25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜੇ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਵਿਦੇਸ਼ ਯਾਤਰਾ ਕਰ ਰਹੇ ਹੋ

ਜੇ ਪਹਿਲੀ ਵਾਰ ਹਵਾਈ ਜਹਾਜ਼ ਰਾਹੀਂ ਵਿਦੇਸ਼ ਯਾਤਰਾ ਕਰ ਰਹੇ ਹੋ

Ad Position 21
No active advertisement
ਅਜੀਤ ਡੈਸਕ 25-10-2026

 ਜੇ ਤੁਸੀਂ ਜੀਵਨ ਵਿਚ ਪਹਿਲੀ ਵਾਰ ਹਵਾਈ ਜਹਾਜ਼ ਦੀ ਯਾਤਰਾ ਕਰਨ ਜਾ ਰਹੇ ਹੋ ਅਤੇ ਤੁਹਾਡੀ ਫਲਾਈਟ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਹੈ, ਤਾਂ ਮਨ ਵਿਚ ਹਜ਼ਾਰਾਂ ਸਵਾਲ ਹੋਣੇ ਲਾਜ਼ਮੀ ਹਨ | ਕਿੱਥੇ ਜਾਣਾ ਹੈ? ਕੀ ਕਰਨਾ ਹੈ? ਸਾਮਾਨ ਦਾ ਕੀ ਕਰਨਾ ਹੈ? ਕਿਸੇ ਨੇ ਰੋਕ ਲਿਆ ਤਾਂ? ਇਹ ਏਅਰਪੋਰਟ ਭਾਰਤ ਦਾ ਸਭ ਤੋਂ ਵੱਡਾ ਏਅਰਪੋਰਟ ਹੈ, ਇੰਨਾ ਵੱਡਾ ਕਿ ਇਸ ਦੇ ਅੰਦਰ ਚੱਲ ਕੇ ਹੀ 2-3 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਹੈ ਪਰ ਜੇ ਤੁਹਾਨੂੰ ਪਹਿਲਾਂ ਤੋਂ ਸਾਰੀ ਜਾਣਕਾਰੀ ਹੋਵੇ ਤਾਂ ਇਹ ਸਫ਼ਰ ਬਹੁਤ ਹੀ ਆਸਾਨ ਅਤੇ ਯਾਦਗਾਰੀ ਬਣ ਜਾਂਦਾ ਹੈ | ਇਹ ਲੇਖ ਖ਼ਾਸ ਕਰ ਕੇ ਪੰਜਾਬ ਤੋਂ ਪਹਿਲੀ ਵਾਰ ਜਾਣ ਵਾਲੇ ਯਾਤਰੀਆਂ ਲਈ ਲਿਖਿਆ ਗਿਆ ਹੈ |

1. ਏਅਰਪੋਰਟ ਨੂੰ ਸਮਝੋ – ਟੀ-1, ਟੀ-2, ਟੀ-3 ਦਾ ਚੱਕਰ
ਸਭ ਤੋਂ ਪਹਿਲਾਂ ਆਪਣੀ ਟਿਕਟ ਨੂੰ ਧਿਆਨ ਨਾਲ ਦੇਖੋ | ਉਸ 'ਤੇ ਟਰਮੀਨਲ ਲਿਖਿਆ ਹੁੰਦਾ ਹੈ | ਦਿੱਲੀ ਏਅਰਪੋਰਟ 'ਤੇ ਤਿੰਨ ਟਰਮੀਨਲ ਹਨ |
