14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮਸ਼ੀਨ ਨੂੰ ਬੰਦਾ ਤੇ ਬੰਦੇ ਨੂੰ ਮਸ਼ੀਨ ਬਣਾਉਣ ਦੀ ਕਵਾਇਦ

ਮਸ਼ੀਨ ਨੂੰ ਬੰਦਾ ਤੇ ਬੰਦੇ ਨੂੰ ਮਸ਼ੀਨ ਬਣਾਉਣ ਦੀ ਕਵਾਇਦ

Ad Position 21
No active advertisement
ਅਜੀਤ ਡੈਸਕ 15-11-2026

 

• ਏ.ਆਈ. ਮਸ਼ੀਨ ਨੂੰ  ਬੁੱਧੀ ਦੇ ਰਹੀ ਹੈ, ਜਦਕਿ ਬਾਜ਼ਾਰਵਾਦ, ਤਕਨਾਲੋਜੀ ਅਤੇ ਖਪਤਵਾਦ ਮਨੁੱਖੀ ਸੋਚ ਤੇ ਸੰਵੇਦਨਾਵਾਂ ਨੂੰ  ਮਸ਼ੀਨੀ ਬਣਾ ਰਹੇ ਹਨ |

• ਮਸ਼ੀਨੀ ਯੁੱਗ ਦਾ ਮਨੁੱਖ ਆਪਣੀ ਮਨੁੱਖੀ ਪਛਾਣ-ਸੰਵੇਦਨਾ, ਸਬਰ, ਹਮਦਰਦੀ, ਰਿਸ਼ਤੇ ਅਤੇ ਆਤਮ-ਚਿੰਤਨ-ਹੌਲੀ-ਹੌਲੀ ਗੁਆਉਂਦਾ ਜਾ ਰਿਹਾ ਹੈ |
• ਮਨੁੱਖ ਆਪਣੀ ਲੋੜ ਅਨੁਸਾਰ ਖਰੀਦਦਾਰੀ ਨਹੀਂ ਕਰ ਰਿਹਾ, ਉਹ ਬਾਜ਼ਾਰ ਵਲੋਂ ਪੈਦਾ ਕੀਤੀ ਇੱਛਾ ਦੇ ਅਨੁਸਾਰ ਖਰੀਦਦਾਰੀ ਕਰ ਰਿਹਾ ਹੈ |
• ਅਸੀਂ ਪਲ ਨੂੰ  ਜੀਣ ਨਾਲੋਂ ਪਲ ਨੂੰ  ਦਿਖਾਉਣ ਵਿਚ ਵਧੇਰੇ ਦਿਲਚਸਪੀ ਲੈਣ ਲੱਗ ਪਏ ਹਾਂ |
• ਇਸ ਦੌੜ ਵਿਚ ਠਹਿਰਾਅ ਖ਼ਤਮ ਹੋ ਰਿਹਾ ਹੈ ਅਤੇ ਠਹਿਰਾਅ ਤੋਂ ਬਿਨਾਂ ਸੋਚ ਅਤੇ ਸੰਵੇਦਨਾ ਵੀ ਕਮਜ਼ੋਰ ਪੈ ਸਕਦੀ ਹੈ |
ਅਸੀਂ ਇਕ ਅਜੀਬ ਦੌਰ ਵਿਚ ਜੀ ਰਹੇ ਹਾਂ | ਮਨੁੱਖ ਨੇ ਮਸ਼ੀਨ ਬਣਾਈ, ਮਸ਼ੀਨ ਨੂੰ  ਕੰਮ ਕਰਨਾ ਸਿਖਾਇਆ, ਫਿਰ ਉਸ ਨੂੰ  ਸੋਚਣਾ ਸਿਖਾਉਣ ਲੱਗ ਪਿਆ | ਹੁਣ ਮਸ਼ੀਨੀ ਬੁੱਧੀ (1rtificial 9ntelligence19) ਰਾਹੀਂ ਅਸੀਂ ਕੰਪਿਊਟਰ ਨੂੰ  ਮਨੁੱਖੀ ਭਾਸ਼ਾ ਸਮਝਣ, ਸਵਾਲਾਂ ਦੇ ਜਵਾਬ ਦੇਣ, ਤਸਵੀਰਾਂ ਬਣਾਉਣ, ਅਨੁਵਾਦ ਕਰਨ, ਲਿਖਣ, ਵਿਸ਼ਲੇਸ਼ਣ ਕਰਨ ਅਤੇ ਸਮੱਸਿਆਵਾਂ ਹੱਲ ਕਰਨ ਦੇ ਯੋਗ ਬਣਾ ਰਹੇ ਹਾਂ | ਸਾਡੀ ਕੋਸ਼ਿਸ਼ ਹੈ ਕਿ ਮਸ਼ੀਨ ਵਿਚ ਬੁੱਧੀ ਪੈਦਾ ਹੋਵੇ ਅਤੇ ਉਹ ਮਨੁੱਖ ਵਾਂਗ ਕੰਮ ਕਰ ਸਕੇ |
ਪਰ ਇਸੇ ਸਮੇਂ ਇਕ ਹੋਰ ਪ੍ਰਕਿਰਿਆ ਵੀ ਚੱਲ ਰਹੀ ਹੈ-ਅਤੇ ਸ਼ਾਇਦ ਇਹ ਹੀ ਸਾਨੂੰ ਵਧੇਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ | ਅਸੀਂ ਮਸ਼ੀਨ ਨੂੰ  ਬੰਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਬਾਜ਼ਾਰਵਾਦ, ਵਿਸ਼ਵੀਕਰਨ ਅਤੇ ਤਕਨਾਲੋਜੀ ਦੀ ਅੰਨ੍ਹੀ ਦੌੜ ਵਿਚ ਬੰਦਾ ਖ਼ੁਦ ਮਸ਼ੀਨ ਬਣਦਾ ਜਾ ਰਿਹਾ ਹੈ |
ਇਹ ਸਿਰਫ਼ ਇਕ ਵਾਕ ਨਹੀਂ, ਸਾਡੇ ਸਮੇਂ ਦਾ ਇਕ ਡੂੰਘਾ ਅਤੇ ਕੌੜਾ ਸੱਚ ਹੈ | 
ਮਸ਼ੀਨ ਵਿਚ ਬੁੱਧੀ, ਮਨੁੱਖ ਵਿਚ ਮਸ਼ੀਨੀਪਣ : ਕਦੇ ਕੰਪਿਊਟਰ ਦਾ ਅਰਥ ਸੀ-ਤੇਜ਼ੀ ਨਾਲ ਗਣਨਾ ਕਰਨ ਵਾਲੀ ਮਸ਼ੀਨ | ਉਹ ਉਹੀ ਕਰਦਾ ਸੀ, ਜੋ ਉਸ ਨੂੰ  ਹੁਕਮ ਦਿੱਤਾ ਜਾਂਦਾ ਸੀ | ਅੱਜ ਏ.ਆਈ. ਨੇ ਮਸ਼ੀਨ ਦੀ ਪਹੁੰਚ ਕਾਫ਼ੀ ਹੱਦ ਤੱਕ ਵਧਾ ਦਿੱਤੀ ਹੈ | ਮਸ਼ੀਨ ਹੁਣ ਸਿਰਫ਼ ਹੁਕਮ ਨਹੀਂ ਮੰਨਦੀ, ਸਗੋਂ ਦਿੱਤੇ ਗਏ ਡੇਟਾ ਤੋਂ ਸਿੱਖਦੀ ਹੈ, ਪੈਟਰਨ ਪਛਾਣਦੀ ਹੈ ਅਤੇ ਨਵੇਂ ਨਤੀਜੇ ਪੇਸ਼ ਕਰਦੀ ਹੈ |
