ਕਿਰਤ ਕਲਾ ਦਾ ਜੋ ਵਿਗਿਆਨ,

ਵਿਸ਼ਵਕਰਮਾ ਜੀ ਦੀ ਦੇਣ ਮਹਾਨ |
ਅੰਬਰਾਂ ਵਿਚ ਜਹਾਜ਼ ਜੋ ਘੁੰਮਦੇ,
ਨੀਲ-ਗਗਨ ਦੇ ਤਾੲੀਂ ਚੁੰਮਦੇ,
ਪਣਡੁੱਬੀਆਂ ਤੇ ਸਾਗਰੀ ਬੇੜੇ,
ਵਿਚ ਸਮੁੰਦਰਾਂ ਲਾਉਣ ਜੋ ਗੇੜੇ,
ਵਿਸ਼ਵਕਰਮਾ ਜੀ ਦਾ ਵਰਦਾਨ... |
ਉਪ-ਗ੍ਰਹਿ ਬ੍ਰਹਿਮੰਡ ਜੋ ਗਾਹੁੰਦੇ,
ਪਲ ਪਲ ਦੀ ਜੋ ਖ਼ਬਰ ਪਹੁੰਚਾਉਂਦੇ,
ਤੋਪਾਂ, ਰਾਕਟ, ਟੈਂਕ, ਮਿਜ਼ਾਈਲਾਂ,
ਨਹੀਂ ਤਾਂ ਬਣਨੀਆਂ ਸੀ ਵਿਚ ਫਾਈਲਾਂ
ਜੇ ਨਾ ਮਿਲਦਾ ਤਕਨੀਕੀ ਗਿਆਨ... |
ਹਾਮੀ ਭਰਦੇ ਵੇਦ ਪੁਰਾਣ,
ਹਰ ਮਿਸਤਰੀ, ਹਰ ਇਨਸਾਨ |
ਇਮਾਰਤਸਾਜ਼ੀ ਦਾ ਨਮੂਨਾ,
ਵੱਡੀਆਂ ਮਿੱਲਾਂ ਅਤੇ ਮਕਾਨ
ਔਜ਼ਾਰ, ਮਸ਼ੀਨਾਂ ਅਤੇ ਸਮਾਨ... |
ਵੱਡੀਆਂ ਮਿੱਲਾਂ ਡੈਮ ਉਸਾਰੇ,
ਰੇਲਵੇ ਲਾਈਨਾਂ ਪਾਸੇ ਚਾਰੇ,
ਵਿਚ ਪਹਾੜਾਂ ਖੋਦ ਸੁਰੰਗਾਂ,
ਲੰਮੇ ਪੰਧ ਘਟਾ ਤੇ ਸਾਰੇ
ਦਸਤਕਾਰੀ ਦੀ ਕਲਾ ਮਹਾਨ... |
ਜ਼ੁਲਮ ਦੇ ਖ਼ਾਤਮੇ ਲਈ ਸਾਮਾਨ,
ਚਾਰੇ ਤੀਰ ਚਾਹੇ ਕਿਰਪਾਨ
ਬਾਬਾ ਜੀ ਦੀ ਕਿਰਪਾ ਸਦਕਾ,
ਸੱਤ ਅਜੂਬਿਆਂ ਦਾ ਨਿਰਮਾਣ
ਮਾਣ ਹੈ ਕਰਦਾ ਕੁੱਲ ਜਹਾਨ... |
ਵਿਸ਼ਵਕਰਮਾ ਦਿਵਸ ਮਨਾਈਏ,
ਕਿਰਤ ਦੇਵਤਾ ਦੇ ਗੁਣ ਗਾਈਏ
'ਓਹੜਪੁਰੀ' ਹਰਵਿੰਦਰਾ ਮਿਲ ਕੇ,
ਨਵੇਂ ਪੂਰਨੇ ਜੱਗ 'ਤੇ ਪਾਈਏ |
ਮੁਸ਼ਕਿਲ ਪੈਂਡੇ ਹੋਣ ਅਸਾਨ,
ਬਾਬਾ ਜੀ ਦਾ ਕਰੋ ਗੁਣਗਾਨ |