ਕਿਰਤ ਤਿੰਨ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਹੈ | ਪਰ ਸਾਡੀ ਜ਼ਿੰਦਗੀ ਵਿਚ ਕਿਰਤ ਦੀ ਮਹੱਤਤਾ ਬਹੁਤ ਵੱਡੀ ਹੈ | ਹਰ ਹੱਥ ਨੂੰ ਮਿਲੇ ਕਿਰਤ, ਸਮੂਹ ਮਾਨਵਤਾ ਲਈ ਉਪਦੇਸ਼ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਦੀਵਾਲੀ ਤੋਂ ਅਗਲੇ ਦਿਨ ਹਰ ਵਰਗ ਦੇ ਲੋਕਾਂ ਵਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਜਿਵੇਂ ਕਿ ਸੂਈ ਤੋਂ ਲੈ ਕੇ ਸਮੁੰਦਰੀ ਜਹਾਜ਼ ਤੱਕ, ਛੋਟੇ ਜਿਹੇ ਘਰ ਤੋਂ ਲੈ ਕੇ ਅਸਮਾਨ ਨੂੰ ਛੂਹਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ, ਸਾਡੇ ਕੰਮ ਧੰਦੇ ਤੇ ਹਰ ਤਰ੍ਹਾਂ ਦੀਆਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ, ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਸਨਅਤਾਂ ਰਾਹੀਂ ਮਸ਼ੀਨਰੀ ਤੇ ਔਜਰ ਨਾਲ ਤਿਆਰ ਹੋ ਕੇ ਹੀ ਸਾਨੂੰ ਪ੍ਰਾਪਤ ਹੋਇਆਂ ਹਨ, ਜਿਸ ਕਰਕੇ ਅਸੀਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਹੇ ਹਾਂ | ਇਸ ਕਰਕੇ ਜੋ ਵੀ ਸਨਅਤਾਂ ਵਿਚ ਕਿਰਤੀਆਂ ਵਲੋਂਾ ਵਰਤੀ ਜਾਂਦੀ ਮਸ਼ੀਨਰੀ ਅਤੇ ਔਜ਼ਾਰ ਹਨ | ਇਹ ਸਭ ਕੁਝ ਬਾਬਾ ਵਿਸ਼ਵਕਰਮਾ ਜੀ ਦੀ ਦੇਣ ਮੰਨੀ ਜਾਂਦੀ ਹੈ |

ਭਾਵੇਂ ਕਿ ਕੁਦਰਤ ਵਲੋਂ ਮਨੁੱਖ ਦੀ ਜੂਨੀ ਨੂੰ ਉੱਤਮ ਮੰਨਿਆ ਹੈ | ਮਨੁੱਖ ਆਪਣੇ ਦਸ ਨਹੁੰਆ ਦੀ ਕਿਰਤ ਕਮਾਈ ਕਰਕੇ ਆਪਣੇ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਕਰ ਸਕੇ | ਤੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਰੱਖ ਕੇ ਲੋੜਵੰਦਾਂ ਦੀ ਵੀ ਮਦਦ ਕਰ ਸਕਦਾ ਹੈ | ਕਿਰਤ, ਮਿਹਨਤ ਤੇ ਤਰੱਕੀ ਮਨੁੱਖ ਦੀ ਜ਼ਿੰਦਗੀ ਦਾ ਗਹਿਣਾ ਹੁੰਦੇ ਹਨ | ਪਿਛਲੇ ਸਮਿਆਂ ਵੱਲ ਦੇਖਿਆ ਜਾਵੇ ਸੇਵਾ, ਕਿਰਤ, ਦਸਵੰਧ, ਦਇਆ, ਸਬਰ-ਸੰਤੋਖ, ਪ੍ਰੇਮ ਤੇ ਨਿਮਰਤਾ ਅਜਿਹੇ ਗੁਣਾਂ ਨਾਲ ਮਨੁੱਖ ਭਰੇ ਪਏ ਹੁੰਦੇ ਸਨ | ਪਰ ਅੱਜ ਸਾਡੀ ਨੌਜਵਾਨ ਪੀੜ੍ਹੀ ਅਜਿਹੇ ਗੁਣਾਂ ਤੋਂ ਦੂਰ ਹੁੰਦੀ ਜਾ ਰਹੀ ਹੈ | ਜੋ ਵੀ ਅੱਜ ਸਾਨੂੰ ਜ਼ਿੰਦਗੀ ਦੇ ਸੁਖਰਾਮ ਲਈ ਸਾਧਨ ਪ੍ਰਾਪਤ ਹੋਏ ਹਨ, ਇਹ ਕੋਈ ਕਿਸੇ ਰਾਸਤੇ ਚੋਂ ਲੱਭੇ ਹੋਏ ਨਹੀਂ ਮਿਲੇ | ਇਹ ਵੀ ਕਿਸੇ ਤਰ੍ਹਾਂ ਸਨਅਤਾਂ ਰਾਹੀਂ ਕਿਰਤੀਆਂ ਦੇ ਹੱਥਾਂ ਵਿਚੋਂ ਲੰਘ ਕੇ ਆਏ ਹਨ | ਇਸ ਕਰਕੇ ਬਾਬਾ ਵਿਸ਼ਵਕਰਮਾ ਜੀ ਨੂੰ ਸਿ੍ਸ਼ਟੀ ਨੂੰ ਸ਼ਿੰਗਾਰਨ ਵਾਲੇ ਕਿਹਾ ਗਿਆ ਹੈ | ਇਸ ਸ਼ੁੱਭ ਦਹਾੜੇ 'ਤੇ ਹਰ ਵਰਗ ਦੇ ਲੋਕਾਂ ਵਲੋਂਾ ਆਪਣੀ ਮਸ਼ੀਨਰੀ ਤੇ ਔਜ਼ਾਰਾਂ ਨੂੰ ਧੂਫ-ਬੱਤੀ ਕਰਕੇ ਆਪਣੇ ਕੰਮ ਕਾਰ ਦੀ ਸਫਲਤਾ ਲਈ ਬਾਬਾ ਵਿਸ਼ਵਕਰਮਾ ਜੀ ਅੱਗੇ ਅਰਦਾਸ ਕੀਤੀ ਜਾਂਦੀ ਹੈ |
ਆਓ ਕਾਮ, ਔਗੁਣਾਂ ਨੂੰ ਤਿਆਗ ਕੇ ਸਮਾਜ ਵਿਚ ਦਇਆ ਭਾਵਨਾ, ਪੁੰਨ ਦਾਨ, ਹਮਦਰਦੀ ਤੇ ਮਿਹਨਤ ਕਰਨ ਵਾਲੇ ਕਿਰਤੀ ਲੋਕਾਂ ਦਾ ਸਾਥ ਦਈਏ ਤਾ ਕਿ ਸਾਡੇ ਬੱਚਿਆ ਵਿਚ ਇਹ ਭਾਵਨਾ ਹੋਰ ਮਜ਼ਬੂਤ ਹੋਵੇ ਅਤੇ ਇਸ ਤਰ੍ਹਾਂ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ |
-ਮੋਬਾਈਲ : 98151-53111