦੇ ਹਨ ਤਾਂ ਬੱਚਿਆਂ ਅੰਦਰ ਸਭ ਕੁਝ ਪੱਕਿਆ-ਪਕਾਇਆ ਮਿਲਣ ਦੀ ਆਦਤ ਪੈ ਜਾਂਦੀ ਹੈ | ਅਜਿਹੇ ਬੱਚੇ ਵੱਡੇ ਹੋ ਕੇ ਛੋਟੀਆਂ-ਛੋਟੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਘਬਰਾਉਂਦੇ ਹਨ ਅਤੇ ਦੂਜਿਆਂ 'ਤੇ ਨਿਰਭਰ ਰਹਿਣ ਦੇ ਆਦੀ ਹੋ ਜਾਂਦੇ ਹਨ | ਦੂਜੇ ਪਾਸੇ ਜਿਹੜੇ ਬੱਚੇ ਬਚਪਨ ਤੋਂ ਹੀ ਹੱਥੀਂ ਕੰਮ ਕਰਨ ਦੇ ਆਦੀ ਹੁੰਦੇ ਹਨ, ਉਨ੍ਹਾਂ ਵਿਚ ਹਰ ਹਾਲਤ ਵਿਚ ਢਲਣ ਦੀ ਸਮਰੱਥਾ ਹੁੰਦੀ ਹੈ | ਉਹ ਮੁਸੀਬਤ ਦੇ ਸਮੇਂ ਕਿਸੇ ਦੇ ਸਹਾਰੇ ਦੀ ਉਡੀਕ ਕਰਨ ਦੀ ਬਜਾਏ ਆਪ ਰਸਤਾ ਕੱਢਣ ਦੀ ਕੋਸ਼ਿਸ਼ ਕਰਦੇ ਹਨ | ਕਿਰਤ ਨਾਲ ਜੁੜਨ ਨਾਲ ਬੱਚਿਆਂ ਵਿਚ ਮਿਹਨਤ ਕਰਨ ਵਾਲੇ ਲੋਕਾਂ ਪ੍ਰਤੀ ਆਦਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ | ਅੱਜਕਲ੍ਹ ਦੇ ਦੌਰ ਵਿਚ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਬੱਚੇ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ, ਟੀ.ਵੀ., ਕੰਪਿਊਟਰ ਅਤੇ ਗੇਮਿੰਗ 'ਤੇ ਬਿਤਾਉਂਦੇ ਹਨ | ਇਸ ਬਹੁਤ ਜ਼ਿਆਦਾ ਸਕਰੀਨ ਟਾਈਮ ਕਾਰਨ ਬੱਚਿਆਂ ਵਿਚ ਚਿੜਚਿੜਾਪਨ, ਮੋਟਾਪਾ, ਅੱਖਾਂ ਦੀ ਕਮਜ਼ੋਰੀ ਅਤੇ ਇਕਾਗਰਤਾ ਦੀ ਘਾਟ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ | ਜੇਕਰ ਮਾਪੇ ਬੱਚਿਆਂ ਨੂੰ ਘਰ ਦੇ ਕੰਮਾਂ ਜਾਂ ਬਗੀਚੀ ਦੇ ਕੰਮਾਂ ਵਿਚ ਲਗਾਉਣ ਤਾਂ ਇਸ ਨਾਲ ਬੱਚਿਆਂ ਦਾ ਸਕਰੀਨ ਟਾਈਮ ਵੀ ਘਟੇਗਾ ਅਤੇ ਉਨ੍ਹਾਂ ਦੀ ਕਸਰਤ ਵੀ ਹੋਵੇਗੀ |