ਮਨੁੱਖ ਦੀ ਸਦੀਆਂ ਪੁਰਾਣੀ ਇੱਛਾ ਰਹੀ ਹੈ ਕਿ ਉਸ ਦੀ ਮਿਹਨਤ ਘੱਟ ਹੋਵੇ ਅਤੇ ਮਸ਼ੀਨ ਵੱਧ ਕੰਮ ਕਰੇ | ਇਸੇ ਇੱਛਾ ਨੇ ਉਦਯੋਗਿਕ ਕ੍ਰਾਂਤੀ ਤੋਂ ਲੈ ਕੇ ਕੰਪਿਊਟਰ ਅਤੇ ਹੁਣ ਏ.ਆਈ. ਤੱਕ ਦਾ ਸਫ਼ਰ ਤੈਅ ਕੀਤਾ ਹੈ |
ਇਹ ਵਿਕਾਸ ਮਨੁੱਖੀ ਬੁੱਧੀ ਦੀ ਜਿੱਤ ਹੈ | ਪਰ ਸਮੱਸਿਆ ਤਕਨਾਲੋਜੀ ਵਿਚ ਨਹੀਂ, ਉਸ ਦੇ ਇਸਤੇਮਾਲ ਦੇ ਢੰਗ ਵਿਚ ਹੈ |
ਅਸੀਂ ਮਸ਼ੀਨ ਨੂੰ  ਮਨੁੱਖੀ ਗੁਣ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਮਨੁੱਖ ਆਪਣੀ ਮਨੁੱਖੀ ਪਛਾਣ-ਸੰਵੇਦਨਾ, ਸਬਰ, ਹਮਦਰਦੀ, ਰਿਸ਼ਤੇ ਅਤੇ ਆਤਮ-ਚਿੰਤਨ-ਹੌਲੀ-ਹੌਲੀ ਗੁਆਉਂਦਾ ਜਾ ਰਿਹਾ ਹੈ |
ਬਾਜ਼ਾਰ ਨੇ ਮਨੁੱਖ ਨੂੰ  'ਗਾਹਕ' ਬਣਾ ਦਿੱਤਾ : ਆਧੁਨਿਕ ਦੁਨੀਆ ਵਿਚ ਮਨੁੱਖ ਦੀ ਪਛਾਣ ਕਈ ਵਾਰ ਉਸ ਦੀ ਸ਼ਖ਼ਸੀਅਤ ਨਾਲੋਂ ਉਸ ਦੀ ਦਿੱਖ ਅਤੇ ਖਰੀਦਣ ਦੀ ਸਮਰੱਥਾ ਨਾਲ ਕੀਤੀ ਜਾਂਦੀ ਹੈ | ਉਹ ਕੀ ਪਹਿਨਦਾ ਹੈ, ਕਿਹੜਾ ਮੋਬਾਈਲ ਵਰਤਦਾ ਹੈ, ਕਿਹੜੀ ਜਿੰਮ ਵਿਚ ਜਾਂਦਾ ਹੈ, ਕਿਹੜੀ ਕਾਰ ਚਲਾਉਂਦਾ ਹੈ, ਕਿਹੜੇ ਰੈਸਟੋਰੈਂਟ ਵਿਚ ਜਾਂਦਾ ਹੈ ਅਤੇ ਕਿੱਥੇ ਘੁੰਮਣ ਜਾਂਦਾ ਹੈ-ਇਹ ਸਭ ਉਸ ਦੀ ਸਮਾਜਿਕ ਪਛਾਣ ਦੇ ਹਿੱਸੇ ਬਣ ਗਏ ਹਨ |
