ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਜਿਥੇ ਤਾਨਸੇਨ ਦਾ ਨਾਂਅ ਪ੍ਰਸਿੱਧ ਧਰੁਪਦ ਗਾਇਕ ਵਜੋਂ ਜਾਣਿਆ ਜਾਂਦਾ ਹੈ ਉਥੇ ਮਿਸਰੀ ਸਿੰਘ (ਕੁਝ ਵਿਦਵਾਨਾਂ ਅਨੁਸਾਰ ਸਮੋਖਨ ਸਿੰਘ ਉਰਫ਼ ਨੌਬਤ ਖ਼ਾਂ) ਦਾ ਨਾਂਅ ਵੀ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ | ਕੌਣ ਸੀ ਇਹ ਮਿਸਰੀ ਸਿੰਘ? ਵਿਦਵਾਨਾਂ ਅਨੁਸਾਰ ਮਿਸਰੀ ਸਿੰਘ ਇਕ ਪ੍ਰਸਿੱਧ ਵੀਣਾ ਵਾਦਕ ਸੀ ਜਿਸ ਦਾ ਵਿਆਹ ਅਕਬਰ ਬਾਦਸ਼ਾਹ ਦੇ ਕਹਿਣ 'ਤੇ ਤਾਨਸੇਨ ਦੀ ਪੁੱਤਰੀ ਸਰਸਵਤੀ ਨਾਲ ਹੋਇਆ ਸੀ | ਇਕ ਹੋਰ ਮਿੱਥ ਅਨੁਸਾਰ ਮਿਸਰੀ ਸਿੰਘ ਨੇ ਇਕ ਸੰਗੀਤਕ ਮੁਕਾਬਲੇ ਦੌਰਾਨ ਤਾਨਸੇਨ ਨੂੰ ਹਾਰ ਦਿੱਤੀ ਸੀ ਜਿਸ ਕਰਕੇ ਉਸ ਨੂੰ ਸਰਸਵਤੀ ਦਾ ਵਿਆਹ ਇਸ ਮਹਾਨ ਕਲਾਕਾਰ ਨਾਲ ਕਰਨਾ ਪਿਆ |

ਕਿਹਾ ਜਾਂਦਾ ਹੈ ਕਿ ਇਕ ਵਾਰ ਸ਼ਿਕਾਰ ਖੇਡਦਿਆਂ ਪਿਆਸ ਬਝਾਉਣ ਲਈ ਅਕਬਰ ਬਾਦਸ਼ਾਹ ਦੇ ਸਾਥੀ ਦੂਰ ਨਿਕਲ ਗਏ ਜਿਥੇ ਇਕ ਝਰਨੇ ਦੇ ਕਿਨਾਰੇ 'ਤੇ ਬਣੇ ਮੰਦਰ ਵਿਚ ਇਕ ਸਾਧੂ ਵੀਣਾ ਵਜਾ ਰਿਹਾ ਸੀ | ਸਾਧੂ ਦੇ ਵੀਣਾ ਵਾਦਨ ਤੋਂ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ | ਬਾਦਸ਼ਾਹ ਦੇ ਕਹਿਣ 'ਤੇ ਸਾਧੂ ਨੇ ਰਾਗ ਪੂਰਵੀ ਦਾ ਐਸਾ ਅਲਾਪ ਛੇੜਿਆ ਕਿ ਉਸ ਨੂੰ ਇਲਮ ਹੋ ਗਿਆ ਕਿ ਇਹ ਸਾਧੂ ਕੋਈ ਆਮ ਸਾਧੂ ਨਹੀ ਹੈ | ਗੱਲਬਾਤ ਦੌਰਾਨ ਸਾਧੂ ਨੇ ਦੱਸਿਆ ਕਿ ਮੈਂ ਅਜਮੇਰ (ਸਿੰਘਲਗੜ੍ਹ) ਦੇ ਨਰੇਸ਼ ਮਹਾਰਾਜਾ ਸਮੋਖਨ ਸਿੰਘ ਦਾ ਪੁੱਤਰ ਮਿਸ਼ਰੀ ਸਿੰਘ ਹਾਂ ਅਤੇ ਮੇਰੇ ਪਿਤਾ ਰਾਜ ਯੁੱਧ ਵਿਚ ਵੀਰਗਤੀ ਪ੍ਰਾਪਤ ਕਰ ਗਏ ਸਨ | ਉਸ ਤੋਂ ਬਾਅਦ ਮੈਂ ਇਥੇ ਆ ਕੇ ਵੀਣਾ ਵਾਦਨ ਰਾਹੀਂ ਪ੍ਰਭੂ ਦੀ ਅਰਾਧਨਾ ਕਰਦਾ ਆ ਰਿਹਾ ਹਾਂ | ਇਸ ਉਪਰੰਤ ਅਕਬਰ ਬਾਦਸ਼ਾਹ ਨੇ ਤਾਨਸੇਨ ਦਾ ਜ਼ਿਕਰ ਕਰਦਿਆਂ ਮਿਸ਼ਰੀ ਸਿੰਘ ਨੂੰ ਦਿੱਲੀ ਚੱਲਣ ਲਈ ਕਿਹਾ | ਤਾਨਸੇਨ ਦਾ ਨਾਂਅ ਸੁਣਦਿਆਂ ਹੀ ਮਿਸ਼ਰੀ ਸਿੰਘ ਦਿੱਲੀ ਜਾਣ ਲਈ ਤਿਆਰ ਹੋ ਗਿਆ |
ਸਮਾਂ ਪਾ ਕੇ ਤਾਨਸੇਨ ਅਤੇ ਮਿਸ਼ਰੀ ਸਿੰਘ ਦੀ ਜੋੜੀ ਨੇ ਦਰਬਾਰ ਦਾ ਮਾਹੌਲ ਐਸਾ ਸੰਗੀਤਮਈ ਬਣਾ ਦਿੱਤਾ ਕਿ ਰਾਜ ਦਰਬਾਰ ਵਿਚ ਇਨ੍ਹਾਂ ਦੀ ਖੂਬ ਚਰਚਾ ਹੋਣ ਲੱਗੀ | ਪਰ ਇਹ ਸਿਲਸਿਲਾ ਜ਼ਿਆਦਾ ਦੇਰ ਤੱਕ ਨਾ ਚੱਲਿਆ | ਦੋਵਾਂ ਵਿਚ ਸੰਗੀਤ ਦੇ ਮਾਪਦੰਡ ਨੂੰ ਲੈ ਕੇ ਮੁਕਾਬਲੇ ਦੀ ਭਾਵਨਾ ਦਿਖਾਈ ਦੇਣ ਲੱਗੀ ਅਤੇ ਦੋਵੇਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਵਿਚ ਮਸਰੂਫ ਰਹਿਣ ਲੱਗੇ |
ਇਕ ਵਾਰ ਤਾਨਸੇਨ ਨੇ ਆਪਣੇ ਗਾਣੇ ਵਿਚ ਤਾਨਾਂ ਦਾ ਪ੍ਰਯੋਗ ਅਜਿਹੇ ਟੇਢੇ ਤਰੀਕੇ ਨਾਲ ਕੀਤਾ ਜਿਸ ਨੂੰ ਮਿਸ਼ਰੀ ਸਿੰਘ ਹੂ-ਬ-ਹੂ ਵੀਣਾ ਤੇ ਨਾ ਉਤਾਰ ਸਕੇ | ਉਸ ਨੇ ਆਪਣੇ-ਆਪ ਨੂੰ ਅਪਮਾਨਿਤ ਮਹਿਸੂਸ ਕੀਤਾ ਤੇ ਗੁੱਸੇ ਵਿਚ ਤਾਨਸੇਨ 'ਤੇ ਹਮਲਾ ਕਰ ਦਿੱਤਾ | ਗੁੱਸਾ ਠੰਢਾ ਹੋਣ 'ਤੇ ਉਹ ਬਹੁਤ ਪਛਤਾਇਆ | ਉਹ ਚੁੱਪ-ਚੁਪੀਤੇ ਦਿੱਲੀ ਤੋਂ ਬਾਹਰ ਨਿਕਲ ਗਿਆ ਤੇ ਥਾਂ-ਥਾਂ ਭਟਕਣ ਲੱਗਾ | ਕਰੀਬ ਤਿੰਨ ਸਾਲਾਂ ਬਾਅਦ ਇਕ ਦਿਨ ਅਚਾਨਕ ਅਕਬਰ ਬਾਦਸ਼ਾਹ ਦੇ ਵਜ਼ੀਰ ਨਵਾਬ ਖਾਨਖਾਨਾ ਦੀ ਮੁਲਾਕਾਤ ਮਿਸ਼ਰੀ ਸਿੰਘ ਨਾਲ ਹੋ ਗਈ | ਉਹ ਮਿਸ਼ਰੀ ਸਿੰਘ ਨੂੰ ਆਪਣੇ ਘਰ ਲੈ ਆਇਆ |
ਉਧਰ ਮਿਸ਼ਰੀ ਸਿੰਘ ਦੀ ਗੈਰ-ਹਾਜ਼ਰੀ ਵਿਚ ਬਾਦਸ਼ਾਹ ਪ੍ਰੇਸ਼ਾਨ ਰਹਿਣ ਲੱਗਾ ਸੀ ਜਿਸ ਨੂੰ ਵਜ਼ੀਰ ਨਵਾਬ ਖਾਨਖਾਨਾ ਭਾਂਪ ਗਿਆ ਸੀ | ਇਕ ਦਿਨ ਵਜ਼ੀਰ ਨੇ ਕਿਹਾ, 'ਐ ਬਾਦਸ਼ਾਹ, ਮਿਸ਼ਰੀ ਸਿੰਘ ਮਿਲ ਗਿਆ ਹੈ ਜੇਕਰ ਹਜ਼ੂਰ ਦੀ ਆਗਿਆ ਹੋਵੇ ਤਾਂ ਮੈਂ ਦਰਬਾਰ ਵਿਚ ਲੈ ਆਉਂਦਾ ਹਾਂ | ਇਹ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋੋਇਆ ਤੇ ਕਹਿਣ ਲੱਗਾ, ਕਾਨੂੰਨ ਦੇ ਪੱਖ ਤੋਂ ਮਿਸ਼ਰੀ ਸਿੰਘ ਸਜ਼ਾ ਦਾ ਹੱਕਦਾਰ ਹੈ ਪਰ ਮੈਂ ਉਸ ਨੂੰ ਵਾਪਸ ਦਰਬਾਰ ਵਿਚ ਦੇਖਣਾ ਚਾਹੁੰਦਾ ਹਾਂ | ਦੋਹਾਂ ਨੇ ਇਕ ਗੁਪਤ ਮਸ਼ਵਰਾ ਕੀਤਾ | ਵਜ਼ੀਰ ਨੇ ਇਹ ਖ਼ਬਰ ਫੈਲਾ ਦਿੱਤੀ ਕਿ ਉਸ ਦੇ ਘਰ ਵਿਚ ਇਕ ਸੁੰਦਰ ਵੀਣਾ ਵਾਦਕ ਔਰਤ ਆਈ ਹੈ | ਇਹ ਖ਼ਬਰ ਤਾਨਸੇਨ ਦੇ ਕੰਨਾਂ ਵਿਚ ਵੀ ਪਈ | ਉਸ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਇਸ ਵੀਣਾ ਵਾਦਕ ਇਸਤਰੀ ਨੂੰ ਦਰਬਾਰ ਵਿਚ ਲਿਆਉਣਾ ਚਾਹੀਦਾ ਹੈ | ਇਸ ਸਮੇਂ ਵਜ਼ੀਰ ਨੇ ਤਾਨਸੇਨ ਦੇ ਸਾਹਮਣੇ ਬਾਦਸ਼ਾਹ ਨੂੰ ਕਿਹਾ ਕਿ ਇਹ ਇਸਤਰੀ ਪਰਦੇ ਵਿਚ ਰਹਿੰਦੀ ਹੈ ਅਤੇ ਦਰਬਾਰ ਵਿਚ ਨਹੀਂ ਆ ਸਕਦੀ | ਤੁਸੀ ਸਾਰੇ ਮੇਰੇ ਘਰ ਚੱਲ ਕੇ ਵੀਣਾ ਵਾਦਨ ਸੁਣ ਸਕਦੇ ਹੋ | ਇਸੇ ਤਰ੍ਹਾਂ ਹੀ ਕੀਤਾ ਗਿਆ | ਕੁਝ ਸਮਾਂ ਇਹ ਵਾਦਨ ਸੁਣਨ ਉਪਰੰਤ ਤਾਨਸੇਨ ਨੇ ਕਿਹਾ, 'ਇਹ ਇਸਤਰੀ ਨਹੀ ਹੈ ਸਗੋਂ ਮੇਰਾ ਦੁਸ਼ਮਣ ਹੈ | ਇਸ ਦਾ ਪਰਦਾ ਉਠਾਇਆ ਜਾਵੇ | ਵਜ਼ੀਰ ਨੇ ਕਿਹਾ ਕਿ ਐ ਤਾਨਸੇਨ, 'ਜੇਕਰ ਤੁਸੀਂ ਮੇਰੀ ਇਕ ਸ਼ਰਤ ਮੰਨੋਗੇ ਤਾਂ ਮੈਂ ਪਰਦਾ ਉਠਾ ਸਕਦਾ ਹਾਂ | ਤਾਨਸੇਨ ਦੇ ਹਾਂ ਕਰਨ 'ਤੇ ਪਰਦਾ ਉਠਾਇਆ ਗਿਆ ਤੇ ਮਿਸ਼ਰੀ ਸਿੰਘ ਪ੍ਰਗਟ ਹੋ ਗਿਆ | ਇਸ ਮੌਕੇ ਅਕਬਰ ਬਾਦਸ਼ਾਹ ਨੇ ਤਾਨਸੇਨ ਨੂੰ ਕਿਹਾ ਕਿ ਮਿਸ਼ਰੀ ਸਿੰਘ ਸਜ਼ਾ ਲਾਇਕ ਹੈ | ਜੇਕਰ ਤੁਸੀ ਮੈਨੂੰ ਇਸ ਦੇ ਬਰਾਬਰ ਦਾ ਕਲਾਕਾਰ ਦੇ ਦਿਉ ਤਾਂ ਮੈਂ ਹੁਣੇ ਹੀ ਇਸ ਨੂੰ ਮੌਤ ਦੇ ਘਾਟ ਉਤਾਰ ਦਿਆਂਗਾ | ਇਸ 'ਤੇ ਤਾਨਸੇਨ ਨੇ ਕਿਹਾ ਕਿ ਜੇਕਰ ਕਲਾਕਾਰਾਂ ਪ੍ਰਤੀ ਹਜ਼ੂਰ ਦਾ ਏਨਾ ਸਤਿਕਾਰ ਹੈ ਤਾਂ ਮੈਂ ਵੀ ਮਿਸ਼ਰੀ ਸਿੰਘ ਨੂੰ ਮੁਆਫ਼ ਕਰਦਾ ਹਾਂ | ਬੱਸ ਫਿਰ ਕੀ ਸੀ | ਦੋਵੇਂ ਮਹਾਨ ਕਲਾਕਾਰ ਗਲੇ ਲੱਗ ਕੇ ਮਿਲੇ | ਇਸ ਮੌਕੇ ਅਕਬਰ ਬਾਦਸ਼ਾਹ ਨੇ ਖੁਸ਼ ਹੁੰਦਿਆਂ ਕਿਹਾ ਕਿ ਐ ਤਾਨਸੇਨ, 'ਜੇਕਰ ਤੂੰ ਆਪਣੀ ਪੁੱਤਰੀ ਸਰਸਵਤੀ ਦਾ ਵਿਆਹ ਮਿਸ਼ਰੀ ਸਿੰਘ ਨਾਲ ਕਰ ਦੇਵੇਂ ਤਾਂ ਇਹ ਮਿਲਣੀ ਹੋਰ ਪੱਕੀ ਹੋ ਜਾਵੇਗੀ | ਤਾਨਸੇਨ ਵਲੋਂ ਹਾਂ ਕਰਨ 'ਤੇ ਸਰਸਵਤੀ ਦਾ ਵਿਆਹ ਮਿਸ਼ਰੀ ਸਿੰਘ ਨਾਲ ਹੋ ਗਿਆ | ਕਿਹਾ ਜਾਂਦਾ ਹੈ ਕਿ ਵਿਆਹ ਉਪਰੰਤ ਮਿਸ਼ਰੀ ਸਿੰਘ ਨੇ ਮੁਸਲਿਮ ਧਰਮ ਗ੍ਰਹਿਣ ਕਰ ਲਿਆ ਤੇ ਨਾਂਅ ਬਦਲ ਕੇ 'ਨੌਬਤ ਖ਼ਾਂ' ਰੱਖ ਲਿਆ | ਵਿਆਹ ਉਪਰੰਤ ਮਿਸ਼ਰੀ ਸਿੰਘ ਦੇ ਦੋ ਪੁੱਤਰ ਹੋਏ-ਸ਼ੇਰ ਖ਼ਾਂ ਅਤੇ ਹੁਸੈਨ ਖ਼ਾਂ | ਹੁਸੈਨ ਖ਼ਾਂ ਦਾ ਅੱਗੇ ਵੰਸ਼ ਚਲਦਾ ਰਿਹਾ ਜਦ ਕਿ ਸ਼ੇਰ ਖ਼ਾਂ ਸੰਤਾਨਹੀਣ ਰਹੇ | 26 ਅਪ੍ਰੈਲ, 1589 ਈ. ਨੂੰ ਤਾਨਸੇਨ ਦੀ ਮੌਤ (ਅਕਬਰਨਾਮਾ ਅਨੁਸਾਰ) ਉਪਰੰਤ ਉਸ ਦੇ ਵੰਸ਼ਜ਼ ਅਪ੍ਰੈਲ 'ਰਬਾਬੀਏ' ਅਤੇ ਸਰਸਵਤੀ/ਮਿਸ਼ਰੀ ਸਿੰਘ ਦੇ ਵੰਸਜ਼ 'ਬੀਨਕਾਰ' ਕਹੇ ਜਾਣ ਲੱਗੇ | ਧਰੁਪਦ ਦੀਆਂ ਚਾਰ ਬਾਣੀਆਂ ਵਿਚੋਂ ਮਿਸ਼ਰੀ ਸਿੰਘ ਦੇ ਵੰਸ਼ਜ਼ ਡਾਗੁਰ ਬਾਣੀ ਅਤੇ ਖੰਡਾਰ ਬਾਣੀ ਦੋਵਾਂ ਦਾ ਪ੍ਰਯੋਗ ਕਰਨ ਲੱਗੇ | ਇਨ੍ਹਾਂ ਦਾ ਘਰਾਣਾ ਸੇਨੀਆ ਘਰਾਣੇ ਵਜੋਂ ਪ੍ਰਸਿੱਧ ਹੋਇਆ ਜਿਸ ਨੇ ਅਸਤ ਖ਼ਾਂ, ਲਾਲ ਖ਼ਾਂ, ਬੇਨਜ਼ੀਰ ਖ਼ਾਂ, ਖੁਸ਼ਹਾਲ ਖ਼ਾਂ, ਲਾਲ ਖ਼ਾਂ ਸਾਨੀ, ਮਹਾਵਤ ਖ਼ਾਂ, ਨਿਆਮਤ ਖ਼ਾਂ (ਸਦਾਰੰਗ), ਫਿਰੋਜ਼ ਖ਼ਾਂ (ਅਦਾਰੰਗ), ਭੂਪਤ ਖ਼ਾਂ (ਮਹਾਂਰੰਗ), ਜੀਵਨ ਖ਼ਾਂ, ਪਿਆਰ ਖ਼ਾਂ ਜਿਹੇ ਸੰਗੀਤਕਾਰ ਪੈਦਾ ਕੀਤੇ |
-ਪਿ੍ੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ | ਮੋਬਾਈਲ : 98554-53539