ਬੱਚਿਆਂ ਤੋਂ ਕੰਮ ਕਰਵਾਉਂਦੇ ਸਮੇਂ ਮਾਪਿਆਂ ਨੂੰ ਧੀਰਜ ਅਤੇ ਉਤਸ਼ਾਹ ਵਰਤਣ ਦੀ ਲੋੜ ਹੁੰਦੀ ਹੈ | ਸ਼ੁਰੂ-ਸ਼ੁਰੂ ਵਿਚ ਬੱਚਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕੇਗਾ ਹੋ ਸਕਦਾ ਹੈ ਕਿ ਉਹ ਚੀਜ਼ਾਂ ਖਿਲਾਰ ਦੇਵੇ ਜਾਂ ਨੁਕਸਾਨ ਕਰ ਦੇਵੇ | ਅਜਿਹੇ ਸਮੇਂ ਉਸ 'ਤੇ ਗੁੱਸਾ ਕਰਨ ਦੀ ਬਜਾਏ ਉਸ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ | ਉਸ ਦੀ ਛੋਟੀ ਜਿਹੀ ਮਿਹਨਤ ਦੀ ਵੀ ਤਾਰੀਫ਼ ਕਰੋ | 'ਸ਼ਾਬਾਸ਼, ਤੂੰ ਬਹੁਤ ਵਧੀਆ ਕੰਮ ਕੀਤਾ, ਵਰਗੇ ਬੋਲ ਬੱਚੇ ਅੰਦਰ ਹੋਰ ਵਧੀਆ ਕਰਨ ਦਾ ਉਤਸ਼ਾਹ ਭਰ ਦਿੰਦੇ ਹਨ | ਜੇਕਰ ਅਸੀਂ ਬੱਚੇ ਦੀ ਗ਼ਲਤੀ 'ਤੇ ਉਸ ਨੂੰ ਡਾਂਚ ਦੇਵਾਂਗੇ ਤਾਂ ਉਹ ਦੁਬਾਰਾ ਕੰਮ ਕਰਨ ਤੋਂ ਝਿਜਕੇਗਾ |
ਬੱਚਿਆਂ ਨੂੰ ਬਚਪਨ ਤੋਂ ਹੀ ਕਿਰਤ ਨਾਲ ਜੋੜਨਾ ਉਨ੍ਹਾਂ ਨੂੰ ਮਾਪਿਆਂ ਵਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਤੋਹਫ਼ਾ ਹੈ | ਇਹ ਤੋਹਫ਼ਾ ਉਨ੍ਹਾਂ ਨੂੰ ਕੇਵਲ ਇਕ ਚੰਗਾ ਵਿਦਿਆਰਥੀ ਹੀ ਨਹੀਂ, ਸਗੋਂ ਇਕ ਜ਼ਿੰਮੇਵਾਰ, ਸਵੈ-ਮਾਣ ਵਾਲਾ ਅਤੇ ਸੰਵੇਦਨਸ਼ੀਲ ਇਨਸਾਨ ਬਣਾਉਂਦਾ ਹੈ | ਆਓ, ਅਸੀਂ ਸਾਰੇ ਮਾਪੇ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਕੇਵਲ ਕਿਤਾਬੀ ਗਿਆਨ ਅਤੇ ਸੁੱਖ-ਸੁਵਿਧਾਵਾਂ ਹੀ ਨਹੀਂ ਦਿਆਂਗੇ, ਸਗੋਂ ਉਨ੍ਹਾਂ ਦੇ ਕੋਮਲ ਹੱਥਾਂ ਨੂੰ ਕਿਰਤ ਦੀ ਸੁਚੱਜੀ ਸਾਂਝ ਵੀ ਬਖਸ਼ਾਂਗੇ, ਤਾਂ ਜੋ ਉਹ ਭਵਿੱਖ ਵਿਚ ਆਤਮ-ਨਿਰਭਰ ਹੋ ਕੇ ਸਵੈਮਾਣ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਅਤੇ ਦੇਸ਼ ਅਤੇ ਸਮਾਜ ਦੀ ਸਹੀ ਅਰਥਾਂ ਵਿਚ ਸੇਵਾ ਕਰ ਸਕਣ |
-ਮੋਬਾਈਲ : 98786-05965