ਦੀਵਿਆਂ ਦੀ ਰੋਸ਼ਨੀ ਦਾ ਤਿਉਹਾਰ ਭਾਰਤ ਵਿਚ ਹਿੰਦੂਆਂ ਅਤੇ ਸਿੱਖਾਂ ਵਲੋਂ ਸਾਂਝੇ ਤੌਰ ਤੇ ਹਰੇਕ ਸਾਲ ਮਨਾਇਆ ਜਾਂਦਾ ਹੈ | ਪੁਰਾਤਨ ਪਰੰਪਰਾ ਅਨੁਸਾਰ ਇਸ ਖੁਸ਼ੀ ਦੇ ਦਿਹਾੜੇ ਸ਼ੁਰੂ ਵਿਚ ਘਿਉ ਦੇ ਦੀਵੇ ਬਾਲ ਕੇ ਆਪਣੇ ਘਰਾਂ ਉੱਪਰ ਰੋਸ਼ਨੀ ਕਰਕੇ ਖੁਸ਼ੀ ਦਾ ਇਜਹਾਰ ਕੀਤਾ ਜਾਂਦਾ ਸੀ | ਹੌਲੀ-ਹੌਲੀ ਮੋਮਬਤੀਆਂ, ਬਿਜਲੀ ਬਲਬ ਆਦਿ ਨਾਲ ਘਰਾਂ ਨੂੰ , ਧਾਰਮਿਕ ਅਸਥਾਨਾਂ ਆਦਿ ਨੂੰ ਰੁਸ਼ਨਾਇਆ ਜਾਣ ਲੱਗਾ | ਪਿਛਲੇ ਸਮੇਂ ਤੋਂ ਇਸ ਦੇ ਨਾਲ ਪਟਾਕੇ ਆਦਿ ਚਲਾਉਣ ਦਾ ਰੁਝਾਣ ਵੱਧ ਰਿਹਾ ਹੈ ਜਿਨ੍ਹਾਂ ਦਾ ਪੋਟਾਸ਼ ਹਵਾ ਪੁਲੀਤ ਕਰਦਾ ਹੈ ਜਿਸ ਨਾਲ ਸਾਹ ਲੈਣਾ ਔਖਾ ਹੁੰਦਾ ਹੈ | ਬਹੁਤ ਸਾਰੇ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਪੀੜ੍ਹਤ ਹੋਣ ਕਰਕੇ ਹੋਰ ਵੀ ਔਖ ਮਹਿਸੂਸ ਕਰਨ ਲੱਗਦੇ ਹਨ | ਆਮ ਲੋਕਾਂ ਨੂੰ ਵੀ ਕਈ ਬਿਮਾਰੀਆਂ ਡਾਕਟਰਾਂ ਕੋਲ ਪਹੁੰਚਾ ਦਿੰਦੀਆਂ ਹਨ | ਮਰੀਜ਼ਾਂ ਦੀ ਗਿਣਤੀ ਇਨ੍ਹਾਂ ਦਿਨਾਂ 'ਚ ਵੱਧ ਜਾਂਦੀ ਹੈ | ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਘਰੋਂ ਬਾਹਰ ਨਿਕਲਣਾ ਔਖਾ ਹੁੰਦਾ ਹੈ |

ਇਸ ਦਿਨ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਫੂਕ ਕੇ ਪੈਸੇ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਪਰ ਲੋਕਾਂ ਦੀ ਸਿਹਤ ਉੱਪਰ ਮਾੜੇ ਪ੍ਰਭਾਵ ਵੀ ਪੈਂਦੇ ਜਿਸ ਲਈ ਆਪਾਂ ਸਾਰੇ ਹੀ ਜ਼ਿੰਮੇਵਾਰ ਹਾਂ | ਨਵ-ਜੰਮੇ ਬੱਚਿਆਂ ਲਈ ਇਹ ਪ੍ਰਦੂਸ਼ਨ ਹੋਰ ਵੀ ਖਤਰਨਾਕ ਸਿੱਧ ਹੁੰਦਾ ਹੈ | ਅੱਜ ਕਲ੍ਹ ਬਾਜ਼ਾਰਾਂ ਵਿਚ ਵੱਡੇ-ਵੱਡੇ ਪਟਾਕੇ, ਅਨਾਰ, ਰੋਸ਼ਨੀਆਂ ਆਦਿ ਮਿਲਦੇ ਹਨ ਜੋ ਬੱਚਿਆਂ ਦੇ ਹੱਥਾਂ 'ਚ ਦੇਣੇ ਖ਼ਤਰੇ ਤੋਂ ਬਾਹਰ ਨਹੀਂ | ਕਈ ਵਾਰੀ ਛੋਟੇ ਬੱਚੇ ਚੋਰੀ ਛਿਪੇ ਇਹ ਘਾਤਕ ਆਤਸ਼ਬਾਜ਼ੀ ਖਰੀਦ ਲੈਂਦੇ ਹਨ ਜਾਂ ਘਰੋਂ ਖਰੀਦ ਕੀਤੇ ਇਸ ਸਮਾਨ 'ਚੋਂ ਮਾਪਿਆਂ ਤੋੰ ਅੱਖ ਬਚਾ ਕੇ ਚੁੱਕ ਲੈਂਦੇ ਹਨ | ਇਸ ਤਰ੍ਹਾਂ ਉਹ ਜਦੋਂ ਇਨ੍ਹਾਂ ਨੂੰ ਚਲਾਉਂਦੇ ਹਨ ਤਾਂ ਕਈ ਹਾਦਸੇ ਵਾਪਰ ਜਾਂਦੇ ਹਨ | ਕਈ ਹੱਥ ਸਾੜ ਲੈਂਦੇ ਹਨ, ਇਥੋਂ ਤੱਕ ਕਈ ਅੱਖਾਂ ਦੀ ਜੋਤ ਤੋਂ ਵਿਹੂਣੇ ਵੀ ਹੋ ਜਾਂਦੇ ਹਨ | ਕਈਆਂ ਦੇ ਕੰਨਾਂ ਦੇ ਪਰਦੇ ਉੱਚੀ ਆਵਾਜ਼ ਕਾਰਨ ਖ਼ਰਾਬ ਹੋ ਜਾਂਦੇ ਹਨ | ਇਸ ਤਰ੍ਹਾਂ ਇਹ ਖੁਸ਼ੀ ਦਾ ਦਿਨ ਉਨ੍ਹਾਂ ਲਈ ਸਰਾਪ ਬਣ ਜਾਂਦਾ ਹੈ | ਸੋ, ਮਾਪਿਆਂ ਨੂੰ ਇਨ੍ਹਾਂ ਦਿਨਾਂ ਵਿਚ ਆਪਣੇ ਬੱਚਿਆਂ ਨੂੰ ਸੁਚੇਤ ਤਾਂ ਕਰਨਾ ਹੀ ਨਹੀਂ ਚਾਹੀਦਾ ਹੈ ਸਗੋਂ ਉਨ੍ਹਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ | ਕਈ ਵਾਰੀ ਤਾਂ ਵੱਡੇ ਵੀ ਇਸ ਆਤਿਸ਼ਬਾਜ਼ੀ ਦੇ ਸ਼ਿਕਾਰ ਹੋ ਜਾਂਦੇ ਹਨ ਕਿਉਂ ਕਿ ਕਿਸੇ ਵੀ ਪਟਾਕੇ, ਅਨਾਰ, ਚੱਕਰੀ ਆਦਿ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਹ ਸਹੀ ਚਲੇਗਾ, ਅਚਾਨਕ ਇਹ ਧਮਾਕਾ ਕਰ ਸਕਦੀ ਹੈ |
ਹਰ ਸਾਲ ਹਸਪਤਾਲਾਂ 'ਚ ਐਮਰਜੈਂਸੀ ਵਿਚ ਦੀਵਾਲੀ ਵਾਲੀ ਰਾਤ ਬਹੁਤ ਸਾਰੇ ਪਟਾਕਿਆਂ ਨਾਲ ਹਾਦਸਾ ਗ੍ਰਸ਼ਤ ਹੋਏ ਬੱਚੇ ਅਤੇ ਵੱਡੇ ਵੀ ਆਉਂਦੇ ਦਿਖਾਈ ਦਿੰਦੇ ਹਨ | ਸਕੂਲਾਂ ਦੇ ਬਹੁਤ ਸਾਰੇ ਬੱਚੇ ਪਿੰਡਾਂ, ਸ਼ਹਿਰਾਂ ਆਦਿ ਵਿਚ ਪ੍ਰਦੂਸ਼ਨ-ਰਹਿਤ ਦੀਵਾਲੀ ਮਨਾਉਣ ਲਈ ਰੈਲੀਆਂ ਵੀ ਕੱਢਦੇ ਹਨ ਜੋ ਸਕੂਲਾਂ ਦੇ ਪ੍ਰਬੰਧਕਾਂ ਦਾ ਵਧੀਆ ਉਪਰਾਲਾ ਹੈ | ਇਸ ਤਰ੍ਹਾਂ ਭਵਿੱਖ ਵਿਚ ਜਰੂਰ ਇਸ ਦਾ ਅਸਰ ਦਿਖਾਈ ਦੇਵੇਗਾ | ਸੋ ਸਾਨੂੰ ਸਾਰਿਆਂ ਨੂੰ ਇਸ ਪ੍ਰਪੰਰਾ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ |
ਜੇ ਖਾਣ ਪੀਣ ਦੀਆਂ ਵਸ਼ਤਾਂ ਦੀ ਗੱਲ ਕਰੀਏ ਇਨ੍ਹਾਂ ਦਿਨਾਂ ਵਿਚ ਤਾਜ਼ੀ ਮਠਿਆਈ ਮਿਲਣੀ ਸੌਖੀ ਨਹੀਂ ਹੁੰਦੀ ਕਿਉਂ ਕਿ ਲੋਕਾਂ ਦੀ ਮੰਗ ਅਨੁਸਾਰ ਇਕ ਦਿਨ ਵਿਚ ਵੱਡੀ ਮਿਕਦਾਰ 'ਚ ਮਠਿਆਈ ਤਿਆਰ ਕਰਨਾ ਅਸੰਭਵ ਹੈ | ਸਾਨੂੰ ਮਿਲਾਵਟੀ ਅਤੇ ਬੇਹੀ ਮਠਿਆਈ ਹੀ ਮਿਲੇਗੀ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ | ਜੇ ਹੋ ਸਕੇ ਤਾਂ ਘਰ ਹੀ ਮਿੱਠੇ ਨਮਕੀਨ ਪਕਵਾਨ ਤਿਆਰ ਕਰ ਲੈਣੇ ਚਾਹੀਦੇ ਹਨ ਜੋ ਕਿ ਪਹਿਲਾਂ ਸਾਡੇ ਘਰਾਂ 'ਚ ਬਣਦੇ ਹੁੰਦੇ ਸੀ | ਘਰ ਦਾ ਖੋਆ, ਲੱਡੂ, ਮੱਠੀਆਂ ਆਦਿ ਦੀ ਕੀ ਰੀਸ ਸੀ, ਕਿੰਨੇ ਕਿੰਨੇ ਦਿਨ ਖਰਾਬ ਨਹੀਂ ਹੁੰਦੇ ਸਨ | ਪਰ ਹੁਣ ਆਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਆਦਿ ਨੂੰ ਮਠਿਆਈ ਦੇ ਡੱਬੇ ਦੇਣ ਦਾ ਰੁਝਾਣ ਵਧ ਗਿਆ ਹੈ ਜੋ ਕਿ ਖਾਧਾ ਘੱਟ ਪਰ ਬਰਬਾਦ ਜ਼ਿਆਦਾ ਹੁੰਦਾ ਹੈ | ਇਸ ਨਾਲੋਂ ਡਰਾਈ ਫਰੂਟ ਦੇਣਾ ਚੰਗਾ ਹੈ ਪਰ ਇਸ ਨੂੰ ਵੀ ਧਿਆਨ ਨਾਲ ਖਰੀਦੋ, ਇਹੋ ਜਿਹੇ ਸਮੇਂ ਗਿਫਟਾਂ 'ਚ ਆਪਾਂ ਪੈਕ ਕਰਵਾ ਲੈਂਦੇ ਹਾਂ ਕਈ ਵਾਰੀ ਪੁਰਾਣਾ ਮਾਲ ਹੀ ਪੈਕ ਦੁਕਾਨਦਾਰ ਕਰ ਦਿੰਦੇ ਹਨ | ਇਹ ਬਦਾਮ, ਕਾਜੂਆਂ 'ਚ ਕਈ ਵਾਰ ਕੀੜਾ ਵੀ ਹੁੰਦਾ ਹੈ ਸੋ ਸਾਨੂੰ ਪਹਿਲਾਂ ਚੰਗੀ ਤਰ੍ਹਾਂ ਪਰਖ ਕਰ ਲੈ ਲੈਣੀ ਚਾਹੀਦੀ ਹੈ | ਇਹੋ ਜਿਹੇ ਗਿਫਟ ਦਿੱਤੇ ਕਿਸੇ ਦੇ ਵੀ ਕੰਮ ਦੇ ਨਹੀਂ ਹੁੰਦੇ | ਸੋ ਬੱਚਿਆਂ ਨੂੰ ਮਾਪਿਆਂ ਵਲੋਂ ਸ਼ੁਰੂ ਤੋਂ ਉਨ੍ਹਾਂ ਦੇ ਮਨਾਂ ਵਿਚ ਖਾਣ ਪ੍ਰਤੀ ਜਾਗਰੂਕ ਕਰਕੇ ਬਾਹਰਲੀਆਂ ਖਾਣ ਪੀਣ ਦੀਆਂ ਵਸਤਾਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਚਾਹੀਦਾ ਹੈ | ਸੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਰੋਕਣ ਲਈ ਸਖਤ ਕਦਮ ਸਰਕਾਰ ਨੂੰ ਚੁੱਕਣੇ ਚਾਹੀਦੇ ਹਨ |
-ਮੋਬਾਈਲ : 70096-74242