21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਾਦਗੀ ਭਰੇ ਪੁਰਾਣੇ ਵਿਆਹਾਂ ਨੂੰ ਚੇਤੇ ਕਰਦਿਆਂ...

ਸਾਦਗੀ ਭਰੇ ਪੁਰਾਣੇ ਵਿਆਹਾਂ ਨੂੰ ਚੇਤੇ ਕਰਦਿਆਂ...

Ad Position 21
No active advertisement
ਅਜੀਤ ਡੈਸਕ 22-11-2026

ਅੱਜਕਲ੍ਹ ਵਿਆਹ ਮੈਰਿਜ ਪੈਲੇਸਾਂ ਵਿਚ ਕਰਨ ਦਾ ਰਿਵਾਜ ਹੋ ਗਿਆ ਹੈ, ਜਿੱਥੇ ਵਿਆਹ ਸੰਬੰਧੀ ਦਿਨਾਂ ਦਾ ਕੰਮ ਘੰਟਿਆਂ ਵਿਚ ਨਿਬੇੜ ਦਿੱਤਾ ਜਾਂਦਾ ਹੈ | ਅਜੋਕੇ ਦੌਰ ਵਿਚ ਵਿਆਹ ਨਾਲ ਜੁੜੀਆਂ ਅਨੇਕਾਂ ਰੀਤ-ਰਸਮਾਂ ਘੱਟ ਸਮੇਂ ਦੀ ਭੇਟ ਚੜ੍ਹਦਿਆਂ ਅਲੋਪ ਹੋ ਕੇ ਰਹਿ ਗਈਆਂ ਹਨ | ਬਰਾਤ ਬਹੁਤ ਥੋੜ੍ਹਾ ਸਮਾਂ ਠਹਿਰਦੀ ਹੈ | ਭਾਂਤ-ਸੁਭਾਂਤੇ ਮਹਿੰਗੇ ਸਵਾਦਲੇ ਪਕਵਾਨ ਪਰੋਸੇ ਜਾਂਦੇ ਹਨ | ਡੀ. ਜੇ. ਦੀ ਸ਼ੋਰਨੁਮਾ ਧਮਕ 'ਤੇ ਨਾਚ-ਗਾਣਾ ਹੁੰਦਾ ਹੈ | ਅਜਿਹੇ ਮੌਕੇ ਅਕਸਰ ਹੀ ਸਾਦਗੀ ਭਰੇ ਪੁਰਾਣੇ ਵਿਆਹਾਂ ਦੀ ਯਾਦ ਆ ਜਾਂਦੀ ਹੈ |

ਪੁਰਾਣੇ ਵਿਆਹਾਂ ਦਾ ਮਾਹੌਲ ਅਤੇ ਨਜ਼ਾਰਾ ਵੱਖਰਾ ਹੀ ਹੁੰਦਾ ਸੀ | ਉਦੋਂ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਵਧੇਰੇ ਸੀ | ਕਮਾਈ ਦੇ ਸਾਧਨ ਸੀਮਤ ਹੋਣ ਕਰਕੇ ਹਾੜ੍ਹੀ-ਸੌਣੀ ਦੀ ਫਸਲ ਵੇਚ ਵੱਟ ਕੇ ਵਿਆਹ-ਮੰਗਣੇ ਦੇ ਕਾਰਜ ਕੀਤੇ ਜਾਂਦੇ ਸਨ | ਸੇਪੀ ਦਾ ਰਿਵਾਜ ਹੋਣ ਕਰਕੇ ਲੋਕ ਇਕ ਦੂਜੇ 'ਤੇ ਨਿਰਭਰ ਹੁੰਦੇ ਸਨ | ਇਸੇ ਲਈ ਵਿਆਹ ਸਮਾਗਮ ਨੂੰ  ਵਕਤ ਪਾ ਕੇ ਪੂਰਿਆ ਜਾਂਦਾ ਸੀ | ਰਿਸ਼ਤਾ ਕਰਨ ਤੋਂ ਪਹਿਲਾਂ ਖਾਨਦਾਨ ਅਤੇ ਕੰਮਕਾਰਾਂ ਬਾਰੇ ਪੜਤਾਲ ਕੀਤੀ ਜਾਂਦੀ, ਫਿਰ ਕੱਚੀ ਰੋਕ ਹੁੰਦੀ | ਤਿੰਨ ਚਾਰ ਮਹੀਨੇ ਮਗਰੋਂ ਰੋਪਣਾ ਹੁੰਦਾ, ਫਿਰ ਮੰਗਣਾ ਕੀਤਾ ਜਾਂਦਾ | ਦੋ-ਤਿੰਨ ਸਾਲ ਮਗਰੋਂ ਵਿਆਹ ਧਰਿਆ ਜਾਂਦਾ ਅਤੇ ਸਾਲ ਦੋ-ਸਾਲ ਮਗਰੋਂ ਮੁਕਲਾਵਾ ਦਿੱਤਾ ਜਾਂਦਾ | ਉਦੋਂ ਵਿਆਹਾਂ ਤੋਂ ਪਹਿਲਾਂ ਮੰਗਣਾ ਕਰਨ ਦੀ ਰਸਮ ਵੀ ਹੁੰਦੀ ਸੀ, ਜਿਸ ਦੀਆਂ ਰੌਣਕਾਂ ਦੋ ਤਿੰਨ-ਦਿਨ ਤੱਕ ਰਹਿੰਦੀਆਂ ਸੀ | ਕੁੜੀ ਦੇ ਪਰਿਵਾਰ ਵਾਲੇ ਮੁੰਡੇ ਦੇ ਘਰ ਸ਼ਗਨ ਲੈ ਕੇ ਜਾਂਦੇ | ਪਰਿਵਾਰ ਦਾ ਮੁਖੀ ਜਾਂ ਵੱਡਾ ਬੰਦਾ ਮੁੰਡੇ ਨੂੰ  ਹਲਦੀ-ਚੌਲਾਂ ਦਾ ਤਿਲਕ ਲਗਾ ਕੇ ਇਕ ਚਾਂਦੀ ਦਾ ਰੁਪਈਆ ਖੰਮਣੀ ਬੰਨ੍ਹ ਕੇ ਮੁੰਡੇ ਦੀ ਝੋਲੀ ਪਾਉਂਦਾ ਤੇ ਗੁੜ ਦੀ ਰੋੜੀ ਮੂੰਹ 'ਚ ਪਾ ਕੇ ਸ਼ਗਨ ਕਰਦਾ | ਇਸ ਮੌਕੇ ਪਿੰਡ ਦੇ ਮੁਹਤਬਰ ਬੰਦੇ, ਰਿਸ਼ਤੇਦਾਰ ਇਕੱਠੇ ਹੋਏ ਹੁੰਦੇ | ਮੁੰਡੇ ਦੀਆਂ ਭੈਣਾਂ ਸ਼ਗਨਾਂ ਦੇ ਗੀਤ, ਦੋਹੇ ਗਾਉਂਦੀਆਂ | ਮੰਗਣਾ ਹੋਣ ਮਗਰੋਂ ਪਿੰਡ ਦੇ ਪਤਵੰਤਿਆਂ ਨੂੰ  ਚਾਹ ਪਾਣੀ ਪਿਲਾਇਆ ਜਾਂਦਾ ਅਤੇ ਜਾਣ ਸਮੇਂ ਸ਼ੱਕਰ ਦੀ ਮੁੱਠ ਦਿੱਤੀ ਜਾਂਦੀ | ਬਾਅਦ ਵਿਚ ਸ਼ੱਕਰ ਦੀ ਥਾਂ ਪਤਾਸੇ ਦੇਣ ਦਾ ਰਿਵਾਜ਼ ਬਣ ਗਿਆ | ਰਿਸ਼ਤਾ ਹੋਣ ਸਮੇਂ ਮੁੰਡਾ-ਕੁੜੀ ਇਕ-ਦੂਜੇ ਨੂੰ  ਨਹੀਂ ਸੀ ਵੇਖਦੇ | ਜਿਹੋ ਜਿਹਾ ਮਾਪੇ ਲੱਭ ਦਿੰਦੇ ਸੀ, ਉਹੀ ਪ੍ਰਵਾਨ ਹੁੰਦਾ ਸੀ | ਫੋਟੋਗ੍ਰਾਫੀ ਦਾ ਦੌਰ ਵੀ ਨਹੀਂ ਸੀ | ਜੇ ਮੁੰਡਾ ਵਿਆਹ ਤੋਂ ਪਹਿਲਾਂ ਕਿਸੇ ਬਹਾਨੇ ਸਹੁਰੇ ਪਿੰਡ ਗੇੜਾ ਮਾਰਨ ਜਾਂਦਾ ਤਾਂ ਪਤਾ ਲੱਗਣ ਤੇ ਪਰਿਵਾਰ ਦੇ ਬਜ਼ੁਰਗ ਇਤਰਾਜ਼ ਕਰਦੇ | ਕਈ ਵਾਰ ਤਾਂ ਰਿਸ਼ਤਾ ਟੁੱਟਣ ਤੱਕ ਦੀ ਨੌਬਤ ਵੀ ਆ ਜਾਂਦੀ ਸੀ | ਵਿਆਹ ਤੋਂ ਸਵਾ ਮਹੀਨਾ ਪਹਿਲਾਂ ਵਿਚੋਲੇ ਰਾਹੀਂ ਵਿਆਹ ਦੀ ਚਿੱਠੀ ਭੇਜੀ ਜਾਂਦੀ ਜਿਸ ਉਪਰੰਤ ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ | ਪਿੰਡ ਦਾ ਰਾਜਾ (ਨਾਈ) ਵਿਆਹ ਦੀ ਚਿੱਠੀ ਲੈ ਕੇ ਸਾਕ-ਸਕੀਰਿਆਂ ਵਿਚ ਜਾਂਦਾ | ਪਰਿਵਾਰ ਦੇ ਨਵੇਂ ਕੱਪੜੇ ਸਿਉਣ ਲਈ ਘਰ ਵਿਚ ਹੀ ਦਰਜ਼ੀ ਬਿਠਾਇਆ ਜਾਂਦਾ, ਜੋ ਸਾਰੇ ਪਰਿਵਾਰ ਦੇ ਵਿਆਹ ਦੇ ਕੱਪੜੇ ਬਣਾਉਂਦਾ | ਪਿੰਡ ਦਾ ਤਰਖਾਣ ਭਾਈਚਾਰਕ ਸਾਂਝ 'ਤੇ ਵਿਆਹ ਵਾਲੇ ਘਰ ਹਲਵਾਈ ਲਈ ਲੱਕੜਾਂ ਪਾੜਣ ਦਾ ਕੰਮ ਕਰਦਾ | ਕਈ ਦਿਨ ਪਹਿਲਾਂ ਹੀ ਹਲਵਾਈ ਆਪਣੀਆਂ ਭੱਠੀਆਂ ਅਤੇ ਕੜਾਹੇ ਖੁਰਚਣੇ ਲੈ ਕੇ ਵਿਆਹ ਵਾਲੇ ਘਰੇ ਰੌਣਕਾਂ ਲਾ ਬਹਿੰਦੇ | ਸਾਰੇ ਘਰ ਵਿਚ ਪਾਂਡੋ ਮਿੱਟੀ ਦੀ ਤਲੀ ਫੇਰ ਕੇ, ਕੰਧਾਂ ਕੰਧੋਲੀਆਂ ਤੇ ਤੋਤੇ, ਮੋਰ, ਘੁੱਗੀਆਂ ਦੇ ਚਿੱਤਰ ਬਣਾਉਣ ਦਾ ਰਿਵਾਜ ਹੁੰਦਾ ਸੀ | ਵਿਆਹ ਵਾਲੇ ਘਰ ਵਿਚ ਰੰਗ-ਬਰੰਗੀਆਂ ਕਾਗਜ਼ ਦੀਆਂ ਪਤੰਗੀਆਂ ਜੋੜ ਕੇ ਬਣਾਈ ਲੜੀ ਬੰਨ੍ਹੀ ਜਾਂਦੀ | ਜਿਵੇਂ-ਜਿਵੇਂ ਵਿਆਹ ਦੇ ਦਿਨ ਨੇੜੇ ਆਉਂਦੇ ਜਾਂਦੇ, ਮੇਲ-ਗੇਲ ਦੇ ਪੈਣ-ਬੈਠਣ ਲਈ ਪਿੰਡ ਵਿਚੋਂ ਘਰੋ-ਘਰੀ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ | ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਹੱਥ ਲਾਇਆ ਜਾਂਦਾ | ਚੱਕੀ ਫੇਰ ਕੇ ਗਲਾ ਭਰਿਆ ਜਾਂਦਾ, ਵਿਆਹੁਲੇ ਮੁੰਡੇ ਜਾਂ ਕੁੜੀ ਦੇ ਖੰਮ੍ਹਣੀ ਬੰਨ੍ਹਣ ਦੀ ਰਸਮ ਕੀਤੀ ਜਾਂਦੀ | ਸ਼ਗਨਾਂ ਦੇ ਗੀਤ ਘੋੜੀਆਂ-ਸੁਹਾਗ ਗਾਏ ਜਾਂਦੇ |
 ਉਦੋਂ ਵਿਆਹਾਂ ਵਿਚ ਨਿਉਂਦੇ ਦੀ ਰਸਮ ਅਹਿਮ ਹੁੰਦੀ ਸੀ ਜਿਸ ਵਿਚ ਵਿਆਹ ਸਮਾਗਮ ਸਮੇਂ ਰਿਸ਼ਤੇਦਾਰ ਅਤੇ ਪਰਿਵਾਰ ਨੇੜਲੇ ਮਿੱਤਰ ਆਪਣੀ ਪਹੁੰਚ ਮੁਤਾਬਿਕ ਪੈਸੇ ਆਦਿ ਨਾਲ ਘਰ ਦੇ ਮੁਖੀ ਦੀ ਮਦਦ ਕਰਦੇ | ਪਿੰਡ ਦਾ ਵਿਅਕਤੀ ਇਕ ਬਹੀ ਵਿਚ ਇਹ ਮਦਦ ਲਿਖਦਾ ਜਿਸ ਨੂੰ  ਨਿਉਂਦਾ ਕਿਹਾ ਜਾਂਦਾ |
 ਵਿਆਹ ਵਿਚ ਨਾਨਕਿਆਂ ਦੀ ਪੂਰੀ ਬੱਲੇ-ਬੱਲੇ ਹੁੰਦੀ ਸੀ | ਪਿੰਡ ਦੀ ਜੂਹ ਵਿਚ ਵੜਦਿਆਂ ਹੀ ਨਾਨਕਾ ਮੇਲ ਸ਼ਗਨਾਂ ਦੇ ਗੀਤ ਅਤੇ ਦੋਹੇ ਗਾਉਂਦਾ ਵਿਆਹ ਵਾਲੇ ਘਰ ਵੱਲ ਤੁਰਿਆ ਆਉਂਦਾ | ਘਰ ਆਉਣ 'ਤੇ ਤੇਲ ਚੋਇਆ ਜਾਂਦਾ, ਨਾਨਕਿਆਂ ਦੀ ਝੋਲੀ ਲੱਡੂਆਂ ਦੇ ਸ਼ਗਨ ਪਾ ਕੇ ਜੀ ਆਇਆਂ ਨੂੰ  ਕਿਹਾ ਜਾਂਦਾ | ਨਾਨਕੀ-ਸ਼ੱਕ ਲਿਆਉਣ ਕਰਕੇ ਨਾਨਕਿਆਂ ਦੀ ਵਿਆਹ ਵਿਚ ਪੂਰੀ ਚਹਿਲ ਪਹਿਲ ਹੁੰਦੀ | ਰਾਤ ਨੂੰ  ਨਾਨਕਾ ਪਰਿਵਾਰ ਦੀਆਂ ਮੇਲਣਾਂ ਵਲੋਂ ਘੱਗਰੇ ਪਾ ਕੇ ਸਾਰੇ ਪਿੰਡ ਵਿਚ ਜਾਗੋ ਕੱਢੀ ਜਾਂਦੀ, ਦੇਰ ਰਾਤ ਤੱਕ ਗਿੱਧਾ ਪੈਂਦਾ | ਜਦੋਂ ਨਾਨਕਿਆਂ ਵਲੋਂ ਛੱਜ ਕੁੱਟਿਆ ਜਾਂਦਾ ਤਾਂ ਕਿਤੇ ਜਾ ਕੇ ਗਿੱਧੇ ਦੀ ਸਮਾਪਤੀ ਹੁੰਦੀ | ਵਿਆਂਹਦੜ ਦੇ ਚਿਹਰੇ 'ਤੇ ਨਿਖਾਰ ਅਤੇ ਖੂਬਸੂਰਤੀ ਲਿਆਉਣ ਲਈ ਬਟਨਾ ਮੱਲਣ ਦਾ ਰਿਵਾਜ਼ ਸੀ | ਅੱਜ ਵਾਂਗ ਬਿਊਟੀ ਪਾਰਲਰ ਦੇ ਮਹਿੰਗੇ ਪੈਕੇਜ ਨਹੀਂ ਸਨ ਹੁੰਦੇ | ਬਟਨਾ ਲਾਉਣ ਸਮੇਂ 'ਲਾਗਣ' ਆਢ-ਗੁਆਂਢ ਤੇ ਸ਼ਰੀਕੇ ਵਾਲਿਆਂ ਨੂੰ  ਸੱਦਾ ਦੇ ਕੇ ਆਉਂਦੀ | ਸਾਰੇ ਇਕੱਠੇ ਹੋ ਕੇ ਵਿਆਂਹਦੜ ਕੁੜੀ ਜਾਂ ਮੁੰਡੇ ਨੂੰ  ਚੌਂਕੇ 'ਤੇ ਬਿਠਾਉਂਦੇ | ਨੈਣ ਗਾਨਾ ਬੰਨ੍ਹਦੀ ਫਿਰ ਬਾਕੀ ਰਿਸ਼ਤੇਦਾਰਾਂ ਦੇ ਵੀ ਗਾਨਾ ਬੰਨਿ੍ਹਆ ਜਾਂਦਾ | ਚਾਰ ਮੇਲਣਾਂ ਸਿਰ 'ਤੇ ਫੁਲਕਾਰੀ ਤਾਣ ਕੇ ਖੜ੍ਹ ਜਾਂਦੀਆਂ | ਸਾਰੇ ਜਣੇ ਆਪੋ ਆਪਣੀ ਵਾਰੀ ਮੁਤਾਬਿਕ ਬਟਨਾ ਮਲਦੇ ਤਾਂ ਕਿ ਵਿਆਂਹਦੜ ਨੂੰ  ਵੱਧ ਤੋਂ ਵੱਧ ਰੂਪ ਚੜ੍ਹੇ | ਭੈਣਾਂ ਆਪਣੇ ਵੀਰ ਦੇ ਸਿਹਰਾ ਤੇ ਕਲਗੀ ਸਜਾ ਕੇ ਸ਼ਗਨਾਂ ਦੇ ਗੀਤ ਘੋੜੀਆਂ ਗਾਉਂਦੀਆਂ | ਉਨ੍ਹਾਂ ਸਮਿਆਂ ਵਿਚ ਬਰਾਤ ਊਠਾਂ, ਘੋੜਿਆਂ ਅਤੇ ਗੱਡਿਆਂ 'ਤੇ ਜਾਂਦੀ ਸੀ | ਵਿਆਹ ਵਾਲਾ ਮੁੰਡਾ ਰਥ ਗੱਡੀ 'ਤੇ ਜਾਂਦਾ | 1965-70 ਤੋਂ ਬਾਅਦ ਦੇ ਸਮਿਆਂ ਵਿਚ ਬਰਾਤਾਂ ਕਾਰਾਂ ਵਿਚ ਜਾਣ ਲੱਗੀਆਂ | ਸੁੰਨੇ ਰਾਹਾਂ 'ਤੇ ਬਰਾਤ ਦੀ ਹਿਫ਼ਾਜ਼ਤ ਲਈ ਪਿੰਡ ਵਿਚੋਂ ਹੀ ਰਫ਼ਲਾਂ ਵਾਲੇ ਬੰਦੇ ਵੀ ਨਾਲ ਹੁੰਦੇ ਸਨ | ਉਦੋਂ ਔਰਤਾਂ ਬਰਾਤ ਨਹੀਂ ਸੀ ਜਾਂਦੀਆਂ | ਉਹ ਘਰੇ ਹੀ ਗਿੱਧਾ ਬੋਲੀਆਂ ਪਾ ਕੇ ਵਿਆਹ ਦੀ ਖੁਸ਼ੀ ਮਨਾਉਂਦੀਆਂ  | ਬਰਾਤ ਪਿਛਲੇ ਪਹਿਰ ਤੁਰਦੀ ਤੇ ਮੂੰਹ ਨ੍ਹੇਰੇ ਕੁੜੀ ਵਾਲਿਆਂ ਦੇ ਪਿੰਡ ਜਾ ਪਹੁੰਚਦੀ | ਬਰਾਤ ਦਾ ਠਹਿਰਾਓ ਜੰਝ ਘਰ ਜਾਂ ਧਰਮਸ਼ਾਲਾ ਵਿਚ ਰੱਖਿਆ ਹੁੰਦਾ ਸੀ | 
 ਜਿੱਥੇ ਬਰਾਤੀਆਂ ਦੇ ਪੈਣ ਤੇ ਬੈਠਣ ਲਈ ਮੰਜੇ-ਬਿਸਤਰੇ ਲਗਾਏ ਹੁੰਦੇ | ਪਿੰਡ ਦਾ ਇਕ ਬੰਦਾ ਵੱਡੇ-ਵੱਡੇ ਕੜਾਹਿਆਂ ਵਿਚ ਪਾਣੀ ਗਰਮ ਕਰਦਾ ਤੇ ਬਰਾਤੀ ਨਹਾ ਧੋ ਕੇ ਤਿਆਰ ਹੋ ਜਾਂਦੇ | ਡੇਰੇ ਵਿਚ ਹੀ ਟੋਕਣੀ ਵਿਚ ਚਾਹ ਲਿਆ ਕੇ ਪਿੱਤਲ ਦੇ ਵੱਡੇ-ਵੱਡੇ ਗਲਾਸਾਂ ਵਿਚ ਵਰਤਾਈ ਜਾਂਦੀ ਅਤੇ ਨਾਲ ਭੁਜੀਏ-ਬਦਾਨੇ ਦੀਆਂ ਕੌਲੀਆਂ ਦਿੱਤੀਆਂ ਜਾਂਦੀਆਂ | ਊਠਾਂ ਅਤੇ ਘੋੜਿਆਂ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਜਾਂਦਾ | ਵਿਆਹ ਦੇ ਮਨੋਰੰਜਨ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਬਰਾਤ ਵਿਚ ਸਪੀਕਰ ਵਾਲਾ ਉਚੇਚੇ ਤੌਰ 'ਤੇ ਨਾਲ ਜਾਂਦਾ | ਉਦੋਂ ਤਵਿਆਂ ਵਾਲੀ ਮਸ਼ੀਨ 'ਤੇ ਵੱਜਦੇ ਪੁਰਾਣੇ ਰਿਕਾਰਡ ਹੀ ਮਨੋਰੰਜਨ ਦਾ ਸਾਧਨ ਹੁੰਦੇ ਸਨ ਅਤੇ ਬਾਰਾਤ ਨੂੰ  ਹਸਾਉਣ ਲਈ ਪਿੰਡ ਦੇ ਭੰਡ ਵੀ ਆਪਣੀ ਕਲਾ ਦੇ ਜੌਹਰ ਵਿਖਾਉਂਦੇ | 
 ਜਦੋਂ ਬਰਾਤ ਰੋਟੀ ਖਾਣ ਲਈ ਕੁੜੀ ਵਾਲਿਆਂ ਦੇ ਘਰ ਜਾਂਦੀ ਤਾਂ ਕੋਰਿਆਂ (ਪੱਟੀਆਂ) 'ਤੇ ਬਿਠਾ ਕੇ ਰੋਟੀ ਖਵਾਈ ਜਾਂਦੀ | ਕੁੜੀਆਂ ਬਰਾਤੀਆਂ ਨਾਲ ਮਜ਼ਾਕ ਕਰਦੀਆਂ | ਕਈ ਵਾਰ ਖਾਲੀ ਮੰਜਿਆਂ 'ਤੇ ਕਾਨੇ ਰੱਖ ਕੇ ਉੱਪਰ ਦਰੀ-ਬਿਸਤਰਾ ਵਿਛਾ ਦਿੰਦੀਆਂ ਅਤੇ ਬਾਰਾਤੀ ਬੈਠਣ ਲੱਗੇ ਧੜੰਮ ਕਰਕੇ ਥੱਲੇ ਡਿੱਗ ਪੈਂਦੇ | ਅਜਿਹੇ ਮਜ਼ਾਕਾਂ ਦਾ ਉਦੋਂ ਕੋਈ ਗੁੱਸਾ ਨਹੀਂ ਸੀ ਕਰਦਾ | ਰੋਟੀ ਖਾਣ ਬੈਠੀ ਬਰਾਤ ਨੂੰ  ਮੇਲਣਾ ਦੋਹੇ ਸੁਣਾਉਂਦੀਆਂ, ਸਿੱਠਣੀਆਂ ਸੁਣਾਉਂਦੀਆਂ ਅਤੇ ਹਾਸੇ ਮਜ਼ਾਕ ਕਰਦੀਆਂ ਜੰਝ ਬੰਨ੍ਹ ਦਿੰਦੀਆਂ | ਜੰਝ ਛੁਡਾਉਣ ਵਾਲਾ ਬੰਦਾ ਪਹਿਲਾਂ ਹੀ ਪੂਰੀ ਤਿਆਰੀ ਵਿਚ ਹੁੰਦਾ ਸੀ | ਜੰਝ ਛੁੱਟਣ ਤੋਂ ਬਾਅਦ ਸਾਰੇ ਰੋਟੀ ਖਾਂਦੇ  | ਪਹਿਲੇ ਸਮਿਆਂ 'ਚ ਸਾਦਾ ਭੋਜਨ ਕਣਕ ਦੇ ਮੰਡੇ, ਚੌਲ, ਦਾਲ ਸਬਜ਼ੀ, ਬੂੰਦੀ, ਸ਼ੱਕਰ, ਦੇਸੀ ਘਿਓ ਦੇ ਪ੍ਰਸ਼ਾਦੇ, ਲੱਡੂ-ਜਲੇਬੀਆਂ ਆਦਿ ਹੁੰਦੀਆਂ ਸਨ | ਦਾਰੂ-ਪਿਆਲਾ ਪੀਣ ਦੇ ਸ਼ੌਕੀਨ ਆਪਣੀ ਮਹਿਫਲ ਵੱਖਰੀ ਲਾ ਬਹਿੰਦੇ ਸੀ |