ਬਾਜ਼ਾਰ ਨੂੰ  ਮਨੁੱਖ ਦੀ ਲੋੜ ਨਾਲੋਂ ਉਸ ਦੀ ਇੱਛਾ ਵਿਚ ਵਧੇਰੇ ਦਿਲਚਸਪੀ ਹੈ | ਲੋੜ ਸੀਮਿਤ ਹੁੰਦੀ ਹੈ, ਇੱਛਾ ਅਸੀਮਿਤ |
ਇਸ ਲਈ ਆਧੁਨਿਕ ਬਾਜ਼ਾਰ ਦਾ ਸਭ ਤੋਂ ਵੱਡਾ ਹੁਨਰ ਵਸਤੂ ਵੇਚਣਾ ਨਹੀਂ, ਵਸਤੂ ਦੀ ਲੋੜ ਪੈਦਾ ਕਰਨਾ ਹੈ | ਇਸ਼ਤਿਹਾਰ ਸਾਨੂੰ ਇਹ ਨਹੀਂ ਕਹਿੰਦਾ ਕਿ “ਤੁਹਾਨੂੰ ਇਹ ਚੀਜ਼ ਚਾਹੀਦੀ ਹੈ |” ਉਹ ਇਸ ਤੋਂ ਵੱਧ ਚਲਾਕੀ ਨਾਲ ਕਹਿੰਦਾ ਹੈ“ਜੇ ਤੁਹਾਡੇ ਕੋਲ ਇਹ ਚੀਜ਼ ਨਹੀਂ ਤਾਂ ਤੁਸੀਂ ਅਧੂਰੇ ਹੋ |”
ਇੱਥੋਂ ਖਪਤ ਦੀ ਉਹ ਦੌੜ ਸ਼ੁਰੂ ਹੁੰਦੀ ਹੈ, ਜਿਸ ਦਾ ਕੋਈ ਅੰਤ ਨਹੀਂ |
ਸ਼ਾਪਿੰਗ ਮਾਲ: ਲੋੜ ਤੋਂ ਇੱਛਾ ਤੱਕ ਦਾ ਸਫ਼ਰ : ਇਸ ਪ੍ਰਕਿਰਿਆ ਨੂੰ  ਸਮਝਣ ਲਈ ਸ਼ਾਪਿੰਗ ਮਾਲ ਇਕ ਬਹੁਤ ਵਧੀਆ ਉਦਾਹਰਨ ਹੈ |
ਇਕ ਵਿਅਕਤੀ ਘਰੋਂ ਨਿਕਲਦਾ ਹੈ | ਉਸ ਨੇ ਇਕ ਜੋੜਾ ਜੁੱਤੀਆਂ ਖਰੀਦਣੀਆਂ ਹਨ | ਉਸ ਦੇ ਮਨ ਵਿਚ ਇਕ ਸਪੱਸ਼ਟ ਲੋੜ ਹੈ | ਪਰ ਮਾਲ ਵਿਚ ਦਾਖ਼ਲ ਹੁੰਦੇ ਹੀ ਉਸ ਦਾ ਸਾਹਮਣਾ ਰੌਸ਼ਨੀਆਂ, ਸੰਗੀਤ, ਸੁੰਦਰ ਸਜਾਵਟ, ਚਮਕਦਾਰ ਦੁਕਾਨਾਂ, ਨਵੇਂ ਮਾਡਲਾਂ, 'ਸੇਲ', 'ਡਿਸਕਾਊਾਟ', 'ਬਾਈ ਵਨ ਗੈਟ ਵਨ' ਅਤੇ ਅਨੇਕਾਂ ਦਿਲਖਿੱਚ ਪੇਸ਼ਕਸ਼ਾਂ ਨਾਲ ਹੁੰਦਾ ਹੈ | ਉਸ ਦਾ ਮਨ ਬਦਲਣਾ ਸ਼ੁਰੂ ਹੋ ਜਾਂਦਾ ਹੈ | 