ਟਰਮੀਨਲ 1 - ਇਹ ਸਿਰਫ਼ ਘਰੇਲੂ ਉਡਾਣਾਂ ਲਈ ਹੈ | ਜੇ ਤੁਸੀਂ ਇੰਡੀਗੋ ਜਾਂ ਸਪਾਈਸਜੈੱਟ ਦੀ ਘਰੇਲੂ ਫਲਾਈਟ ਲੈ ਰਹੇ ਹੋ ਤਾਂ ਤੁਸੀਂ ਇੱਥੋਂ ਜਾਓਗੇ | ਇਸ ਨੂੰ ਹਾਲ ਹੀ ਵਿਚ ਨਵਾਂ ਬਣਾਇਆ ਗਿਆ ਹੈ |
ਟਰਮੀਨਲ 2 - ਇਹ ਵੀ ਘਰੇਲੂ ਉਡਾਣਾਂ ਲਈ ਵਰਤਿਆ ਜਾਂਦਾ ਹੈ |
ਟਰਮੀਨਲ 3 - ਇਹ ਏਅਰਪੋਰਟ ਦੀ ਸ਼ਾਨ ਹੈ | ਇਹ ਏਸ਼ੀਆ ਦੇ ਸਭ ਤੋਂ ਵੱਡੇ ਟਰਮੀਨਲਾਂ ਵਿਚੋਂ ਇਕ ਹੈ | ਦੁਨੀਆ ਭਰ ਦੀਆਂ ਸਾਰੀਆਂ, ਇੰਟਰਨੈਸ਼ਨਲ ਫਲਾਈਟਾਂ ਅਤੇ ਏਅਰ ਇੰਡੀਆ ਵਿਸਤਾਰਾ ਵਰਗੀਆਂ ਵੱਡੀਆਂ ਕੰਪਨੀਆਂ ਦੀਆਂ ਘਰੇਲੂ ਫਲਾਈਟਾਂ ਇੱਥੋਂ ਹੀ ਉੱਡਦੀਆਂ ਹਨ | ਜੇ ਤੁਸੀਂ ਵਿਦੇਸ਼ ਜਾ ਰਹੇ ਹੋ ਤਾਂ 99% ਤੁਹਾਡੀ ਫਲਾਈਟ ਟੀ-3 ਤੋਂ ਹੀ ਹੋਵੇਗੀ |
ਯਾਦ ਰੱਖੋ, ਟੀ-1 ਤੋਂ ਟੀ-2 ਦੀ ਦੂਰੀ 10-12 ਕਿਲੋਮੀਟਰ ਹੈ | ਗ਼ਲਤ ਟਰਮੀਨਲ 'ਤੇ ਜਾਣ ਦਾ ਮਤਲਬ ਹੈ ਤੁਹਾਡੀ ਫਲਾਈਟ ਖੁੰਝ ਸਕਦੀ ਹੈ | ਇਸ ਲਈ ਆਪਣੇ ਡਰਾਈਵਰ ਜਾਂ ਕੈਬ ਵਾਲੇ ਨੂੰ ਪਹਿਲਾਂ ਹੀ ਸਾਫ਼ ਦੱਸ ਦਿਓ |
ਘਰੋਂ ਨਿਕਲਣ ਤੋਂ ਪਹਿਲਾਂ ਦੀ ਤਿਆਰੀ
ਕਾਗ਼ਜ਼ ਪੱਤਰ:- ਆਪਣੇ ਕਾਗ਼ਜ਼ਾਂ ਦੀ ਇਕ ਫਾਈਲ ਬਣਾ ਲਓ | 1) ਪਾਸਪੋਰਟ (ਅਸਲੀ ਅਤੇ 2 ਫ਼ੋਟੋ ਕਾਪੀਆਂ), 2) ਵੀਜ਼ਾ, 3) ਹਵਾਈ ਟਿਕਟ ਦੀ ਪਿ੍ੰਟ, 4) ਆਧਾਰ ਕਾਰਡ, 5) ਪਾਸਪੋਰਟ ਹਮੇਸ਼ਾ ਹੱਥ ਵਾਲੇ ਬੈਗ 'ਚ ਰੱਖੋ, ਕਦੇ ਵੀ ਵੱਡੇ ਬੈਗ 'ਚ ਨਾ ਪਾਓ |
ਸਾਮਾਨ ਦੇ ਨਿਯਮ:- ਦੋ ਤਰ੍ਹਾਂ ਦੇ ਬੈਗ ਹੁੰਦੇ ਹਨ | ਇਕ ਚੈੱਕ ਇਨ ਬੈਗ ਜੋ ਤੁਸੀਂ ਕਾਊਾਟਰ 'ਤੇ ਦੇ ਦਿੰਦੇ ਹੋ (ਆਮ ਤੌਰ 'ਤੇ 20-30 ਕਿਲੋ ਇੰਟਰਨੈਸ਼ਨਲ ਲਈ) | ਦੂਜਾ ਕੈਬਿਨ ਬੈਗ/ਹੈੱਡ ਬੈਗ ਜੋ ਤੁਸੀਂ ਜਹਾਜ਼ 'ਚ ਨਾਲ ਲੈ ਕੇ ਜਾਂਦੇ ਹੋ (7-8 ਕਿਲੋ) | ਹੈਂਡ ਬੈਗ 'ਚ ਕਦੇ ਵੀ ਕੈਂਚੀ, ਚਾਕੂ, ਨੇਲ ਕਟਰ, 100 ਮਿਲੀਲੀਟਰ ਤੋਂ ਵੱਧ ਤਰਲ ਪਦਾਰਥ (ਸ਼ੈਂਪੂ, ਤੇਲ) ਨਾ ਰੱਖੋ, ਉਹ ਸੁਰੱਖਿਆ ਵਾਲੇ ਕੱਢ ਦੇਣਗੇ | ਪਾਵਰ ਬੈਂਕ, ਲੈਪਟਾਪ, ਮੋਬਾਈਲ ਹਮੇਸ਼ਾ ਹੈਂਡ ਬੈਗ 'ਚ ਹੀ ਰੱਖੋ |
ਕੱਪੜੇ: ਆਰਾਮਦਾਇਕ ਕੱਪੜੇ ਪਾਓ | ਸਫ਼ਰ ਲੰਬਾ ਹੋ ਸਕਦਾ ਹੈ | ਜੁੱਤੇ ਅਜਿਹੇ ਪਾਓ ਜੋ ਆਸਾਨੀ ਨਾਲ ਲਾਹੇ ਅਤੇ ਪਾਏ ਜਾ ਸਕਣ, ਕਿਉਂਕਿ ਸੁਰੱਖਿਆ ਜਾਂਚ ਵੇਲੇ ਜੁੱਤੇ ਲਾਹੁਣੇ ਪੈਂਦੇ ਹਨ |
ਦਿੱਲੀ ਪਹੁੰਚਣਾ ਅਤੇ ਏਅਰਪੋਰਟ 'ਚ ਦਾਖਲਾ
ਪੰਜਾਬ ਤੋਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਹੈ ਕਿ ਫਲਾਈਟ ਤੋਂ 4-5 ਘੰਟੇ ਪਹਿਲਾਂ ਦਿੱਲੀ ਪਹੁੰਚ ਜਾਓ | ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਂ ਅੰਤਰਰਾਜੀ ਬੱਸ ਅੱਡੇ ਕਸ਼ਮੀਰੀ ਗੇਟ ਤੋਂ ਤੁਸੀਂ ਸਿੱਧਾ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈਸ ਲਾਈਨ ਲੈ ਸਕਦੇ ਹੋ, ਜੋ 20 ਮਿੰਟ 'ਚ ਤੁਹਾਨੂੰ ਟੀ-3 ਪਹੁੰਚਾ ਦਿੰਦੀ ਹੈ | ਇਹ ਸਭ ਤੋਂ ਸਸਤਾ ਅਤੇ ਟ੍ਰੈਫਿਕ ਤੋਂ ਬਚਣ ਦਾ ਤਰੀਕਾ ਹੈ | ਏਅਰਪੋਰਟ ਦੇ ਗੇਟ 'ਤੇ ਪਹੁੰਚਣ 'ਤੇ ਸੀ.ਆਈ.ਐਸ.ਐਫ ਦਾ ਜਵਾਨ ਤੁਹਾਡੀ ਟਿਕਟ ਅਤੇ ਪਾਸਪੋਰਟ / ਆਧਾਰ ਕਾਰਡ ਦੇਖੇਗਾ | ਉਸ ਤੋਂ ਬਾਅਦ ਹੀ ਤੁਹਾਨੂੰ ਅੰਦਰ ਜਾਣ ਦਿੱਤਾ ਜਾਵੇਗਾ | ਤੁਹਾਡੇ ਤੋਂ ਬਿਨਾਂ ਕੋਈ ਹੋਰ ਵਿਅਕਤੀ, ਤੁਹਾਡਾ ਪਰਿਵਾਰ, ਗੇਟ ਤੋਂ ਅੰਦਰ ਨਹੀਂ ਜਾ ਸਕਦਾ |
ਅੰਦਰ ਦੀ ਪੂਰੀ ਪ੍ਰਕਿਰਿਆ 
ਚੈੱਕ-ਇਨ ਅਤੇ ਬੋਰਡਿੰਗ ਪਾਸ:* ਅੰਦਰ ਵੜਦੇ ਹੀ ਵੱਡੀਆਂ ਸਕ੍ਰੀਨਾਂ 'ਤੇ ਆਪਣੀ ਫਲਾਈਟ ਦਾ ਨੰਬਰ ਲੱਭੋ | ਉੱਥੇ ਲਿਖਿਆ ਹੋਵੇਗਾ ਕਿ ਕਿਹੜੇ ਕਾਊਾਟਰ 'ਤੇ ਜਾਣਾ ਹੈ | ਉੱਥੇ ਲਾਈਨ 'ਚ ਲੱਗ ਕੇ ਆਪਣਾ ਵੱਡਾ ਬੈਗ ਦੇ ਦਿਓ | ਸਟਾਫ਼ ਤੁਹਾਨੂੰ ਬੋਰਡਿੰਗ ਪਾਸ ਦੇਵੇਗਾ | ਇਹ ਇਕ ਛੋਟੀ ਜਿਹੀ ਪਰਚੀ ਹੈ, ਇਹ ਤੁਹਾਡੀ ਸਭ ਤੋਂ ਮਹੱਤਵਪੂਰਨ ਚੀਜ਼ ਹੈ | ਇਸ 'ਤੇ ਤੁਹਾਡਾ ਗੇਟ ਨੰਬਰ, ਸੀਟ ਨੰਬਰ, ਬੋਰਡਿੰਗ ਟਾਈਮ ਲਿਖਿਆ ਹੋਵੇਗਾ | ਇਸ ਨੂੰ ਸੰਭਾਲ ਕੇ ਰੱਖੋ | ਜੇ ਤੁਸੀਂ ਵਿਦੇਸ਼ ਜਾ ਰਹੇ ਹੋ ਤਾਂ ਤੁਹਾਨੂੰ ਇਮੀਗ੍ਰੇਸ਼ਨ ਕਾਊਾਟਰ 'ਤੇ ਜਾਣਾ ਪਵੇਗਾ | ਇੱਥੇ ਅਫ਼ਸਰ ਤੁਹਾਨੂੰ ਪੁੱਛ ਸਕਦਾ ਹੈ, 'ਕਿੱਥੇ ਜਾ ਰਹੇ ਹੋ? ਕਿਉਂ ਜਾ ਰਹੇ ਹੋ? ਕਿੰਨੇ ਦਿਨ ਰੁਕੋਗੇ?' ਘਬਰਾਓ ਨਾ, ਸੱਚ-ਸੱਚ ਜਵਾਬ ਦਿਓ | ਉਹ ਤੁਹਾਡੇ ਪਾਸਪੋਰਟ 'ਤੇ ਮੋਹਰ ਲਗਾ ਦੇਵੇਗਾ |
ਸੁਰੱਖਿਆ ਜਾਂਚ ਇਹ ਸਭ ਤੋਂ ਸਖ਼ਤ ਹਿੱਸਾ ਹੈ | ਤੁਹਾਨੂੰ ਆਪਣਾ ਹੈਂਡ ਬੈਗ ਬੈਲਟ, ਜੈਕਟ, ਮੋਬਾਈਲ, ਲੈਪਟਾਪ, ਸਿੱਕੇ ਸਭ ਇਕ ਟਰੇਅ 'ਚ ਪਾ ਕੇ ਸਕੈਨਰ 'ਚ ਪਾਉਣੇ ਹਨ | ਫਿਰ ਤੁਹਾਡੀ ਸਰੀਰਕ ਜਾਂਚ/ਤਲਾਸ਼ੀ ਹੋਵੇਗੀ | ਯਾਦ ਰੱਖੋ, ਇੱਥੇ ਕੋਈ ਵੀ ਤਰਲ ਚੀਜ਼ 100 ਮਿਲੀਲੀਟਰ ਤੋਂ ਵੱਧ ਨਹੀਂ ਲੈ ਜਾ ਸਕਦੇ | ਪਾਣੀ ਦੀ ਬੋਤਲ ਖਾਲੀ ਕਰ ਕੇ ਲੈ ਜਾਓ, ਅੰਦਰ ਮੁਫ਼ਤ ਪਾਣੀ ਭਰਨ ਵਾਲੀਆਂ ਮਸ਼ੀਨਾਂ ਹਨ |
ਬੋਰਡਿੰਗ ਗੇਟ ਦੀ ਭਾਲ:- ਸੁਰੱਖਿਆ ਤੋਂ ਬਾਅਦ ਤੁਸੀਂ ਇਕ ਬਹੁਤ ਵੱਡੇ ਸ਼ਾਪਿੰਗ ਮਾਲ ਵਰਗੇ ਹਾਲ 'ਚ ਹੋਵੋਗੇ | ਇਸ ਨੂੰ ਸੁਰੱਖਿਆ ਖੇਤਰ ਕਹਿੰਦੇ ਹਨ | ਇੱਥੇ ਦੁਕਾਨਾਂ, ਖਾਣ-ਪੀਣ ਦੀਆਂ ਥਾਵਾਂ ਹਨ | ਹੁਣ ਆਪਣੇ ਬੋਰਡਿੰਗ ਪਾਸ 'ਤੇ ਗੇਟ ਨੰਬਰ ਦੇਖੋ | ਜਿਵੇਂ ਗੇਟ 15 | ਫਿਰ ਉੱਪਰ ਲੱਗੇ ਤੀਰ ਦੇ ਨਿਸ਼ਾਨ ਦੇਖ ਕੇ ਉਸ ਗੇਟ ਵੱਲ ਤੁਰ ਪਓ | ਟਰਮੀਨਲ-3 ਬਹੁਤ ਵੱਡਾ ਹੈ, ਗੇਟ ਤੱਕ ਪਹੁੰਚਣ 'ਚ 15-20 ਮਿੰਟ ਲੱਗ ਸਕਦੇ ਹਨ | ਇਸ ਲਈ ਫ਼ਾਲਤੂ ਘੁੰਮਣ 'ਚ ਸਮਾਂ ਬਰਬਾਦ ਨਾ ਕਰੋ |
ਜਹਾਜ਼ 'ਚ ਬੈਠਣਾ:- ਜਦੋਂ ਬੋਰਡਿੰਗ ਸ਼ੁਰੂ ਹੋਵੇਗੀ ਤਾਂ ਸਟਾਫ਼ ਤੁਹਾਡਾ ਬੋਰਡਿੰਗ ਪਾਸ ਸਕੈਨ ਕਰੇਗਾ ਅਤੇ ਤੁਸੀਂ ਇਕ ਬੱਸ ਰਾਹੀਂ ਜਾਂ ਸਿੱਧੀ ਸੁਰੰਗ ਵਰਗੇ ਰਸਤੇ ਰਾਹੀਂ ਜਹਾਜ਼ ਤੱਕ ਜਾਓਗੇ |