 ਅਨੰਦ ਕਾਰਜ ਜਾਂ ਫੇਰਿਆਂ ਦੀ ਰਸਮ ਸਵੇਰੇ 4 ਵਜੇ ਕੀਤੀ ਜਾਂਦੀ | ਲਾੜੇ ਦਾ ਪਿਤਾ ਅਤੇ ਅਹਿਮ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ ਜਿੱਥੇ ਅਨੰਦ ਕਾਰਜ ਜਾਂ ਫੇਰਿਆਂ ਦੀ ਰਸਮ ਨੂੰ  ਮਰਿਆਦਾ ਨਾਲ ਸੰਪੂਰਨ ਕੀਤਾ ਜਾਂਦਾ | ਲਾੜੀ ਦੀਆਂ ਸਖੀਆਂ-ਸਹੇਲੀਆਂ ਵਲੋਂ ਸਿੱਖਿਆ ਪੜ੍ਹੀ ਜਾਂਦੀ | ਲਾੜੀ ਇਸ ਰਸਮ ਸਮੇਂ ਨੰਗੇ ਮੂੰਹ ਨਹੀਂ ਸੀ ਬੈਠਦੀ | ਦੋ ਸਖੀਆਂ ਅਨੰਦਾਂ ਦੀਆਂ ਰਸਮ ਮੌਕੇ ਉੱਠਣ ਬੈਠਣ ਅਤੇ ਤੁਰਨ ਵਿਚ ਉਸ ਦੀ ਮਦਦ ਕਰਦੀਆਂ |
 ਅੱਧੀ ਬਰਾਤ ਦੇ ਸੁੱਤੇ ਪਿਆਂ ਹੀ ਵਿਆਹ ਹੋ ਜਾਂਦਾ ਸੀ | ਸਵੇਰੇ ਦਿਨ ਚੜ੍ਹਦਾ, ਬਰਾਤੀ ਨਹਾਉਂਦੇ, ਚਾਹ ਨਾਲ ਬਦਾਨਾ-ਭੁਜੀਆ ਖਾ ਕੇ ਫਿਰ ਢੋਲੇ ਦੀਆਂ ਲਾਉਂਦੇ | ਜਿਸ ਬਰਾਤੀ ਦੀ ਉਸ ਪਿੰਡ ਵਿਚ ਕੋਈ ਸਕੀਰੀ ਹੁੰਦੀ ਜਾਂ ਉਸਦੇ ਪਿੰਡੋਂ ਕੋਈ ਕੁੜੀ ਵਿਆਹੀ ਹੁੰਦੀ ਤਾਂ ਉਹ ਉਸ ਘਰ 'ਪੱਤਲ' ਦੇਣ ਜ਼ਰੂਰ ਜਾਂਦਾ | ਦੁਪਹਿਰ ਦੀ ਰੋਟੀ ਤੋਂ ਬਾਅਦ ਢਲਦੇ ਪਰਛਾਵੇਂ ਬਾਰਾਤ ਨੂੰ  ਚਾਹ ਪਿਆਈ ਜਾਂਦੀ ਅਤੇ ਡੋਲੀ ਤੋਰ ਕੇ ਬਾਰਾਤ ਨੂੰ  ਵਿਦਾਇਗੀ ਦੇ ਦਿੱਤੀ ਜਾਂਦੀ | ਪਹਿਲੇ ਵਿਆਹਾਂ ਵਿਚ ਨੈਣ ਦੀ ਅਹਿਮ ਭੂਮਿਕਾ ਹੁੰਦੀ ਸੀ | ਵਿਆਂਹਦੜ ਕੁੜੀ ਨੂੰ  ਤਿਆਰ ਕਰਨਾ, ਸਿਰ ਗੁੰਦਣਾ, ਹਾਰ ਸ਼ਿੰਗਾਰ ਕਰਨਾ ਨੈਣ ਦਾ ਹੀ ਕੰਮ ਹੁੰਦਾ ਸੀ ਜੋ ਕਿ ਅੱਜਕਲ੍ਹ ਬਿਊਟੀ ਪਾਰਲਰ/ਸੈਲੂਨ ਨੇ ਸਾਂਭ ਲਿਆ ਹੈ | ਡੋਲੀ ਵਿਚ ਵਿਆਹੁਤਾ ਜੋੜੀ ਦੇ ਨਾਲ ਨੈਣ ਹੀ ਬੈਠਦੀ ਸੀ | ਸਾਡੇ ਅਨੇਕਾਂ ਪੁਰਾਣੇ ਗੀਤਾਂ ਵਿਚ ਇਸ ਦਾ ਜ਼ਿਕਰ ਅਕਸਰ ਸੁਣਨ ਵਿਚ ਆਉਂਦਾ ਹੈ | ਉਦੋਂ ਬਰਾਤਾਂ ਦੋ-ਦੋ ,ਤਿੰਨ-ਤਿੰਨ ਦਿਨ ਠਹਿਰਦੀਆਂ ਸਨ | ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਹੁਤ ਹੁੰਦੀ ਸੀ | ਸਾਰਾ ਪਿੰਡ ਬਰਾਤ ਦੀ ਦਿਲੋਂ ਆਓ-ਭਗਤ ਕਰਦਾ ਸੀ | ਕੁੜੀ ਦੇ ਚਾਚੇ-ਤਾਏ ਜਾਂ ਸ਼ਰੀਕੇ ਵਾਲੇ ਵਾਰੋ ਵਾਰੀ ਆਪਣੇ ਵਲੋਂ ਬਰਾਤ ਦੀ ਸੇਵਾ (ਰੋਟੀ) ਆਦਿ ਕਰਦੇ ਸੀ | ਅਜਿਹੇ ਸਮਾਗਮਾਂ ਦੌਰਾਨ ਹੀ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰ ਆਪਣੇ ਜਵਾਨ ਹੋ ਰਹੇ ਧੀਆਂ ਪੁੱਤਾਂ ਲਈ ਰਿਸ਼ਤੇ ਲੱਭ ਲੈਂਦੇ ਸੀ | ਵਿਆਹ ਤੋਂ ਬਾਅਦ ਕੁੜੀ ਸਹੁਰੇ ਇਕ ਰਾਤ ਰਹਿ ਕੇ ਅਗਲੇ ਦਿਨ ਵਾਪਸ ਪੇਕੀਂ ਆ ਜਾਂਦੀ ਸੀ, ਜਿਸ ਦਾ ਦੋ-ਤਿੰਨ ਸਾਲ ਬਾਅਦ ਮੁਕਲਾਵਾ ਦਿੱਤਾ ਜਾਂਦਾ ਸਨ | ਮੁਕਲਾਵਾ ਲੈਣ ਸਮੇਂ ਪਰਿਵਾਰ ਦੇ ਅਹਿਮ ਰਿਸ਼ਤੇਦਾਰ ਵਿਆਹ ਵਾਲੇ ਮੁੰਡੇ ਦੇ ਨਾਲ ਜਾਂਦੇ ਸਨ | ਜ਼ਿਕਰਯੋਗ ਹੈ ਕਿ ਪਹਿਲਾਂ ਵਿਆਹ ਨਿਆਣੀ ਉਮਰ ਵਿਚ ਹੀ ਕਰ ਦਿੱਤੇ ਜਾਂਦੇ ਸਨ ਅਤੇ ਕੁੜੀਆਂ ਦੇ ਮੁਟਿਆਰ ਹੋਣ 'ਤੇ ਮੁਕਲਾਵਾ ਦਿੱਤਾ ਜਾਂਦਾ ਸੀ ਤਾਂ ਕਿ ਉਹ ਸਹੁਰੇ ਘਰ ਦੇ ਕੰਮਾਂਕਾਰਾਂ ਨੂੰ  ਜਾ ਕੇ ਸਾਂਭ ਸਕੇ | ਇੱਥੇ ਇਕ ਗੱਲ ਹੋਰ ਕਿ ਉਦੋਂ ਲੋਕਾਂ ਕੋਲੇ ਆਮਦਨ ਦੇ ਸਾਧਨ ਸੀਮਤ ਸਨ ਪਰ ਆਪਸੀ ਸਾਂਝ ਵੱਧ ਹੁੰਦੀ ਸੀ | ਪੈਸੇ ਨਾਲੋਂ ਰਿਸ਼ਤਿਆਂ ਦੀ ਵਧੇਰੇ ਅਹਿਮੀਅਤ ਹੁੰਦੀ ਸੀ | ਅਜਿਹੇ ਕਾਰਜ ਰਲ-ਮਿਲ ਕੇ ਨੇਪਰੇ ਚਾੜ੍ਹੇ ਜਾਂਦੇ ਸਨ | ਦਾਜ ਦੇ ਰੂਪ ਵਿਚ ਮਾਪਿਆਂ ਵੱਲੋਂ ਲੜਕੀ ਨੂੰ  ਇਕ ਲੱਕੜ ਦਾ ਵੱਡਾ ਸੰਦੂਕ ਅਤੇ ਪਲੰਘ-ਨਵਾਰੀ ਦਿੱਤਾ ਜਾਂਦਾ ਸੀ., ਬਾਅਦ ਵਿਚ ਘਰੇਲੂ ਵਰਤੋਂ ਦੀਆਂ ਚੀਜ਼ਾਂ ਪਿੱਤਲ ਦੇ ਭਾਂਡੇ, ਲੱਕੜ ਦੀ ਕੁਰਸੀ, ਮੇਜ ਅਤੇ ਹੋਰ ਘਰੇਲੂ ਸਾਮਾਨ ਦਿੱਤਾ ਜਾਣ ਲੱਗਿਆ... | ਕੁਝ ਲੋਕ ਆਪਣੀ ਵਿੱਤ ਮੁਤਾਬਕ ਸੱਜਰ-ਸੂਈਆਂ ਲਵੇਰੀਆਂ ਵੀ ਦਾਜ ਵਿਚ ਦੇ ਦਿੰਦੇ | 
ਸਾਡੇ ਅਸਲ ਪੁਰਾਤਨ ਵਿਆਹ ਨਾਲ ਜੁੜੇ ਬਹੁਤੇ ਰਸਮ ਰਿਵਾਜ ਅਜੋਕੇ ਸਮੇਂ ਦੀ ਭੇਟ ਚੜ੍ਹ ਗਏ ਹਨ | ਅੱਜ ਤਾਂ ਝੱਟ ਮੰਗਣਾ ਪੱਟ ਵਿਆਹ ਵਾਲੀ ਗੱਲ ਹੈ | ਬੀਤਿਆ ਸਮਾਂ ਵਾਪਸ ਤਾਂ ਨਹੀਂ ਪਰਤਦਾ ਪਰ ਬੀਤੇ ਵਕਤ ਦੀਆਂ ਯਾਦਾਂ ਸਾਡੇ ਦਿਲਾਂ ਵਿਚ ਇਕ ਯਾਦਗਾਰ ਬਣ ਕੇ ਰਹਿ ਗਈਆਂ ਹਨ | ਕੰਪਿਊਟਰ ਯੁੱਗ ਦੀ ਨਵੀਂ ਪੀੜ੍ਹੀ ਨੂੰ  ਆਪਣੇ ਵਿਰਸੇ ਬਾਰੇ ਸੋਚਣਾ -ਸਮਝਣਾ ਹੀ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਦੇ ਬਰਾਬਰ ਹੈ |