ਜੁੱਤੀਆਂ ਲੈਣ ਆਇਆ ਵਿਅਕਤੀ ਕੱਪੜਿਆਂ ਵੱਲ ਦੇਖਦਾ ਹੈ | ਫਿਰ ਘੜੀ, ਮੋਬਾਈਲ, ਪਰਫਿਊਮ, ਘਰ ਦੀ ਸਜਾਵਟ, ਇਲੈਕਟ੍ਰਾਨਿਕ ਸਾਮਾਨ ਅਤੇ ਹੋਰ ਕਈ ਚੀਜ਼ਾਂ ਉਸ ਦੀ ਨਜ਼ਰ ਵਿਚ ਆ ਜਾਂਦੀਆਂ ਹਨ | ਕੁਝ ਸਮੇਂ ਬਾਅਦ ਉਹ ਆਪਣੇ-ਆਪ ਨੂੰ  ਸਮਝਾਉਂਦਾ ਹੈ“ਇਹ ਚੀਜ਼ ਹੁਣ ਲੈ ਲੈਂਦੇ ਹਾਂ, ਬਾਅਦ ਵਿਚ ਕੰਮ ਆ ਜਾਵੇਗੀ |”
ਇੱਥੇ ਇਕ ਬਹੁਤ ਮਹੱਤਵਪੂਰਨ ਤਬਦੀਲੀ ਵਾਪਰਦੀ ਹੈ |
ਉਹ ਆਪਣੀ ਲੋੜ ਅਨੁਸਾਰ ਖਰੀਦਦਾਰੀ ਨਹੀਂ ਕਰ ਰਿਹਾ; ਉਹ ਬਾਜ਼ਾਰ ਵਲੋਂ ਪੈਦਾ ਕੀਤੀ ਇੱਛਾ ਦੇ ਅਨੁਸਾਰ ਖਰੀਦਦਾਰੀ ਕਰ ਰਿਹਾ ਹੈ |
ਅਰਥਾਤ ਬਾਜ਼ਾਰ ਨੇ ਉਸ ਦੀ ਸੋਚ ਅਤੇ ਚੋਣ ਨੂੰ  ਪ੍ਰਭਾਵਿਤ ਕਰ ਦਿੱਤਾ |
ਹੁਣ ਬਾਜ਼ਾਰ ਦੁਕਾਨ ਵਿਚ ਨਹੀਂ, ਜੇਬ ਵਿਚ ਹੈ : ਕਦੇ ਖਰੀਦਦਾਰੀ ਲਈ ਬਾਜ਼ਾਰ ਜਾਣਾ ਪੈਂਦਾ ਸੀ | ਅੱਜ ਬਾਜ਼ਾਰ ਸਾਡੇ ਮੋਬਾਈਲ ਵਿਚ ਹੈ | ਸਵੇਰੇ ਅੱਖ ਖੋਲ੍ਹਣ ਤੋਂ ਪਹਿਲਾਂ ਹੀ ਸਕਰੀਨ ਸਾਡੇ ਸਾਹਮਣੇ ਦੁਨੀਆ ਭਰ ਦੀਆਂ ਵਸਤਾਂ, ਸੇਵਾਵਾਂ ਅਤੇ ਇਸ਼ਤਿਹਾਰ ਲਿਆਉਂਦੀ ਹੈ |
ਅਸੀਂ ਕੋਈ ਚੀਜ਼ ਖੋਜਦੇ ਹਾਂ ਅਤੇ ਕੁਝ ਸਮੇਂ ਬਾਅਦ ਉਸੇ ਕਿਸਮ ਦੀਆਂ ਚੀਜ਼ਾਂ ਦੇ ਇਸ਼ਤਿਹਾਰ ਸਾਡੇ ਸਾਹਮਣੇ ਆਉਣ ਲੱਗਦੇ ਹਨ | ਸਾਡੀ ਪਸੰਦ, ਸਾਡੀ ਖੋਜ, ਸਾਡੀ ਆਨਲਾਈਨ ਗਤੀਵਿਧੀ ਅਤੇ ਸਾਡਾ ਵਿਵਹਾਰ ਡਿਜੀਟਲ ਪ੍ਰਣਾਲੀਆਂ ਲਈ ਜਸੂਸੀ ਸੰਕੇਤ (Signal) ਬਣ ਜਾਂਦੇ ਹਨ |
ਹੁਣ ਬਾਜ਼ਾਰ ਸਾਡੇ ਪਿੱਛੇ ਨਹੀਂ ਤੁਰਦਾ, ਸਗੋਂ ਸਾਨੂੰ ਅੱਗੇ ਲਾ ਲੈਂਦਾ ਹੈ | 
ਇਹ ਤਕਨਾਲੋਜੀ ਦੀ ਤਾਕਤ ਵੀ ਹੈ ਅਤੇ ਚੁਣੌਤੀ ਵੀ |
ਸੋਸ਼ਲ ਮੀਡੀਆ ਅਤੇ 'ਦਿਖਾਈ ਦੇਣ' ਦੀ ਦੌੜ : ਮਨੁੱਖ ਦੀ ਇਕ ਕਮਜ਼ੋਰੀ ਹੈ-ਦੂਜਿਆਂ ਨਾਲ ਤੁਲਨਾ ਅਤੇ ਪ੍ਰਭਾਵਸ਼ਾਲੀ ਦਿਸਣਾ | ਸੋਸ਼ਲ ਮੀਡੀਆ ਨੇ ਇਸ ਲੋੜ ਨੂੰ  ਨਵਾਂ ਰੂਪ ਦਿੱਤਾ ਹੈ |
ਹੁਣ ਅਸੀਂ ਜੀਵਨ ਜੀਵੀਏ ਭਾਵੇਂ ਨਾ ਪਰ ਦਿਖਾਉਣਾ ਬਹੁਤ ਜ਼ਰੂਰੀ ਬਣ ਗਿਆ |
ਅਸੀਂ ਕਿੱਥੇ ਗਏ, ਕੀ ਖਾਧਾ, ਕੀ ਖਰੀਦਿਆ, ਕਿਸ ਨੂੰ  ਮਿਲੇ, ਕਿੱਥੇ ਘੁੰਮੇ-ਇਹ ਸਭ ਦੂਜਿਆਂ ਨੂੰ  ਦੱਸਣ ਦੀ ਲੋੜ ਮਹਿਸੂਸ ਕਰਦੇ ਹਾਂ | ਕਈ ਵਾਰ ਅਸੀਂ ਕਿਸੇ ਸੁੰਦਰ ਥਾਂ ਦਾ ਦਿ੍ਸ਼ ਦੇਖਣ ਅਤੇ ਉਸ ਨੂੰ  ਮਾਣਨ ਦੀ ਬਜਾਏ ਉਸ ਦੀ ਤਸਵੀਰ ਬਣਾਉਣ ਵਿਚ ਜ਼ਿਆਦਾ ਰੁੱਝੇ ਹੁੰਦੇ ਹਾਂ | ਕਈ ਵਾਰ ਇਹ ਚੋਰਾਂ ਨੂੰ  ਵੀ ਸੱਦਾ ਹੋ ਨਿੱਬੜਦਾ ਹੈ | 
ਅਰਥਾਤ ਅਸੀਂ ਪਲ ਨੂੰ  ਜੀਣ ਨਾਲੋਂ ਪਲ ਨੂੰ  ਦਿਖਾਉਣ ਵਿਚ ਵਧੇਰੇ ਦਿਲਚਸਪੀ ਲੈਣ ਲੱਗ ਪਏ ਹਾਂ |
ਇੱਥੇ ਵੀ ਮਨੁੱਖ ਦੇ ਵਿਹਾਰ ਵਿਚ ਮਸ਼ੀਨੀਪਣ ਦਿਖਾਈ ਦਿੰਦਾ ਹੈ-ਲਾਈਕ, ਸ਼ੇਅਰ, ਫਾਲੋਅਰ ਅਤੇ ਵਿਊਜ਼ ਦੇ ਅੰਕੜਿਆਂ ਵਿਚ ਮਨੁੱਖੀ ਤਰੱਕੀ ਨੂੰ  ਮਾਪਿਆ ਜਾਣ ਲੱਗਿਆ ਹੈ |