ਖਾਣਾ ਮਹਿੰਗਾ ਹੈ:- ਹਵਾਈ ਅੱਡੇ ਅੰਦਰ ਇਕ ਆਮ ਚਾਹ ਵੀ 200-250 ਰੁਪਏ ਦੀ ਹੈ | ਇਸ ਲਈ ਘਰੋਂ ਕੁਝ ਖਾ ਕੇ ਜਾਓ | ਪਾਣੀ ਲਈ ਖਾਲੀ ਬੋਤਲ ਨਾਲ ਲੈ ਜਾਓ | ਜੇ ਤੁਹਾਡੇ ਕੋਲ ਕਿਸੇ ਪ੍ਰਵਾਨਿਤ ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਹੈ ਤਾਂ ਤੁਸੀਂ ਹਵਾਈ ਅੱਡੇ ਦੇ ਅੰਦਰ ਬਣੇ ਲਾਊਾਜ਼ ਵਿਚ ਪਹੁੰਚ ਕੇ ਖਾਣੇ ਅਤੇ ਆਰਾਮ ਦਾ ਆਨੰਦ ਮਾਣ ਸਕਦੇ ਹੋ | ਜਦ ਤੁਸੀਂ ਲਾਊਾਜ਼ ਦੇ ਕਾਊਾਟਰ ਉੱਤੇ ਪਹੁੰਚਦੇ ਹੋ ਅਤੇ ਆਪਣਾ ਬੈਂਕ ਕਾਰਡ ਪੇਸ਼ ਕਰਦੇ ਹੋ ਤਾਂ ਕਿਸੇ ਬੈਂਕ ਦੇ ਕਾਰਡ ਵਿਚੋਂ 1 ਰੁਪਿਆ, ਕਿਸੇ ਵਿਚੋਂ 2 ਰੁਪਏ ਅਤੇ ਕਿਸੇ ਵਿਚੋਂ 25 ਰੁਪਏ ਕੱਟ ਲਏ ਜਾਂਦੇ ਹਨ | ਏਨੇ ਕੁ ਪੈਸਿਆਂ ਨਾਲ ਤੁਸੀਂ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਲੈ ਸਕਦੇ ਹੋ | ਰੋਟੀ, ਦਾਲ, ਸਬਜ਼ੀ, ਰਾਇਤਾ, ਚੌਲ, ਫਲ, ਦੁੱਧ, ਚਾਹ, ਕਾਫੀ ਅਤੇ ਹੋਰ ਬਹੁਤ ਕੁਝ | ਇੱਥੇ ਤੁਸੀਂ ਕੁਝ ਦੇਰ ਆਰਾਮ ਵੀ ਕਰ ਸਕਦੇ ਹੋ | ਪੈਸੇ ਕੁਝ ਵੀ ਨਹੀਂ, ਉਹੀ 1, 2 ਜਾਂ 25 ਰੁਪਏ | ਹਵਾਈ ਅੱਡੇ ਦੇ ਅੰਦਰ ਦੂਸਰੇ ਰੈਸਟੋਰੈਂਟ ਬਹੁਤ ਮਹਿੰਗੇ ਹਨ | ਪਾਣੀ ਦੀ ਬੋਤਲ ਵੀ 80 ਰੁਪਏ ਵਿਚ ਮਿਲਦੀ ਹੈ | ਇਸ ਲਈ ਬੈਂਕ ਕਾਰਡ ਵਾਲਾ ਲਾਊਜ਼ ਸਭ ਤੋਂ ਵਧੀਆ ਹੈ | ਇੱਥੇ ਤੁਸੀਂ ਆਪਣੇ ਮੋਬਾਈਲ ਫ਼ੋਨ ਦੀ ਬੈਟਰੀ ਵੀ ਰੀਚਾਰਜ ਕਰ ਸਕਦੇ ਹੋ, ਕਈ ਤਰ੍ਹਾਂ ਦੇ ਪਏ ਅਖ਼ਬਾਰ ਮੁਫ਼ਤ ਵਿਚ ਲੈ ਸਕਦੇ ਹੋ | 