 ਅਜੋਕੇ ਵਿਆਹ ਦੀ ਗੱਲ ਕਰੀਏ ਤਾਂ ਵਿਆਹਾਂ ਦੇ ਰੰਗ-ਢੰਗ ਵਿਚ ਦਿਨੋ-ਦਿਨ ਕਿੰਨਾ ਬਦਲਾਅ ਆ ਗਿਆ ਹੈ, ਜਿਸ ਨੂੰ  ਵੇਖਦਿਆਂ ਅਸੀਂ ਸੱਚਮੁੱਚ ਹੈਰਾਨ ਹੋ ਜਾਂਦੇ ਹਾਂ | ਅੱਜ ਦੇ ਵਿਆਹ ਬਹੁਤ ਮਹਿੰਗੇ ਹੋ ਗਏ ਹਨ | ਅੱਜ ਹਰ ਕੋਈ ਇਕ ਦੂਜੇ ਨੂੰ  ਵੇਖ ਰੀਸੋ-ਰੀਸ ਅੱਡੀਆਂ ਚੁੱਕ ਫਾਹਾ ਲੈਣ ਲਈ ਮਜਬੂਰ ਹੈ | ਅੱਜ ਦੇ ਵਿਆਹਾਂ ਵਿਚ ਨਿੱਕ-ਸੁੱਕ ਦੇ ਅਨੇਕਾਂ ਸਟਾਲ ਲੱਗੇ ਹੁੰਦੇ ਹਨ | ਕਈ ਵਾਰੀ ਕੋਈ ਵਿਅਕਤੀ ਸਭ ਵਿਚੋਂ ਇਕ ਇਕ ਪੀਸ ਵੀ ਨਹੀਂ ਖਾ ਸਕਦਾ | ਸਭ ਤੋਂ ਵੱਧ ਇਕੱਠ ਗੋਲ ਗੱਪਿਆਂ ਵਾਲਿਆਂ ਜਾਂ ਆਲੂ ਚਾਟ ਦੀਆਂ ਟਿੱਕੀਆਂ, ਇਡਲੀ-ਡੋਸੇ ਵਾਲਿਆਂ ਕੋਲ ਵੇਖਿਆ ਜਾਂਦਾ ਹੈ | ਇਸ ਤੋਂ ਇਲਾਵਾ ਕਈ ਕਿਸਮ ਦੇ ਪਕੌੜੇ ਅਤੇ ਹੋਰ ਪਕਵਾਨ ਪਰੋਸੇ ਜਾਂਦੇ ਹਨ | ਅਕਸਰ ਵੇਖਿਆ ਗਿਆ ਹੈ ਕਿ ਲੋਕ ਖਾਂਦੇ ਘੱਟ ਹਨ ਤੇ ਜੂਠਾ ਕਰਕੇ ਸੁੱਟਦੇ ਵੱਧ ਹਨ | ਮੈਰਿਜ ਪੈਲੇਸਾਂ ਦੀ ਫਜ਼ੂਲ ਖਰਚੀ ਨੇ ਮੱਧ-ਵਰਗੀ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ | ਅੱਜ ਲੋੜ ਹੈ ਮਹਿੰਗਾਈ ਦੇ ਇਸ ਦੌਰ ਵਿਚ ਸਾਦੇ ਵਿਆਹ ਅਤੇ ਪੁਰਾਣੇ ਰਸਮੋ-ਰਿਵਾਜ ਨੂੰ  ਮੁੜ ਅਪਣਾਉਣ ਦੀ ਤਾਂ ਕਿ ਸਮੇਂ ਦੀ ਚਾਲ ਨੂੰ  ਸਮਝਦਿਆਂ ਫੋਕੀ ਸ਼ੁਹਰਤ ਲਈ ਕੀਤੀ ਜਾ ਰਹੀ ਫ਼ਜ਼ੂਲ-ਖ਼ਰਚੀ ਤੋਂ ਬਚਿਆ ਜਾ ਸਕੇ | ਇਸ ਬਾਰੇ ਸਭ ਨੂੰ  ਗੰਭੀਰਤਾ ਨਾਲ ਸੋਚਣ ਦੀ ਲੋੜ ਹੈ | 

-ਮੋਬਾਈਲ : 98146-07737

Ad Position 22
No active advertisement
ਪਿਛਲੀ ਖ਼ਬਰ ਯਸ਼ਪਾਲ 'ਮਿੱਤਵਾ' ਅਗਲੀ ਖ਼ਬਰ 25 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼ 'ਪੰਜਾਬ ਦੀ ਕੋਇਲ' ਅਤੇ 'ਲੋਕ ਗੀਤਾਂ ਦੀ ਰਾਣੀ' ਸੁਰਿੰਦਰ ਕੌਰ
Ad Position 24