(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਖ਼ੁਸ਼ੀ ਤਾਂ ਖ਼ੁਸ਼ੀ ਹੁੰਦੀ ਹੈ ਜਿਸ ਦਾ ਕੋਈ ਮੁੱਲ ਨਹੀਂ | ਇਹ ਦੀਵੇ ਜਗਾ ਕੇ, ਮੂੰਹ ਮਿੱਠਾ ਕਰਵਾ ਕੇ, ਸ਼ਾਂਤ ਚਿੱਤ ਹੋ ਕੇ ਵੀ ਮਨਾਈ ਜਾ ਸਕਦੀ ਹੈ ਪਰ ਹੁਣ ਹਵਾ ਪੁੱਠੇ ਰੁਖ਼ ਵਹਿ ਰਹੀ ਹੈ | ਲਗਾਤਾਰ ਕੰਨ ਪਾੜਵੇਂ ਪਟਾਕੇ ਚਲਾ ਕੇ ਆਸਮਾਨ ਛੰੂਹਦੀ ਆਤਿਸ਼ਬਾਜੀ ਕਰਕੇ ਖੁਸ਼ੀ ਦਾ ਇਜ਼ਹਾਰ ਕਰਨਾ ਹੁਣ ਆਮ ਜਿਹਾ ਹੋ ਗਿਆ ਹੈ ਜਦ ਕਿ ਪਟਾਕਿਆਂ ਉੱਤੇ ਜੋ ਪੈਸਾ ਖਰਚ ਹੁੰਦਾ ਹੈ, ਉਸ ਦਾ ਰਤਾ ਵੀ ਫਾਇਦਾ ਨਹੀਂ |

ਪਟਾਕਿਆਂ ਕਾਰਨ ਜਿੱਥੇ ਬਹੁਤ ਸਾਰੇ ਹਾਦਸੇ ਹੁੰਦੇ ਹਨ, ਉੱਥੇ ਹੀ ਅੱਗ ਲੱਗਣ ਨਾਲ ਜਾਇਦਾਦਾਂ ਦਾ ਨੁਕਸਾਨ ਵੀ ਹੁੰਦਾ ਹੈ | ਪਟਾਕਿਆਂ ਦੀਆਂ ਉੱਚੀਆਂ ਆਵਾਜ਼ਾਂ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਤਕਲੀਫ਼ ਹੁੰਦੀ ਹੈ | ਤੇਜ਼ ਧਮਾਕਿਆਂ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਮੁਸ਼ਕਿਲ ਆਉਂਦੀ ਹੈ ਅਤੇ ਪੰਛੀ, ਜਾਨਵਰ ਵੀ ਘਬਰਾਹਟ ਮਹਿਸੂਸ ਕਰਦੇ ਹਨ | ਲਗਾਤਾਰ ਉੱਚੀਆਂ ਆਵਾਜ਼ਾਂ ਕਾਰਨ ਜਿੱਥੇ ਲੋਕਾਂ ਦੀ ਨੀਂਦ ਵਿਚ ਵਿਘਨ ਪੈਂਦਾ ਹੈ, ਉੱਥੇ ਉਸ ਦੇ ਨਾਲ ਹੀ ਚਿੜਚਿੜਾਪਣ ਅਤੇ ਤਣਾਅ ਵੀ ਵਧਦਾ ਹੈ | ਚਾਰ ਚੁਫੇਰੇ ਫੈਲਿਆ ਪ੍ਰਦੂਸ਼ਨ ਅਨੇਕਾਂ ਕਿਸਮ ਦੀਆਂ ਅਲਾਮਤਾਂ ਦਾ ਕਾਰਨ ਬਣਦਾ ਹੈ | ਸੁਪਰੀਮ ਕੋਰਟ ਵੀ ਇਸ ਮਸਲੇ ਉੱਤੇ ਬੜਾ ਕੁਝ ਕਹਿ ਚੁੱਕੀ ਹੈ | ਚੁਫ਼ੇਰੇ ਵਿਦਿਅਕ ਅਦਾਰਿਆਂ ਦੀ ਵੀ ਕਮੀ ਨਹੀਂ | ਨਵੀਂ ਪੀੜ੍ਹੀ ਕੋਲ ਹੁਣ ਸਰਟੀਫਿਕੇਟਾਂ ਅਤੇ ਡਿਗਰੀਆਂ ਦੀ ਵੀ ਕੋਈ ਕਮੀਂ ਨਹੀਂ ਹੈ | ਵਿੱਦਿਆ ਦੇ ਪਸਾਰੇ ਨਾਲ ਗਿਆਨ, ਚੇਤਨਤਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਜੋ ਪੈਦਾ ਹੋਣਾ ਚਾਹੀਦਾ ਸੀ, ਉਹ ਕਿਧਰੇ ਰਾਹਾਂ ਵਿਚ ਗੁੰਮ ਗਿਆ ਹੈ | ਖ਼ੁਸ਼ੀਆਂ ਦੀ ਥਾਂ ਖਰੂਦ ਨੇ ਲੈ ਲਈ ਹੈ | ਉੱਚੀ ਆਵਾਜ਼ ਵਿਚ ਗਾਣੇ ਲਾਉਣੇ, ਲਾਪ੍ਰਵਾਹੀ, ਆਕੜ, ਧੌਂਸ ਅਤੇ ਦਿਖਾਵੇ ਨੇ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ | ਸਤ੍ਹਾ ਦੀ ਛਤਰਛਾਇਆ ਹੇਠ ਮੁਨਾਫ਼ੇ ਅਧਾਰਤ ਮੂੰਹ-ਜ਼ੋਰ ਬਜ਼ਾਰ ਨੇ ਆਪਣੇ ਮੁਨਾਫ਼ੇ ਦੀਆਂ ਵਸਤਾਂ ਨੂੰ ਮਨੁੱਖੀ ਜ਼ਰੂਰਤਾਂ ਵਜੋਂ ਪੇਸ਼ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ | ਗ਼ੈਰ-ਜ਼ਰੂਰੀ ਦਿਖਾਵੇ ਦਾ ਪ੍ਰਪੰਚ ਸਮਾਜੀ ਖਪਤੀ ਸੱਭਿਆਚਾਰ ਬਣਨ ਵੱਲ ਤੇਜ਼ੀ ਨਾਲ ਵਧ ਚੁੱਕਿਆ ਹੈ | ਮਿੱਟੀ, ਪਾਣੀ, ਹਵਾ, ਤਰੰਗਾਂ ਬੁਰੀ ਤਰ੍ਹਾਂ ਪਲੀਤ ਹੋ ਰਹੀਆਂ ਹਨ | ਸਾਡਾ ਸਮਾਜ ਅਜੇ ਤੀਕ ਅਖ਼ੌਤੀ ਜਗੀਰੂ ਧੌਂਸ ਅਤੇ ਸ਼ਾਹੀ ਦਿੱਖ ਤੋਂ ਨਿਜਾਤ ਨਹੀਂ ਪਾ ਸਕਿਆ | ਅੱਜ ਦਾ ਅਸਲੋਂ ਅੰਦਰਲੇ ਮਨੋਂ ਟੁੱਟਿਆ ਹਾਰਿਆ ਹੋਇਆ ਮੱਧ ਵਰਗੀ ਮਨੁੱਖ ਅਖ਼ੌਤੀ ਦਿਖਾਵਿਆਂ ਰਾਹੀਂ ਆਪਣੇ ਹੰਕਾਰ ਨੂੰ ਪੱਠੇ ਪਾਉਂਦਾ ਹੋਇਆ ਅਖ਼ੌਤੀ ਵੱਡੇਪਣ ਅਤੇ ਜੜ੍ਹਹੀਣ ਜਸ਼ਨਾਂ ਭਰੀ ਜਿੱਤ ਦਾ ਐਲਾਨ ਕਰਦਾ ਵੇਖਿਆ ਜਾ ਸਕਦਾ ਹੈ | ਇਹੀ ਭਰਮ ਨੂੰ ਮੁਨਾਫ਼ੇ ਦਾ ਬਜ਼ਾਰੂ ਸੱਭਿਆਚਾਰ ਜੀਵਤ ਰੱਖਣਾ ਚਾਹੁੰਦਾ ਹੈ ਜਿਸ ਤੋਂ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਦਿਓ ਕੱਦ ਬਾਜ਼ਾਰ ਦੀਆਂ ਇਨ੍ਹਾਂ ਚਾਲਾਂ ਅਧੀਨ ਮਚ ਰਹੀ ਬਹੁ-ਪੱਖੀ ਤਬਾਹੀ ਨੂੰ ਆਪਣੇ ਸੌੜੇ ਹਿੱਤਾਂ ਕਾਰਨ ਅਣਗੌਲਿਆਂ ਕਰਦੇ ਵੇਖੇ ਜਾ ਸਕਦੇ ਹਨ | ਪੰਜਾਬ ਵਿਚ ਇਕ ਪਾਸੇ ਨੌਜਵਾਨ ਬੇਰੁਜ਼ਗਾਰੀ ਅਤੇ ਆਰਥਿਕ ਤੰਗੀ ਕਾਰਨ ਨਸ਼ਿਆਂ, ਹਿਜਰਤ ਅਤੇ ਮਾਰੂ ਹਿੰਸਕ ਬਿਰਤੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਪੇਂਡੂ ਆਰਥਿਕਤਾ ਕਰਜ਼ਈ ਹੋ ਕੇ ਤਬਾਹੀ ਵੱਲ ਵਧ ਰਹੀ ਹੈ ਪਰ ਦੂਜੇ ਪਾਸੇ ਅੱਜ ਬਜ਼ਾਰਾਂ ਵਿਚ ਦੇਰ ਰਾਤ ਤੱਕ ਵੱਡੀਆਂ ਵੱਡੀਆਂ ਦੁਕਾਨਾਂ/ ਸਟਾਲਾਂ ਉੱਤੇ ਬੇਖੌਫ ਬੇਰੋਕ ਟੋਕ ਆਤਿਸ਼ਬਾਜੀ ਦੀ ਵਿਕਰੀ ਅਤੇ ਖ਼ਰੀਦੋ ਫਿਰੋਖਤ ਜਾਰੀ ਹੈ | ਜ਼ਖ਼ਮੀ ਜ਼ਮੀਨ 'ਤੇ ਜਸ਼ਨਾਂ ਦਾ ਸ਼ੋਰ ਹਰ ਸੰਵੇਦਨਸ਼ੀਲ ਮਨੁੱਖ ਨੂੰ ਪ੍ਰੇਸ਼ਾਨ ਕਰ ਰਿਹਾ ਹੈ | ਨਵੀਂ ਪੀੜ੍ਹੀ ਦਾ ਅਜਿਹੇ ਮਾਰੂ ਰੁਝਾਨਾਂ ਵੱਲ ਰੁਚਿਤ ਹੋਣਾ ਕੋਈ ਚੰਗਾ ਸੰਕੇਤ ਨਹੀਂ | ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਬਾਰੇ ਚੁੱਪ ਵੱਟ ਲੈਣੀ ਬੜੀ ਚਿੰਤਾਜਨਕ ਹੈ | ਖ਼ੁਸ਼ੀਆਂ ਮਨਾਉਣ ਦੇ ਵਿਗੜ ਰਹੇ ਮੂੰਹ ਮੁਹਾਂਦਰੇ ਬਾਰੇ ਸਿਆਸੀ ਧਿਰਾਂ ਅਤੇ ਸਮਾਜ ਨੂੰ ਧਿਆਨ ਨਾਲ ਘੋਖਣ, ਸੋਚਣ ਅਤੇ ਕੁਝ ਸਾਰਥਿਕ ਕਰਨ ਦੀ ਲੋੜ ਹੈ | (ਸਮਾਪਤ)