ਜੇ ਤੁਹਾਨੂੰ ਡਾਲਰ ਜਾਂ ਪੌਂਡ ਚਾਹੀਦੇ ਹਨ ਤਾਂ ਇਮੀਗ੍ਰੇਸ਼ਨ ਤੋਂ ਬਾਅਦ ਬਹੁਤ ਸਾਰੇ ਵਿਦੇਸ਼ੀ ਮੁਦਰਾ ਤਬਦੀਲੀ ਕਾਊਾਟਰ ਹਨ, ਪਰ ਉੱਥੇ ਰੇਟ ਥੋੜ੍ਹਾ ਜ਼ਿਆਦਾ ਹੁੰਦਾ ਹੈ | ਕੋਸ਼ਿਸ਼ ਕਰੋ ਪੈਸੇ ਪੰਜਾਬ ਤੋਂ ਹੀ ਬਦਲਵਾ ਕੇ ਜਾਓ |
ਵਾਈ-ਫਾਈ ਅਤੇ ਚਾਰਜਿੰਗ  ਏਅਰਪੋਰਟ 'ਤੇ ਉਪਲਬਧ ਹੁੰਦੀ ਹੈ | ਆਪਣਾ ਫ਼ੋਨ ਨੰਬਰ ਪਾ ਕੇ ਓ.ਟੀ.ਪੀ ਨਾਲ ਚਲਾ ਸਕਦੇ ਹੋ | ਹਰ ਗੇਟ ਦੇ ਨੇੜੇ ਮੋਬਾਈਲ ਚਾਰਜਿੰਗ ਪੁਆਇੰਟ ਵੀ ਹਨ |
ਧਿਆਨ ਰੱਖਿਓ
ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ ਸਾਮਾਨ ਫੜਨ ਲਈ ਨਾ ਦਿਓ, ਕਿਸੇ 'ਤੇ ਭਰੋਸਾ ਕਰ ਕੇ ਉਸ ਦਾ ਕੋਈ ਪਾਰਸਲ ਵਿਦੇਸ਼ ਨਾ ਲੈ ਕੇ ਜਾਓ, ਜੇ ਰਸਤਾ ਭੁੱਲ ਜਾਓ ਤਾਂ ਸਹਾਇਤਾ ਕਾਊਾਟਰ 'ਤੇ ਜਾਓ | ਉੱਥੇ ਸਟਾਫ਼ 24 ਘੰਟੇ ਮਦਦ ਲਈ ਹੁੰਦਾ ਹੈ, ਆਪਣੇ ਪਰਿਵਾਰ ਨੂੰ ਪਹਿਲਾਂ ਹੀ ਦੱਸ ਦਿਓ ਕਿ ਸੁਰੱਖਿਆ ਜਾਂਚ ਤੋਂ ਬਾਅਦ ਤੁਹਾਡਾ ਫ਼ੋਨ ਬੰਦ ਹੋ ਸਕਦਾ ਹੈ ਜਾਂ ਤੁਸੀਂ ਵਿਅਸਤ ਹੋਵੋਗੇ | ਪਹਿਲੀ ਹਵਾਈ ਯਾਤਰਾ ਹਮੇਸ਼ਾ ਯਾਦ ਰਹਿੰਦੀ ਹੈ | ਥੋੜ੍ਹੀ ਜਿਹੀ ਤਿਆਰੀ ਨਾਲ ਇਹ ਤਣਾਅ ਦੀ ਥਾਂ ਮਾਣ ਵਾਲਾ ਤਜਰਬਾ ਬਣ ਜਾਵੇਗੀ |

-ਇੰਚਾਰਜ, ਅਜੀਤ ਉਪ ਦਫ਼ਤਰ, ਸੰਗਰੂਰ |
ਮੋਬਾਈਲ : 98142-82543

Ad Position 22
No active advertisement
ਪਿਛਲੀ ਖ਼ਬਰ ਸਿੱਖ ਇਤਿਹਾਸਕਾਰੀ ਦਾ ਪ੍ਰਮਾਣਿਕ ਹਸਤਾਖਰ: ਡਾ. ਗੰਡਾ ਸਿੰਘ ਅਗਲੀ ਖ਼ਬਰ ਵਿਲੱਖਣ ਪੌਦਾ ਪੱਥਰ ਚੱਟ
Ad Position 24