07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਲਮੀ ਮੇਲਾ ਹੈ ਦੀਵਾਲੀ

ਆਲਮੀ ਮੇਲਾ ਹੈ ਦੀਵਾਲੀ

Ad Position 21
No active advertisement
ਅਜੀਤ ਡੈਸਕ 08-11-2026

 ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਉਹਾਰ ਮੰਨਿਆ ਜਾਂਦਾ ਹੈ | ਦੀਵਾਲੀ ਦਾ ਸਬੰਧ ਧਾਰਮਿਕ ਤੌਰ 'ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ਿਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਅੱਜ ਦੁਨੀਆ ਦੇ 250 ਦੇ ਕਰੀਬ ਦੇਸ਼ਾਂ ਵਿਚ ਵਸ ਚੁੱਕੇ ਏਸ਼ਿਆਈ ਮੂਲ ਦੇ ਲੋਕਾਂ ਕਾਰਨ ਦੀਵਾਲੀ ਦੁਨੀਆ ਭਰ ਵਿਚ ਮਨਾਇਆ ਜਾਣ ਵਾਲਾ ਆਲਮੀ ਸਦਭਾਵਨਾ ਦਾ ਤਿਉਹਾਰ ਬਣ ਚੁੱਕਾ ਹੈ |

ਭਾਰਤੀ ਸੱਭਿਅਤਾ ਦਾ ਇਤਿਹਾਸ ਫ਼ਰੋਲਣ 'ਤੇ ਪਤਾ ਲਗਦਾ ਹੈ ਕਿ ਦੀਵਾਲੀ ਦਾ ਮੁੱਢਲਾ ਸੰਬੰਧ ਖੇਤੀ ਪ੍ਰਧਾਨ ਭਾਰਤ ਵਿਚ ਫ਼ਸਲੀ ਮੌਸਮ ਦੇ ਨਾਲ ਜੁੜਿਆ ਹੈ | ਸਾਉਣੀ ਦੀ ਫ਼ਸਲ ਆਉਣ ਦੀ ਖੁਸ਼ੀ ਦੇ ਸ਼ੁਕਰਾਨੇ ਅਤੇ ਅਗਲੀ ਹਾੜ੍ਹੀ ਦੀ ਫ਼ਸਲ ਚੰਗੀ ਹੋਣ ਲਈ ਪ੍ਰਾਰਥਨਾ ਵਜੋਂ 'ਦੀਵਾਲੀ' ਹੋਂਦ ਵਿਚ ਆਈ ਸੀ |
ਹਿੰਦੂ ਧਰਮ ਵਿਚ ਦੀਵਾਲੀ ਦੀ ਸ਼ੁਰੂਆਤ 'ਲੱਛਮੀ ਪ੍ਰਗਟ ਦਿਵਸ' ਵਜੋਂ ਹੋਈ | ਦੁਆਪਰ ਯੁੱਗ ਵਿਚ ਸ੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੀ ਪਤਨੀ ਸੱਤਿਆਭਾਮਾ ਵਲੋਂ 'ਨਰਕਾਸੁਰਾ' ਰਾਖ਼ਸ਼ ਨੂੰ  ਮਾਰ-ਮੁਕਾਉਣ ਦੀ ਯਾਦ 'ਚ 'ਨਰਕਾ ਚਤੁਰਦਸ਼ੀ' ਵੀ ਦੀਵਾਲੀ ਵਾਲੇ ਦਿਨ ਹੀ ਮਨਾਈ ਜਾਂਦੀ ਹੈ | ਹਿੰਦੂ ਪੁਰਾਤਨ ਪ੍ਰੰਪਰਾਵਾਂ ਅਨੁਸਾਰ ਭਾਰਤ ਦੇ ਕਈ ਸੂਬਿਆਂ 'ਚ 'ਦੀਵਾਲੀ' ਦੇ ਰੀਤੀ-ਰਿਵਾਜ ਲਗਾਤਾਰ ਪੰਜ ਦਿਨ ਚਲਦੇ ਹਨ | 
ਸੰਨ 1619 ਨੂੰ  ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਗ਼ਲ ਹਾਕਮ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮਿ੍ਤਸਰ ਪਰਤੇ ਸਨ | ਇਸੇ ਖੁਸ਼ੀ 'ਚ 'ਗੁਰੂ ਮਾਤਾ' ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ  ਆਖ ਕੇ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਕਰਵਾਈ ਸੀ | 
ਜੈਨ ਧਰਮ ਦੇ ਅਖੀਰਲੇ ਤੀਰਥਾਂਕਰ ਮਹਾਵੀਰ ਜੈਨ ਨੇ ਪਾਵਾਪੁਰੀ ਦੇ ਸਥਾਨ 'ਤੇ 15 ਅਕਤੂਬਰ, 527 ਈਸਵੀ ਪੂਰਵ ਨੂੰ  'ਕੱਤਕ ਦੀ ਚੌਂਦ੍ਹਵੀ' ਮੌਕੇ ਨਿਰਵਾਣ ਅਤੇ ਮੋਖ (ਮੁਕਤੀ) ਪ੍ਰਾਪਤ ਕੀਤਾ ਸੀ | ਪ੍ਰੰਪਰਾ ਅਨੁਸਾਰ ਮਹਾਂਵੀਰ ਜੀ ਦੇ ਉਤਰਾਧਿਕਾਰੀ ਗੌਤਮ ਸਵਾਮੀ ਨੇ ਵੀ ਇਸੇ ਦਿਨ ਹੀ ਗਿਆਨ ਹਾਸਲ ਕੀਤਾ ਸੀ |
ਬੁੱਧ ਧਰਮ 'ਚ ਵੀ ਦੀਵਾਲੀ ਸਮਰਾਟ ਅਸ਼ੋਕ ਵਲੋਂ ਬੁੱਧ ਧਰਮ ਧਾਰਨ ਕਰਨ ਦੇ ਦਿਵਸ ਵਜੋਂ ਮਨਾਈ ਜਾਂਦੀ ਹੈ | ਇਸ ਦਿਨ 'ਨੇਵਾਰਸ ਕਬੀਲੇ' ਦੇ ਬੋਧੀ 'ਅਸ਼ੋਕ ਵਿਜੇ ਦਸ਼ਮੀ' ਮਨਾਉਂਦੇ ਅਤੇ ਉਨ੍ਹਾਂ ਦੇ ਮੰਦਰਾਂ ਤੇ ਮੱਠਾਂ ਨੂੰ  ਸਜਾ ਕੇ ਸ਼ਰਧਾ ਨਾਲ ਬੁੱਧ ਦੀ ਅਰਾਧਨਾ ਕਰਦੇ ਹਨ | ਭਾਰਤ ਸਮੇਤ ਕਈ ਦੇਸ਼ਾਂ ਵਿਚ ਮਸ਼ੀਨੀ ਕੰਮ ਕਰਨ ਵਾਲੇ ਵਰਗ ਦੀਵਾਲੀ ਤੋਂ ਅਗਲੇ ਦਿਨ ਔਜ਼ਾਰਾਂ ਦੇ ਦੇਵਤੇ 'ਵਿਸ਼ਵਕਰਮਾ' ਦੀ ਪੂਜਾ ਕਰਦੇ ਹਨ |
ਨਿਪਾਲ ਵਿਚ ਦੀਵਾਲੀ ਅਕਤੂਬਰ-ਨਵੰਬਰ ਮਹੀਨੇ ਦੌਰਾਨ ਲਗਾਤਾਰ ਪੰਜ ਦਿਨ 'ਤੀਹਾਰ' ਅਤੇ 'ਸਵਾਂਤੀ' ਦੇ ਰੂਪ 'ਚ ਮਨਾਉਂਦੇ ਹਨ | ਪਹਿਲੇ ਦਿਨ 'ਕਾਗ ਤੀਹਾਰ' ਵਜੋਂ ਕਾਵਾਂ ਨੂੰ  ਪ੍ਰਸ਼ਾਦ ਦਿੱਤਾ ਜਾਂਦਾ ਹੈ | ਦੂਜੇ ਦਿਨ 'ਕੂਕਰ ਤੀਹਾਰ' ਵਜੋਂ ਕੁੱਤਿਆਂ ਨੂੰ  ਵਫ਼ਾਦਾਰੀ ਲਈ ਭੋਜਨ ਦਿੱਤਾ ਜਾਂਦਾ ਹੈ | ਤੀਜੇ ਦਿਨ ਵਿੱਤੀ ਵਰ੍ਹੇ ਦਾ ਲੈਣ-ਦੇਣ ਮੁਕਾ ਕੇ 'ਲੱਛਮੀ ਪੂਜਾ' ਕੀਤੀ ਜਾਂਦੀ ਹੈ | ਚੌਥਾ ਦਿਨ ਵਿੱਤੀ ਸਾਲ ਦਾ ਨਵਾਂ ਦਿਨ ਮੰਨਦਿਆਂ ਸੱਭਿਆਚਾਰਕ ਜਲੂਸ ਅਤੇ ਹੋਰ ਸਮਾਰੋਹ ਕੀਤੇ ਜਾਂਦੇ ਹਨ | 'ਨੇਵਾਰਸ ਕਬੀਲੇ' ਦੇ ਲੋਕਾਂ ਵਲੋਂ ਸਾਲ ਭਰ ਲਈ ਸਰੀਰਕ ਤੰਦਰੁਸਤੀ ਲਈ 'ਮਹਾਂ ਪੂਜਾ' ਕੀਤੀ ਜਾਂਦੀ ਹੈ | ਪੰਜਵੇਂ ਅਤੇ ਅੰਤਮ ਦਿਨ 'ਭਾਈ ਟਿੱਕਾ' ਹੁੰਦਾ ਹੈ ਜਦੋਂ ਭੈਣ-ਭਰਾ ਇਕੱਠੇ ਹੁੰਦੇ ਹਨ ਅਤੇ ਇਕ-ਦੂਜੇ ਨੂੰ  ਤੋਹਫ਼ੇ ਦਿੰਦੇ ਹਨ | ਨਿਪਾਲ ਦੇ ਲੋਕ ਦੀਵਾਲੀ ਮੌਕੇ ਇਕ ਵਿਸ਼ੇਸ਼ 'ਸਮੂਹ ਗੀਤ' ਗਾਉਂਦੇ ਅਤੇ ਖ਼ਾਸ ਕਿਸਮ ਦਾ ਨਾਚ ਕਰਦੇ ਭਾਈਚਾਰੇ ਦੇ ਘਰਾਂ ਵਿਚ ਜਾਂਦੇ ਹਨ | ਸ੍ਰੀਲੰਕਾ ਵਿਚ ਖ਼ਾਸ ਕਰਕੇ ਤਾਮਿਲ ਭਾਈਚਾਰੇ ਵਲੋਂ ਇਹ ਤਿਉਹਾਰ 'ਦੀਪਾਵਲੀ' ਦੇ ਨਾਂਅ ਨਾਲ ਮਨਾਇਆ ਜਾਂਦਾ ਹੈ | ਨਵੇਂ ਕੱਪੜੇ ਪਾਉਣੇ, ਪਟਾਕੇ ਚਲਾਉਣੇ, ਖੰਡ ਦੇ ਖਿਡੌਣੇ ਬਣਾ ਕੇ ਖਾਣੇ ਅਤੇ ਹਿੰਦੂ ਭਾਈਚਾਰੇ ਵਲੋਂ ਤੇਲ ਦੇ ਦੀਵੇ ਜਗਾ ਕੇ 'ਲੱਛਮੀ ਪੂਜਾ' ਕਰਨ ਦਾ ਉਥੇ ਵੀ ਭਾਰਤ ਵਾਂਗ ਹੀ ਰਿਵਾਜ ਹੈ | ਮਲੇਸ਼ੀਆ ਵਿਚ ਦੀਵਾਲੀ 'ਹਰੀ ਦੀਪਾਵਲੀ' ਦੇ ਤੌਰ 'ਤੇ ਹਿੰਦੂ ਸੂਰਜੀ ਕੈਲੰਡਰ ਦੇ ਸੱਤਵੇਂ ਮਹੀਨੇ ਮਨਾਈ ਜਾਂਦੀ ਹੈ | ਇਸ ਦਿਨ ਪੂਰੇ ਮਲੇਸ਼ੀਆ ਵਿਚ ਜਨਤਕ ਛੁੱਟੀ ਹੁੰਦੀ ਹੈ |  
ਸਿੰਗਾਪੁਰ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਹੁੰਦੀ ਹੈ | ਉਥੇ ਇਹ ਤਿਉਹਾਰ ਘੱਟ-ਗਿਣਤੀ ਭਾਰਤੀ 'ਤਾਮਿਲ ਭਾਈਚਾਰੇ' ਵਲੋਂ ਮਨਾਇਆ ਜਾਂਦਾ ਹੈ | ਇਸ ਦਿਨ ਰੌਸ਼ਨੀਆਂ ਜਗਾਈਆਂ ਜਾਂਦੀਆਂ, ਪ੍ਰਦਰਸ਼ਨੀਆਂ, ਜਲੂਸ ਅਤੇ ਸੰਗੀਤਕ ਸਮਾਰੋਹ ਕਰਵਾਏ ਜਾਂਦੇ ਹਨ | 
'ਤਿ੍ਨੀਦਾਦ ਅਤੇ ਟੋਬੈਗੋ' ਦੇ ਟਾਪੂਆਂ ਦੇ ਭਾਈਚਾਰੇ ਰਲ-ਮਿਲ ਕੇ ਦੀਵਾਲੀ ਮਨਾਉਂਦੇ ਹਨ | ਉਚੇਚੇ ਜਸ਼ਨ ਮਨਾਉਣ ਲਈ ਰੌਸ਼ਨੀਆਂ ਨਾਲ ਭਰਪੂਰ ਇਕ ਪਿੰਡ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ  'ਦੀਵਾਲੀ ਨਗਰ' ਆਖਿਆ ਜਾਂਦਾ ਹੈ | ਹਿੰਦੂ ਧਾਰਮਿਕ ਜਥੇਬੰਦੀਆਂ ਵਲੋਂ ਇਥੇ ਖ਼ਾਸ ਤੌਰ 'ਤੇ ਪੂਰਬੀ ਭਾਰਤੀਆਂ ਦੇ ਸੱਭਿਆਚਾਰਕ ਵੰਨਗੀਆਂ ਨਾਲ ਜੁੜੇ ਲੋਕ-ਨਾਚ ਅਤੇ ਨਾਟਕ ਖੇਡੇ ਜਾਂਦੇ ਹਨ | ਭਾਰਤੀ ਸੱਭਿਆਚਾਰ ਨਾਲ ਜੁੜੀਆਂ ਸੰਸਥਾਵਾਂ ਵਲੋਂ ਰਾਤ ਨੂੰ  ਲੱਛਮੀ ਪੂਜਾ ਅਤੇ ਦੀਪਮਾਲਾ ਦਾ ਪ੍ਰਬੰਧ ਕੀਤਾ ਜਾਂਦਾ ਹੈ | ਬਰਤਾਨੀਆ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਭਾਰੀ ਉਤਸ਼ਾਹ ਨਾਲ ਦੀਵਾਲੀ ਦੇ ਜਸ਼ਨ ਮਨਾਉਂਦੇ ਹਨ | ਲੋਕ ਘਰਾਂ ਦੀ ਸਫ਼ਾਈ ਕਰਦੇ ਹਨ | ਦੀਵੇ ਤੇ ਮੋਮਬੱਤੀਆਂ ਨਾਲ ਦੀਪਮਾਲਾ ਕਰਦੇ ਹਨ | ਲੋਕ ਆਪਸ ਵਿਚ ਲੱਡੂ ਅਤੇ ਬਰਫ਼ੀ ਵੰਡਦੇ ਹਨ | ਇਹ ਮੌਕਾ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ  ਆਪਸ ਵਿਚ ਮਿਲਵਰਤਣ ਵਧਾਉਣ ਅਤੇ ਅੰਤਰ-ਧਰਮ ਸਦਭਾਵਨਾ ਕਾਇਮ ਕਰਨ ਦੀ ਮਦਦ ਕਰਦਾ ਹੈ | 
ਸੰਯੁਕਤ ਰਾਸ਼ਟਰ ਅਮਰੀਕਾ ਵਿਚ ਦੀਵਾਲੀ ਸਾਲ ਦੇ ਅਖ਼ੀਰ 'ਚ ਮਨਾਇਆ ਜਾਣ ਵਾਲਾ ਮਹੱਤਵਪੂਰਨ ਤਿਉਹਾਰ ਬਣ ਚੁੱਕਾ ਹੈ | ਸਾਲ 2003 ਵਿਚ ਪਹਿਲੀ ਵਾਰ ਦੀਵਾਲੀ ਅਮਰੀਕਾ ਦੇ ਵਾੲ੍ਹੀਟ ਹਾਊਸ ਵਿਚ ਮਨਾਈ ਗਈ ਅਤੇ ਸਾਲ 2007 ਵਿਚ ਸੰਯੁਕਤ ਰਾਜ ਅਮਰੀਕਾ ਕਾਂਗਰਸ ਵਲੋਂ ਦੀਵਾਲੀ ਨੂੰ  