ਛੋਟੇ ਬੱਚੇ ਆਮ ਤੌਰ 'ਤੇ ਇਕ ਦੂਜੇ ਦੇ ਕੱਪੜਿਆਂ ਉੱਤੇ ਲੂੰਧੜੇ ਦੇ ਕੰਡੇ ਸੁੱਟ ਕੇ ਖੇਡਦੇ ਹਨ | ਇਹ ਬੰਜਰ ਸਥਾਨਾਂ 'ਤੇ ਪਾਇਆ ਜਾਣ ਵਾਲਾ 3-4 ਫੁੱਟ ਤੱਕ ਉਚਾਈ ਦਾ ਪੌਦਾ ਹੈ, ਜੋ ਕਿ ਬਰਸਾਤਾਂ ਵਿਚ ਆਮ ਉੱਗ ਜਾਂਦਾ ਹੈ | ਇਸ ਨੂੰ ਹਲਕੇ ਪੀਲੇ ਰੰਗ ਦੇ ਫੁੱਲ ਉਸ ਸਮੇਂ ਲਗਦੇ ਹਨ ਜਦੋਂ ਰਾਤਾਂ ਲੰਬੀਆਂ ਅਤੇ ਦਿਨ ਛੋਟੇ ਹੁੰਦੇ ਹਨ | ਇਸ ਦੇ ਫਲ ਵਿਚ ਦੋ ਬੀਜ ਹੁੰਦੇ ਹਨ ਜਿਨ੍ਹਾਂ ਵਿਚੋਂ ਇਕ ਬੀਜ ਅਗਲੇ ਸਾਲ ਉੱਗ ਜਾਂਦਾ ਹੈ ਅਤੇ ਦੂਸਰਾ ਬੀਜ ਦੇ ਛਿਲਕੇ ਦੀ ਕੁਦਰਤੀ ਤਹਿ ਅੰਦਰ ਅਗਲੇ ਸਾਲਾਂ ਲਈ ਸੁੱਤੀ ਅਵਸਥਾ ਵਿਚ ਸੁਰੱਖਿਅਤ (4ormant) ਪਿਆ ਰਹਿੰਦਾ ਹੈ | ਆਮ ਤੌਰ 'ਤੇ ਲੂੰਧੜੇ ਦੇ ਗੁਣਾਂ ਬਾਰੇ ਲੋਕਾਂ ਨੂੰ ਬੜੀ ਘੱਟ ਜਾਣਕਾਰੀ ਹੈ | ਚੀਨ ਵਿਚ ਇਸ ਪੌਦੇ ਦੀ ਦਵਾਈ ਦੇ ਤੌਰ 'ਤੇ ਸਦੀਆਂ ਤੋਂ ਵਰਤੋਂ ਕੀਤੀ ਜਾ ਰਹੀ ਹੈ | ਇਸ ਦਾ ਵਿਗਿਆਨਕ ਨਾਂਅ ਐਗਜ਼ੈਂਥੀਅਮ ਸਟ੍ਰਮੇਰੀਅਮ (Xanthium strumarium) ਹੈ | ਇਸ ਨੂੰ ਛੋਟਾ ਧਤੂਰਾ, ਚੀਰੂ, ਆਰਤਗਲ, ਨੀਲਪੁਸ਼ਪਾ, ਬਨੋਕਰਾ ਅਤੇ ਕੌਕਲਬਰ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ | ਇਸ ਪੌਦੇ ਵਿਚ ਡੇਢ ਸੌ ਦੇ ਕਰੀਬ ਕਿਰਿਆਸ਼ੀਲ ਤੱਤ ਪਾਏ ਜਾਂਦੇ ਹਨ ਜਿਸ ਕਾਰਨ ਇਸ ਪੌਦੇ ਦੀ ਦਵਾਈਆਂ ਵਿਚ ਕਾਫੀ ਮਹੱਤਤਾ ਹੈ | ਪਰ ਇਹ ਪੌਦਾ ਜਦੋਂ ਛੋਟਾ ਹੁੰਦਾ ਹੈ, ਉਦੋਂ ਇਹ ਬਹੁਤ ਜ਼ਹਿਰੀਲਾ ਹੁੰਦਾ ਹੈ | ਵੱਡਾ ਹੋਣ 'ਤੇ ਇਸ ਵਿਚੋਂ ਜ਼ਹਿਰ ਖਤਮ ਹੋ ਜਾਂਦੀ ਹੈ | ਇਸ ਪੌਦੇ ਦੇ ਫਲ ਜ਼ਹਿਰੀਲੇ ਹੁੰਦੇ ਹਨ ਜਿਸ ਕਾਰਨ ਇਸ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ |
ਇਸ ਦੇ ਵੱਡੇ ਪੌਦੇ ਦੇ ਤਾਜੇ ਸਾਫ ਪੱਤਿਆਂ ਦੇ ਰਸ ਨੂੰ ਰਸ ਤੋਂ ਅੱਧੀ ਮਾਤਰਾ ਗਾਂ ਦੇ ਦੇਸੀ ਘਿਓ ਵਿਚ ਮਿਲਾ ਕੇ ਲੋਹੇ ਦੀ ਕੜਾਹੀ ਵਿਚ ਮੱਠੀ ਅੱਗ 'ਤੇ ਪਕਾ ਕੇ ਜਦ ਮਿਸ਼ਰਣ ਘਿਓ ਜਿੰਨਾ ਹੀ ਰਹਿ ਜਾਵੇ ਤਾਂ ਇਸ ਨੂੰ ਠੰਢਾ ਕਰ ਕੇ ਸਿਰ 'ਤੇ ਮਾਲਿਸ਼ ਕਰਨ ਨਾਲ ਸਿਰ 'ਤੇ ਵਾਲਾਂ ਦੇ ਮੁਸਾਮ ਖੁੱਲ੍ਹਦੇ ਹਨ ਅਤੇ ਨਵੇਂ ਵਾਲ ਆਉਂਦੇ ਹਨ | ਇਸ ਦੇ ਤਾਜ਼ੇ ਪੱਤਿਆਂ ਨੂੰ ਕੁੱਟ ਕੇ ਬਣਾਈ ਮਲ੍ਹਮ ਨੂੰ ਚਮੜੀ 'ਤੇ ਇਕ ਘੰਟਾ ਲਾਉਣ ਨਾਲ ਦਾਦ, ਖਾਜ, ਖੁਜਲੀ ਅਤੇ ਛਪਾਕੀ ਤੋਂ ਆਰਾਮ ਮਿਲਦਾ ਹੈ | ਲੂੰਧੜੇ ਅਤੇ ਭੰਗ ਦੇ ਬਰਾਬਰ ਮਾਤਰਾ ਵਿਚ ਤਾਜ਼ੇ ਪੱਤਿਆਂ ਨੂੰ ਕੁੱਟ ਕੇ ਬਣਾਈ ਮਲ੍ਹਮ ਨੂੰ ਮੱਥੇ ਅਤੇ ਪੁੜਪੁੜੀਆਂ 'ਤੇ ਅੱਧਾ ਘੰਟਾ ਲਾਉਣ ਨਾਲ ਮਾਈਗ੍ਰੇਨ ਅਤੇ ਸਿਰਦਰਦ ਨੂੰ ਆਰਾਮ ਮਿਲਦਾ ਹੈ | ਇਸ ਦੇ ਪੱਤਿਆਂ ਦਾ ਰਸ ਜ਼ਖ਼ਮਾਂ 'ਤੇ ਲਾਉਣ ਨਾਲ ਜ਼ਖਮ ਛੇਤੀ ਭਰਦੇ ਹਨ ਅਤੇ ਜ਼ਖ਼ਮਾਂ ਦੀ ਇਨਫੈਕਸ਼ਨ ਦੂਰ ਹੁੰਦੀ ਹੈ | ਇਸ ਦੇ ਸੁੱਕੇ ਪੱਤਿਆਂ ਅਤੇ ਸੁੱਕੇ ਬੀਜਾਂ ਦੇ ਚੂਰਨ ਨੂੰ ਤਿਲਾਂ ਦੇ ਤੇਲ ਵਿਚ ਮਿਲਾ ਕੇ ਜੋੜਾਂ 'ਤੇ ਲਾਉਣ ਨਾਲ ਜੋੜਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ |
ਕਿਉਂ ਜੋ ਲੂੰਧੜਾ ਇਕ ਜ਼ਹਿਰੀਲਾ ਪੌਦਾ ਹੈ, ਇਸ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਲੋੜ ਹੈ | ਇਸ ਦੇ ਛੋਟੇ ਪੌਦੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ | ਚਮੜੀ 'ਤੇ ਇਸ ਦੀ ਵਰਤੋਂ ਕਰਦੇ ਸਮੇਂ ਇਸ ਦੀ ਮਲ੍ਹਮ ਨੂੰ ਪੁੱਠੇ ਹੱਥ 'ਤੇ ਜਾਂ ਬਾਂਹ 'ਤੇ ਥੋੜ੍ਹਾ ਜਿਹਾ 15 ਕੁ ਮਿੰਟ ਲਾ ਕੇ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਚਮੜੀ ਨੂੰ ਐਲਰਜੀ ਤਾਂ ਨਹੀਂ ਕਰਦਾ | ਖਾਣ ਵਾਸਤੇ ਇਸ ਦੀ ਵਰਤੋਂ ਮਾਹਿਰ ਦੀ ਸਲਾਹ ਤੋਂ ਬਿਨਾਂ ਸਿਫਾਰਸ਼ਯੋਗ ਨਹੀਂ ਹੈ | ਗਰਭਵਤੀ ਔਰਤਾਂ ਨੂੰ ਇਸ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ |