ਭਾਰਤ ਵਿਚ ਆਰੀਆ ਲੋਕ ਚਰਖੇ ਦੇ ਛੋਟੇ ਰੂਪ ਤੱਕਲੀ ਨਾਲ ਸੂਤ ਕੱਤਦੇ ਸਨ | ਇਸ ਦਾ ਸੁਧਰਿਆ ਅਤੇ ਵੱਡਾ ਰੂਪ ਚਰਖੇ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ | ਇਹ ਵੀ ਕਿਹਾ ਜਾਂਦਾ ਹੈ ਕਿ ਚਰਖਾ ਮੱਧ-ਏਸ਼ੀਆ ਤੋਂ ਦਸਵੀਂ ਸਦੀ ਵਿਚ ਹਿੰਦੋਸਤਾਨ ਵਿਚ ਆਇਆ |

ਜਿੱਥੋਂ ਤੱਕ ਇਸ ਦੇ ਨਾਮਕਰਨ ਦਾ ਸੰਬੰਧ ਹੈ, ਚਰਖਾ ਫਾਰਸੀ ਦੇ ਚਰਖਹ ਸ਼ਬਦ ਦਾ ਤਦਭਵ ਰੂਪ ਹੈ | ਇਹ ਵੀ ਹੋ ਸਕਦਾ ਹੈ ਕਿ ਚਰਖਾ ਸੰਸਕਿ੍ਤ ਸ਼ਬਦ ਵਿਚ ਚੱਕਰ ਤੋਂ ਪੰਜਾਬੀ ਵਿਚ ਚੱਕਰਾ, ਵਿਗੜਕੇ ਬਣਿਆ ਚਰਕਾ ਅਤੇ ਉਸ ਤੋਂ ਬਾਅਦ ਚਰਖਾ ਬਣਿਆ ਹੋਵੇ | ਇਹ ਵੀ ਹੋ ਸਕਦਾ ਹੈ ਕਿ ਚਰਖੇ ਦਾ ਚੱਕਰ ਬਣਾਉਣ ਵੇਲੇ ਤਰਖਾਣ ਨੇ ਲੱਕੜ ਦਾ ਸਹਾਰਾ ਕਾਟਾ ਬਣਾਇਆ ਜਿਸ ਵਿਚ ਚਾਰ ਖਾਨੇ ਸਪੱਸ਼ਟ ਦਿਖਣ ਲੱਗੇ, ਇਨ੍ਹਾਂ ਚਾਰ ਖਾਨਿਆਂ ਤੋਂ ਚਰਖਾ ਬਣਿਆ ਹੋਵੇ |
ਚਰਖੇ ਨੂੰ ਪੰਜਾਬੀ ਸੱਭਿਆਚਾਰ ਦਾ ਦਿਲ ਕਿਹਾ ਜਾ ਸਕਦਾ ਹੈ | ਇਸ ਕਰਕੇ ਪੰਜਾਬੀ ਸਾਹਿਤ ਵਿਚ ਜਿੰਨਾ ਜ਼ਿਕਰ ਚਰਖੇ ਦਾ ਆਉਂਦਾ ਹੈ , ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਆਉਂਦਾ ਹੋਵੇ | ਚਰਖੇ ਦੇ ਸਾਰੇ ਅੰਗ ਅਤੇ ਉਪ ਅੰਗ ਵੀ ਪੰਜਾਬੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ | ਜਿਵੇਂ ਮਾਲ੍ਹ, ਬਾਇੜ (ਕਸੱਣ), ਲੱਠ, ਮੁੰਨੇ, ਫੱਟੇ, ਗੁੱਡੇ, ਗੁੱਝ (ਹੱਥੀ), ਮਝੇਰੂ, ਦਮਕੜਾ, ਚਰਮੱਖ, ਕੱਥ, ਬੀੜ, ਮਣਕਾ, ਤੱਕਲਾ ਆਦਿ ਦੀ ਆਪਣੀ ਆਪਣੀ ਹੋਂਦ ਅਤੇ ਪਹਿਚਾਣ ਹੈ | ਚਰਖੇ ਦੀ ਸਹਾਇਕ ਸਮੱਗਰੀ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ, ਜਿਵੇਂ ਪੂਣੀਆਂ, ਤੰਦ, ਗਲੋਟਾ, ਸੂਤ, ਅਟੇਰਨ, ਪੀਹੜਾ, ਪਟਾਰੀ ਅਤੇ ਕੱਤਣੀ ਆਦਿ |
ਚਰਖਾ ਬਣਾਉਣ ਵਾਲੇ ਕਾਰੀਗਰ ਜਾਂ ਤਰਖਾਣ ਦੀ ਵਿਸ਼ੇਸ਼ ਭੂਮਿਕਾ ਹੁੰਦੀ ਸੀ | ਇਹ ਕਾਰੀਗਰ ਦੀ ਇਕ ਸੁਲਝੀ ਹੋਈ ਅਤੇ ਖ਼ੂਬਸੂਰਤ ਕਲਾ ਦਾ ਇਕ ਅਦਭੁਤ ਨਮੂਨਾ ਸੀ | ਇਸ ਨੂੰ ਬਣਾਉਣ ਲਈ ਵਧੀਆ ਕਿਸਮ ਦੀ ਲੱਕੜੀ ਦੀ ਚੋਣ ਕੀਤੀ ਜਾਂਦੀ ਸੀ | ਇਸਦੇ ਹਾਰ-ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਦੀ ਵਰਤੋਂ ਕੀਤੀ ਜਾਂਦੀ ਸੀ | ਚਰਖੇ ਵਿਚ ਸ਼ੀਸ਼ੇ ਜੜੇ ਜਾਂਦੇ ਸਨ | ਚਰਖੇ ਨੂੰ ਵੱਖ-ਵੱਖ ਰੰਗਾਂ ਦੀਆਂ ਧਾਰੀਆਂ ਨਾਲ ਸਜਾਇਆ ਜਾਂਦਾ ਸੀ | ਇਹ ਗੱਲ ਇਸ ਗੀਤ ਦੇ ਬੋਲਾਂ ਤੋਂ ਪੂਰੀ ਤਰਾਂ ਸਪੱਸ਼ਟ ਹੁੰਦੀ ਹੈ |
ਕਾਰੀਗਰ ਨੂੰ ਦੇ ਵਧਾਈ, ਜੀਹਨੇ,
ਰੰਗਲਾ ਚਰਖਾ ਬਣਾਇਆ |
ਵਿਚ ਸੁਨਹਿਰੀ ਲਾਈਆਂ ਮੇਖਾਂ,
ਹੀਰਿਆਂ ਜੜਤ ਜੜਾਇਆ,
ਬੀੜੀ ਦੇ ਨਾਲ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਹਾਣਦੀਏ ਵਿਆਹ ਭਾਦੋਂ ਦਾ ਆਇਆ |
ਚਰਖਾ ਇਕ ਤਰ੍ਹਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪਕਲਾ ਵਿਚ ਉਪਜਿਆ ਇਕ ਖ਼ੂਬਸੂਰਤ ਤੋਹਫਾ ਹੈ | ਪੰਜਾਬੀ ਸੱਭਿਆਚਾਰ ਦਾ ਇਕ ਬਹੁਤ ਵੱਡਾ ਗੁਣ ਹੈ, ਇਸਨੇ ਆਪਣੀ ਹਰ ਇਕ ਲੋੜ ਦੀ ਨਿਸ਼ਾਨੀ ਨੂੰ ਕਿਰਤ ਅਤੇ ਕਲਾ ਨਾਲ ਜੋੜਿਆ ਹੈ |
ਲਗਭਗ ਪੌਣੀ ਬੀਹਵੀਂ ਸਦੀ ਤੱਕ ਚਰਖਾ ਕੱਤਣਾ, ਪੰਜਾਬ ਦੇ ਹਰੇਕ ਪਿੰਡ ਵਿਚ ਰਹਿਣ ਵਾਲੀ ਔਰਤ ਦੀ ਪ੍ਰਮੁੱਖ ਘਰੇਲੂ ਦਸਤਕਾਰੀ ਜਾਂ ਧੰਦਾ ਸੀ | ਉਦੋਂ ਤੱਕ ਚਰਖਾ ਪੰਜਾਬੀ ਸੱਭਿਆਚਾਰ ਦਾ ਹਰਮਨ ਪਿਆਰਾ ਪ੍ਰਤੀਕ ਬਣਿਆ ਰਿਹਾ | ਇਹ ਪੰਜਾਬੀ ਕੁੜੀ ਦੇ ਮਾਣ-ਸਨਮਾਨ ਦਾ ਚਿਨ੍ਹ ਹੁੰਦਾ ਸੀ | ਜਦੋਂ ਕੁੜੀ ਦਸ ਕੁ ਸਾਲਾਂ ਦੀ ਹੋ ਜਾਂਦੀ ਸੀ, ਤਾਂ ਮਾਂ, ਚਾਚੀਆਂ, ਤਾਈਆਂ ਉਸਦੇ ਦਾਜ-ਦਹੇਜ ਦੀ ਤਿਆਰੀ ਕਰਨ ਲੱਗ ਜਾਂਦੀਆਂ ਸਨ | ਫੇਰ ਸਾਰਾ ਦਿਨ ਘਰ ਵਿਚ ਚਰਖੇ ਦੀ ਗੂੰਜ ਪੈਣ ਲੱਗ ਜਾਂਦੀ ਸੀ |
ਤਿ੍ੰਝਣ ਦੀ ਗੱਲ ਤੋਂ ਬਗ਼ੈਰ ਚਰਖੇ ਦੇ ਕਾਰਜ ਦੀ ਸੱਭਿਆਚਾਰਕ ਮਿਠਾਸ ਹਲਕੀ ਪੈ ਜਾਵੇਗੀ | ਜਦੋਂ ਮੁਟਿਆਰਾਂ, ਇਸਤਰੀਆਂ ਅਤੇ ਬੁੱਢੀਆਂ ਖੁੱਲ੍ਹੀ ਗਲੀ ਵਿਚ ਜਾਂ ਕਿਸੇ ਦੇ ਵੱਡੇ ਵਿਹੜੇ ਵਿਚ ਇਕੱਠੀਆਂ ਹੋਕੇ ਆਪਣਾ-ਆਪਣਾ ਚਰਖਾ ਡਾਹ ਲੈਂਦੀਆਂ ਸਨ ਤਾਂ ਉਨ੍ਹਾਂ ਵਿਚ ਮੁਕਾਬਲਾ ਹੋਣਾ ਸੁਭਾਵਿਕ ਸੀ | ਜਿੱਥੇ ਬਹਿ ਕੇ ਚਰਖਾ ਕੱਤਿਆ ਜਾਂਦਾ ਸੀ, ਉਸ ਥਾਂ ਨੂੰ ਤਿ੍ੰਝਣ ਕਿਹਾ ਜਾਂਦਾ ਸੀ | ਤਿ੍ੰਝਣ ਵਿਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ-ਬੁਣਾਈ ਦਾ ਕੰਮ ਅਤੇ ਗੀਤ-ਬੋਲੀਆਂ ਆਦਿ ਗਾਇਆ ਕਰਦੀਆਂ ਸਨ |
ਬੇੜੀ ਦਾ ਪੂਰ ਤਿ੍ੰਝਣ ਦੀਆਂ ਕੁੜੀਆਂ
ਸਬੱਬ ਨਾਲ ਹੋਣ ਕੱਠੀਆਂ |
ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ
ਚੰਨਣ ਦਾ |
ਬਜ਼ਾਰ ਵਿਕੇਂਦੀ ਬਰਫੀ,
ਮੈਨੂੰ ਲੈਦੇ ਨਿੱਕੀ ਜਿਹੀ ਚਰਖੀ,
ਦੁੱਖਾਂ ਦੀਆਂ ਕੱਤਾਂ ਪੂਣੀਆਂ |
ਸਹੁਰੇ ਘਰ ਆਈਆਂ ਕੁੜੀਆਂ ਜਦ ਤਿ੍ੰਝਣ ਵਿਚ ਚਰਖਾ ਕੱਤਦੀਆਂ ਕੱਤਦੀਆਂ ਭਾਵੁਕ ਹੋ ਜਾਂਦੀਆਂ ਸਨ ਤਾਂ ਇਹ ਬੋਲ ਉਨ੍ਹਾਂ ਦੇ ਮੂੰਹੋਂ ਨਿਕਲਦੇ ਸਨ |
ਮਾਂ ਮੇਰੀ ਨੇ ਚਰਖਾ ਦਿੱਤਾ ਵਿਚ ਸੋਨੇ ਦੀਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਦੇਖਾਂ |
ਜਦ ਉਹੀ ਮੁਟਿਆਰ ਪੇਕੇ ਹੁੰਦੀ ਹੈ ਤਾਂ ਇੰਝ ਕਹਿੰਦੀ ਹੈ,
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ |
ਚਰਖੇ ਦੇ ਕਾਰਜ ਦਾ ਸੁਨੇਹਾ ਚੜ੍ਹਦੇ ਸੂਰਜ ਵਾਂਗ ਦਿਖਦਾ ਹੈ, ਕਿਰਤ ਹੀ ਪੂਜਾ ਜਾਂ ਸਾਧਨਾ ਹੈ, ਇਹੋ ਸੱਚਾ ਨਾਂਅ ਹੈ | ਚਰਖੇ ਨਾਲ ਕੱਤੇ ਸੂਤ ਨਾਲ ਔਰਤਾਂ ਦਰੀਆਂ, ਖੇਸ ਅਤੇ ਫੁਲਕਾਰੀਆਂ ਬਣਾਉਂਦੀਆਂ ਸਨ | ਘਰ ਦੇ ਮਰਦਾਂ ਨੂੰ ਤਾਂ ਚਰਖੇ ਦੀ ਕੀਮਤ ਦਾ ਉਦੋਂ ਹੀ ਪਤਾ ਲੱਗਦਾ ਸੀ, ਜਦੋਂ ਘਰ ਵਿਚ ਕੋਈ ਪ੍ਰਾਹੁਣਾ ਆਉਂਦਾ ਸੀ, ਉਦੋਂ ਪੇਟੀ ਵਿਚੋਂ ਨਵੀਆਂ ਦਰੀਆਂ-ਖੇਸ ਕੱਢੇ ਜਾਂਦੇ ਸਨ ਜਾਂ ਜਦੋਂ ਕੁੜੀ ਦੇ ਦਾਜ ਵਾਲੀ ਪੇਟੀ ਭਰਨੀ ਹੁੰਦੀ ਸੀ | ਪੰਜਾਬ ਵਿਚ ਰਚੇ ਸਾਹਿਤ ਨਾਲ ਚਰਖੇ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ | ਭਗਤ ਕਬੀਰ ਜੀ ਨੇ ਚਰਖੇ ਨੂੰ ਸ਼ਰੀਰ ਦੇ ਰੂਪਕ ਵਿਚ ਵਰਤਿਆ ਹੈ |
ਜੋ ਚਰਖਾ ਜਰਿ ਜਾਯ ਬੜੇਯਾ ਨਾ ਮਰੇ |
ਮੈਂ ਕਾਤੋਂ ਸੂਤ ਹਜ਼ਾਰ ਚਰਸੁਲਾ ਜਨਿ ਜਰੇ |
ਸ੍ਰੀ ਗੁਰੂ ਨਾਨਕ ਬਾਣੀ ਵਿਚ ਚਰਖਾ” ਸ਼ਬਦ ਦੀ ਸਧਾਰਨ ਅਰਥ ਵਿਚ ਵਰਤੋਂ ਹੋਈ ਹੈ
ਕੋਲੂ ਚਰਖਾ ਚੱਕੀ ਚੱਕ,
ਥਲ ਵਾਰੋਲੇ ਬਹੁਤੁ ਅਨੰਤੁ¨
ਸੂਫੀਆਂ ਨੇ ਤਾਂ ਚਰਖੇ ਅਤੇ ਇਸਦੇ ਹਰ ਇਕ ਅੰਗ ਨੂੰ ਆਪਣੀਆਂ ਕਾਫੀਆਂ ਵਿਚ ਪ੍ਰਮੁੱਖ ਥਾਂ ਦਿੱਤੀ ਹੈ, ਸ਼ਾਹ ਹੁਸੈਨ ਲਿਖਦਾ ਹੈ:
ਅਨੀ ਸਹੀਓ ਨੀ, ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋਹੜੇ ਰੁਲਦੇ,
ਹਥਿ ਵਿਚ ਰਹਿ ਗਈ ਜੁੱਟੀ,
ਭਲਾ ਭਇਆ ਮੇਰਾ ਚਰਖਾ ਭੰਨਾ,
ਮੇਰੀ ਜਿੰਦ ਅਜਾਬੋਂ, ਛੁੱਟੀ |
ਤੇਰੇ ਅੱਗੇ ਅੱਗੇ ਚਰਖਾ, ਪਿੱਛੇ ਪਿੱਛੇ ਪੀਹੜਾ,
ਕੱਤਣੀ ਹੈ ਹਾਲ ਭਲੇਰੇ ਕਿਉਂ |
ਘੁੰਮ ਵੇ ਚਰਖੜਿਆ ਤੇਰੇ ਕੱਤਣ ਵਾਲੀ ਜੀਵੇ |
ਚਰਖਾ ਬੋਲੇ ਸਾੲੀਂ ਸਾਈਾ, ਬਾਇੜ ਬੋਲੇ ਤੂੰ |
ਕਹੈ ਹੁਸੈਨ ਫਕੀਰ ਸਾਈਾ ਦਾ, ਮੈਂ ਨਾਹੀ ਸਭ ਤੂੰ |
ਬੁੱਲ੍ਹੇ ਸ਼ਾਹ ਨੇ ਵੀ ਚਰਖੇ ਨੂੰ ਆਪਣੀ ਕਾਵਿ ਰਚਨਾ ਵਿਚ ਮਨਭਾਉਂਦੇ ਰੂਪਕ ਵਜੋਂ ਵਰਤਿਆ ਹੈ ਜਿਵੇ:-
1) ਤੂੰ ਸੁੱਤਿਆਂ ਉਮਰ ਵੰਜਾਈ ਏ,
ਤੂੰ ਚਰਖੇ ਤੰਦ ਨਾ ਪਾਈ ਏ |
ਕੀ ਕਰਸੇਂ ਦਾਜ ਤਿਆਰ ਨੀ,
ਉੱਠ ਜਾਗ ਘੁਰਾੜੇ ਮਾਰ ਨਹੀਂ |
2) ਚਰਖਾ ਮੁਫਤ ਤੇਰੇ ਹੱਥ ਆਇਆ,
ਪੱਲਿਓਾ ਨਾਹੀਂ ਕੁਝ ਖੋਲ੍ਹ ਗਵਾਇਆ |
ਚਰਖਾ ਤੇਰਾ ਰੰਗ ਰੰਗੀਲਾ,
ਰੀਸ ਕਰੇਂਦਾ ਸਭ ਕਬੀਲਾ |
ਇਸ ਚਰਖੇ ਦੀ ਕੀਮਤ ਭਾਰੀ,
ਤੂੰ ਕੀ ਜਾਣੇ ਕਦਰ ਗਵਾਰੀ |
ਐਸਾ ਚਰਖਾ ਘੜਨਾ ਨਾਹੀਂ ਫੇਰ ਕਿਸੇ ਤਰਖਾਣ ਕੁੜੇ |
ਕਰ ਕੱਤਣ ਵੱਲ ਧਿਆਨ ਕੁੜੇ |
3) ਗਮਾਂ ਵਾਲਾ ਚਰਖਾ ਤੇ ਦੁੱਖਾਂ ਦੀਆਂ ਪੂਣੀਆਂ
ਮੈਂ ਜਿਉਂ ਜਿਉਂ ਕੱਤੀ ਜਾਵਾਂ ਨੀ ਹੋਣ ਪਈਆਂ ਦੁਣੀਆਂ |