ਅਧਿਕਾਰਤ ਮਾਨਤਾ ਦੇ ਦਿੱਤੀ ਗਈ | ਸਾਲ 2009 ਦੌਰਾਨ ਵਾੲ੍ਹੀਟ ਹਾਊਸ ਵਿਚ ਦੀਵਾਲੀ ਜਸ਼ਨਾਂ ਦੌਰਾਨ ਰਾਸ਼ਟਰਪਤੀ ਬਰਾਕ ਓਬਾਮਾ ਪਹਿਲੀ ਵਾਰ ਸ਼ਾਮਿਲ ਹੋਏ | ਇਸੇ ਸਾਲ ਅਮਰੀਕਾ ਵਿਚਲੇ ਦੁਨੀਆ ਦੇ ਸਭ ਤੋਂ ਵੱਡੇ ਕਾਓਬਾਏ ਸਟੇਡੀਅਮ, ਟੈਕਸਾਸ ਵਿਚ ਦੀਵਾਲੀ ਮੌਕੇ ਇਕ ਲੱਖ ਲੋਕਾਂ ਦਾ ਰਿਕਾਰਡਤੋੜ ਇਕੱਠ ਹੋਇਆ ਸੀ | ਸੇਨ ਐਂਟੋਨੀਓ ਸ਼ਹਿਰ ਅਮਰੀਕਾ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿਥੇ ਸਾਲ 2009 ਦੌਰਾਨ 5 ਹਜ਼ਾਰ ਲੋਕਾਂ ਦੇ ਇਕੱਠ ਦੌਰਾਨ ਦੀਵਾਲੀ ਜਸ਼ਨ ਮਨਾਉਣ ਅਤੇ ਆਤਿਸ਼ਬਾਜ਼ੀ ਕਰਨ ਦੀ ਅਧਿਕਾਰਤ ਤੌਰ 'ਤੇ ਆਗਿਆ ਦਿੱਤੀ ਗਈ ਸੀ | ਸਾਲ 2011 'ਚ ਓਬਾਮਾ ਨੇ 200 ਤੋਂ ਵਧੇਰੇ ਭਾਰਤੀਆਂ ਦੇ ਨਾਲ ਦੀਵਾ ਜਗਾ ਕੇ ਦੀਵਾਲੀ ਮਨਾਈ ਸੀ | ਕੈਨੇਡਾ ਵਿਚ ਭਾਵੇਂ ਜਨਤਕ ਤੌਰ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਹੈ, ਪਰ ਭਾਰਤੀ ਭਾਈਚਾਰੇ ਬੜੇ ਜ਼ੋਸ਼ੋ-ਖਰੋਸ਼ ਨਾਲ ਦੀਵਾਲੀ ਮਨਾਉਂਦੇ ਹਨ | ਆਸਟਰੇਲੀਆ ਵਿਚ ਦੀਵਾਲੀ ਦਾ ਤਿਉਹਾਰ ਭਾਰਤੀ ਮੂਲ ਦੇ ਲੋਕਾਂ ਅਤੇ ਮੈਲਬਰਨ ਦੇ ਸਥਾਨਕ ਲੋਕਾਂ ਵਲੋਂ ਜਨਤਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਮੈਲਬਰਨ ਵਿਚ 'ਦ ਆਸਟਰੇਲੀਅਨ ਇੰਡੀਅਨ ਇਨੋਵੇਸ਼ਨਜ਼ ਇਨਕਾਰਪੋਰੇਟਡ' ਨਾਂਅ ਦੀ ਜਥੇਬੰਦੀ ਨੇ 13 ਅਕਤੂਬਰ, 2002 ਨੂੰ  ਪਹਿਲਾ ਵੱਡਾ ਦੀਵਾਲੀ ਮੇਲਾ ਸੈਨਡੋਨ ਰੇਸਕੋਰਸ ਵਿਚ ਕਰਵਾਇਆ | ਦਸ ਘੰਟੇ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਭਾਰਤੀ ਸੱਭਿਆਚਾਰ, ਖਾਣ-ਪੀਣ ਅਤੇ ਰਵਾਇਤੀ ਵਸਤਾਂ ਨਾਲ ਸੰਬੰਧਿਤ ਸਟਾਲ ਲਗਾਏ ਜਾਂਦੇ ਹਨ ਅਤੇ 8 ਘੰਟੇ ਲਗਾਤਾਰ ਮਨੋਰੰਜਕ ਪ੍ਰੋਗਰਾਮ ਚਲਦੇ ਹਨ | ਮਨਪ੍ਰਚਾਵੇ ਲਈ ਖੇਡਾਂ ਅਤੇ ਸਰਕਸਾਂ ਵੀ ਲਗਾਈਆਂ ਜਾਂਦੀਆਂ ਹਨ | ਨਿਊਜ਼ੀਲੈਂਡ ਵਿਚ ਦੀਵਾਲੀ ਮੇਲਿਆਂ ਦਾ ਪ੍ਰਬੰਧ ਦੱਖਣੀ ਏਸ਼ੀਆਈ ਪਰਵਾਸੀ ਸੱਭਿਆਚਾਰਕ ਸਮੂਹਾਂ ਵਲੋਂ ਕੀਤਾ ਜਾਂਦਾ ਹੈ | ਦੀਵਾਲੀ ਦੇ ਮੱੁਖ ਸਮਾਰੋਹ ਆਕਲੈਂਡ ਅਤੇ ਵੇਿਲੰਗਟਨ ਵਿਚ ਮਨਾਏ ਜਾਂਦੇ ਹਨ, ਜਿਥੇ ਦੂਜੇ ਸੂਬਿਆਂ ਤੋਂ ਵੀ ਭਾਰਤੀ ਲੋਕ ਇਕੱਠੇ ਹੋ ਕੇ ਦੀਵਾਲੀ ਦੇ ਜਸ਼ਨਾਂ ਵਿਚ ਹਿੱਸਾ ਲੈਂਦੇ ਹਨ | ਸਾਲ 2003 ਵਿਚ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਦੀਵਾਲੀ ਜਸ਼ਨ ਮਨਾ ਕੇ ਇਸ ਤਿਉਹਾਰ ਨੂੰ  ਮਾਨਤਾ ਦੇ ਦਿੱਤੀ | 
ਪਾਕਿਸਤਾਨ ਵਿਚ ਕੱਟੜ ਇਸਲਾਮੀ ਜਥੇਬੰਦੀਆਂ ਦੇ ਵਿਰੋਧ ਕਾਰਨ ਦੀਵਾਲੀ ਪਾਕਿ ਦੇ ਚੋਣਵੇਂ ਸ਼ਹਿਰਾਂ ਵਿਚ ਮੰਦਰਾਂ ਦੇ ਅੰਦਰ ਹੀ ਸਰਕਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਮਨਾਈ ਜਾਂਦੀ ਹੈ | ਪਾਕਿਸਤਾਨ ਵਿਚ ਦੀਵਾਲੀ ਦਾ ਸਭ ਤੋਂ ਵੱਡਾ ਦੇਖਣਯੋਗ ਸਮਾਰੋਹ ਕਰਾਚੀ ਦੇ ਸਵਾਮੀ ਨਾਰਾਇਣ ਮੰਦਰ ਵਿਚ ਹੁੰਦਾ ਹੈ, ਜਿਥੇ ਗੁਜਰਾਤੀ ਲੋਕ-ਨਾਚ 'ਗਰਬਾ' ਦੀ ਪੇਸ਼ਕਾਰੀ ਹੁੰਦੀ ਹੈ |

-# ਸ਼ਹੀਦ ਬਾਬਾ ਦੀਪ ਸਿੰਘ ਜੀ ਕਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ |
   ਫ਼ੋਨ : 98780-70008
e-mail :ts1984buttar@yahoo.com

Ad Position 22
No active advertisement
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ ਅਗਲੀ ਖ਼ਬਰ ਸਾਂਝ ਤੇ ਮੁਹੱਬਤ ਦੇ ਦੀਵੇ ਜਗਾਈਏ
Ad Position 24