ਗਤੀ ਵਧੀ, ਸੰਵੇਦਨਾ ਘਟੀ : ਮਸ਼ੀਨ ਤੇਜ਼ ਹੁੰਦੀ ਹੈ | ਉਸ ਨੂੰ  ਰੁਕਣ ਦੀ ਲੋੜ ਨਹੀਂ | ਉਸ ਨੂੰ  ਥਕਾਵਟ ਨਹੀਂ ਹੁੰਦੀ, ਉਸ ਨੂੰ  ਭਾਵਨਾਤਮਕ ਉਲਝਣ ਨਹੀਂ ਹੁੰਦੀ | ਮਨੁੱਖ ਇਸ ਤੋਂ ਵੱਖਰਾ ਹੈ |
ਮਨੁੱਖ ਨੂੰ  ਰੁਕਣਾ ਚਾਹੀਦਾ ਹੈ | ਸੋਚਣਾ ਚਾਹੀਦਾ ਹੈ | ਦੁਖੀ ਹੋਣਾ ਚਾਹੀਦਾ ਹੈ | ਖੁਸ਼ ਹੋਣਾ ਚਾਹੀਦਾ ਹੈ | ਕਿਸੇ ਹੋਰ ਦੇ ਦਰਦ ਨੂੰ  ਮਹਿਸੂਸ ਕਰਨਾ ਚਾਹੀਦਾ ਹੈ | ਪਰ ਅੱਜ ਸਾਡੀ ਜੀਵਨ-ਸ਼ੈਲੀ ਸਾਨੂੰ ਹਰ ਵੇਲੇ ਤੇਜ਼ ਰਹਿਣ ਲਈ ਕਹਿੰਦੀ ਹੈ | ਤੇਜ਼ ਪੜ੍ਹੋ, ਤੇਜ਼ ਕੰਮ ਕਰੋ, ਤੇਜ਼ ਜਵਾਬ ਦਿਓ, ਤੇਜ਼ ਕਮਾਓ, ਤੇਜ਼ ਖਰੀਦੋ ਅਤੇ ਤੇਜ਼ੀ ਨਾਲ ਅੱਗੇ ਵਧੋ | ਭਾਵ “ਅੱਗਾ ਦੌੜ ਪਿਛਾ ਚੌੜ” |
ਇਸ ਦੌੜ ਵਿਚ ਠਹਿਰਾਅ ਖ਼ਤਮ ਹੋ ਰਿਹਾ ਹੈ ਅਤੇ ਠਹਿਰਾਅ ਤੋਂ ਬਿਨਾਂ ਸੰਵੇਦਨਾ ਵੀ ਕਮਜ਼ੋਰ ਪੈ ਸਕਦੀ ਹੈ | (ਚਲਦਾ)

-ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 94174-55614

Ad Position 22
No active advertisement
ਪਿਛਲੀ ਖ਼ਬਰ ਅੱਜ ਜਨਮ ਦਿਨ 'ਤੇ ਵਿਸ਼ੇਸ਼ ਪੰਜਾਬੀ ਲੋਕ ਗਾਇਕ ਅਤੇ ਕਲੀਆਂ ਦਾ ਬਾਦਸ਼ਾਹ : ਕੁਲਦੀਪ ਮਾਣਕ ਅਗਲੀ ਖ਼ਬਰ ਦਮਾ ਬੂਟੀ ਵੱਡੀ ਦੋਧਕ
Ad Position 24