ਕਿੱਸਾਕਾਰਾਂ ਨੇ ਵੀ ਚਰਖੇ ਨੂੰ ਆਪਣੇ ਕਿੱਸਿਆਂ ਵਿਚ ਪ੍ਰਮੁੱਖ ਥਾਂ ਦਿੱਤੀ ਹੈ, ਸਾਧੂ ਦਯਾ ਸਿੰਘ ਲਿਖਦਾ ਹੈ:-
ਚਰਖਾ ਏਸ ਕਲਬੂਤ ਦਾ ਭੱਜ ਜਾਣਾ,
ਟੁੱਟ ਜਾਵਣੇ ਦਮਾਂ ਦੇ ਤੰਦ ਬੰਦੇ |
ਪੰਜਾਬੀ ਲੋਕ ਗੀਤਾਂ ਵਿਚ ਚਰਖੇ ਦੀ ਵੰਨਗੀ ਦੇਖੋ:-
ਜੋਗੀ ਉੱਤਰ ਪਹਾੜੋਂ ਆਇਆ,
ਚਰਖੇ ਦੀ ਘੂਕ ਸੁਣ ਕੇ |
ਇਕ ਤੇਰਾ ਰੰਗ ਮੁਸ਼ਕੀ ਦੂਜਾ ਡਾਹ ਲਿਆ ਗਲੀ ਦੇ ਵਿਚ ਚਰਖਾ |
ਤੰਦ ਤੇਰਿਆਂ ਦੁੱਖਾਂ ਦੀ ਪਾਵਾਂ,
ਚਰਖਾ ਮੈਂ ਆਪਣਾ ਕੱਤਾਂ |
ਅੰਤ ਵਿਚ ਇਹ ਅੱਖਰ ਮੈਂ ਆਪਣੇ ਅੱਥਰੂਆਂ ਦੀ ਸਿਆਹੀ ਨਾਲ ਲਿਖ ਰਹੀ ਹਾਂ | ਭਾਵੇਂ ਅੱਜ ਚਰਖਾ ਸਾਡੇ ਘਰਾਂ ਵਿਚੋਂ ਖ਼ਤਮ ਹੋ ਚੁੱਕਾ ਹੈ, ਪਰ ਚਰਖਾ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਵੱਡਮੁੱਲਾ ਪ੍ਰਤੀਕ ਬਣਿਆ ਰਹੇਗਾ | ਭਾਵੇਂ ਚਰਖਾ ਇਕ ਨਿਰਜੀਵ ਵਸਤੂ ਹੈ, ਪਰ ਪੰਜਾਬੀ ਸਾਹਿਤ, ਸੱਭਿਆਚਾਰ ਵਿਚ ਇਹ ਪੂਰੀ ਤਰਾਂ ਜਿਊਾਦਾ ਅਤੇ ਜਾਗਦਾ ਹੈ | ਚਰਖਾ ਪੰਜਾਬੀ ਔਰਤ ਦੇ ਮਾਨ ਸਨਮਾਨ ਦਾ ਪ੍ਰਤੀਕ ਹੈ | ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰ ਨਾਲ ਗੱਲਾਂ ਕਰਦਾ ਅਤੇ ਉਸਦੇ ਹਰ ਦੁੱਖ-ਸੁੱਖ ਦਾ ਭਾਈਵਾਲ ਬਣ ਕੇ ਉਨ੍ਹਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ |
-ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ. ਸੈਕੰ. ਸਕੂਲ ਧੂਰੀ-148024, ਜ਼ਿਲ੍ਹਾ ਸੰਗਰੂਰ |
ਮੋਬਾਈਲ : 98143-41746